ਗੁਰਦੁਆਰਾ ਵਿਭੋਰ ਸਾਹਿਬ ਵਿਖੇ ਭਾਦੋਂ ਅਸ਼ਟਮੀ ਦਾ ਮੇਲਾ ਧੂਮਧਾਮ ਨਾਲ ਸਮਾਪਤ, ਸੈਂਕੜੇ ਸੰਗਤਾਂ ਹੋਈਆਂ ਨਤਮਸਤਕ
Saturday, Sep 23, 2023 - 09:16 PM (IST)

ਨੰਗਲ (ਚੋਵੇਸ਼ ਲਟਾਵਾ) : ਸਤਲੁਜ ਦਰਿਆ ਦੇ ਕੰਢੇ ਸਥਿਤ ਇਤਿਹਾਸਕ ਗੁਰਦੁਆਰਾ ਵਿਭੋਰ ਸਾਹਿਬ ਵਿਖੇ ਭਾਦੋਂ ਅਸ਼ਟਮੀ ਮੌਕੇ ਕਰਵਾਇਆ ਗਿਆ ਵਿਸ਼ਾਲ ਤਿੰਨ ਰੋਜ਼ਾ ਧਾਰਮਿਕ ਸਮਾਗਮ ਧੂਮਧਾਮ ਨਾਲ ਸੰਪੰਨ ਹੋ ਗਿਆ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਸੈਂਕੜੇ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਹਿਮਾਚਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਗੁਰਵਿੰਦਰ ਸਿੰਘ ਗੋਗੀ, ਗੁਰਦੀਪ ਸਿੰਘ ਬਾਵਾ, ਜਤਿੰਦਰਪਾਲ ਸਿੰਘ, ਠੇਕੇਦਾਰ ਰਜਿੰਦਰਾ ਸਿੰਘ, ਸ਼ਰਨਜੀਤ ਸਿੰਘ, ਕਰਨੈਲ ਸਿੰਘ, ਜਸਪਾਲ ਸਿੰਘ, ਅਮਰਜੀਤ ਸਿੰਘ, ਹਰਵਿੰਦਰ ਸਿੰਘ, ਬਾਬਾ ਪ੍ਰੇਮ ਸਿੰਘ ਭੱਲੜੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪਾਠ ਦੇ ਭੋਗ ਪਾਏ ਗਏ, ਉਪਰੰਤ ਸਜਾਏ ਗਏ ਦੀਵਾਨਾਂ ਵਿੱਚ ਸਿੱਖ ਪੰਥ ਦੇ ਮਹਾਨ ਕੀਰਤਨੀ ਅਤੇ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਗਾਇਨ ਕਰਕੇ ਨਿਹਾਲ ਕੀਤਾ।
ਇਹ ਵੀ ਪੜ੍ਹੋ : ਪੰਜਾਬ ਵੇਅਰਹਾਊਸ ਦੇ ਚੇਅਰਮੈਨ ਤੇ ਕਰਮਚਾਰੀਆਂ ਵੱਲੋਂ ਮੁੱਖ ਮੰਤਰੀ ਰਾਹਤ ਫੰਡ 'ਚ 37.95 ਲੱਖ ਰੁਪਏ ਦਾ ਯੋਗਦਾਨ
ਵਰਣਨਯੋਗ ਹੈ ਕਿ ਸ਼ਿਵਾਲਿਕ ਪਹਾੜੀਆਂ ਦੀ ਗੋਦ 'ਚ ਅਤੇ ਸਤਲੁਜ ਦਰਿਆ ਦੇ ਕੰਢੇ 'ਤੇ ਸਥਿਤ ਗੁਰਦੁਆਰਾ ਵਿਭੋਰ ਸਾਹਿਬ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਪੱਸਿਆ ਸਥਾਨ ਵਜੋਂ ਪ੍ਰਸਿੱਧ ਹੈ ਅਤੇ ਇਸ ਸਥਾਨ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਸਾਲ ਬਿਤਾਏ ਸਨ ਅਤੇ 13 ਮਹੀਨੇ, 13 ਦਿਨ, 13 ਘੰਟੇ ਤੇ 13 ਪਲ ਤਪੱਸਿਆ ਕਰਦਿਆਂ ਚੌਪਈ ਸਾਹਿਬ ਦੀ ਰਚਨਾ ਕੀਤੀ। ਅੱਜ ਦੇ ਦਿਨ ਹੀ ਗੁਰੂ ਜੀ ਨੇ ਚੌਪਈ ਸਾਹਿਬ ਦਾ ਪਾਠ ਸੰਗਤਾਂ ਨੂੰ ਭੇਟ ਕੀਤਾ। ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਇੱਥੇ ਤਿੰਨ ਰੋਜ਼ਾ ਜੋੜ ਮੇਲਾ ਲਗਾਇਆ ਜਾਂਦਾ ਹੈ। ਦਰਅਸਲ, ਗੁਰਦੁਆਰਾ ਬਿਭੌਰ ਸਾਹਿਬ ਵਿਖੇ ਹਰ ਰੋਜ਼ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਪਰ ਇਸ ਦਿਨ ਵਿਸ਼ੇਸ਼ ਤੌਰ 'ਤੇ ਮਾਲ੍ਹ ਪੂੜੇ, ਖੀਰ, ਚਾਹ, ਪਕੌੜਿਆਂ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਸੰਗਤਾਂ ਨੂੰ ਵਰਤਾਇਆ ਜਾਂਦਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8