ਭੀਖ ਮੰਗਣ ਵਾਲੀਆਂ ਔਰਤਾਂ ਦਾ ਗਿਰੋਹ ਚੋਰੀ ਦੀਆਂ ਵਾਰਦਾਤਾਂ ਨੂੰ ਦੇ ਰਿਹੈ ਅੰਜਾਮ

1/1/2021 5:17:37 PM

ਜਲੰਧਰ (ਮਹੇਸ਼) : ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਖਾਸਕਰ ਰਾਮਾ ਮੰਡੀ ਅਤੇ ਪੀ. ਏ. ਪੀ. ਚੌਕ ਵਿਚ ਅਕਸਰ ਖੜ੍ਹੀਆਂ ਰਹਿੰਦੀਆਂ ਭੀਖ ਮੰਗਣ ਵਾਲੀਆਂ ਔਰਤਾਂ ਦਾ ਗਿਰੋਹ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਇਸ ਦੀ ਤਾਜ਼ਾ ਉਦਾਹਰਣ ਉਸ ਸਮੇਂ ਸਾਹਮਣੇ ਆਈ, ਜਦੋਂ ਪੀ. ਏ. ਪੀ. ਚੌਕ ਵਿਚ ਭੀਖ ਮੰਗਣ ਵਾਲੀਆਂ ਖੜ੍ਹੀਆਂ 4-5 ਔਰਤਾਂ ਨੇ ਬੱਸ ਵਿਚ ਚੜ੍ਹਨ ਲੱਗੀ ਲੁਧਿਆਣਾ ਨਿਵਾਸੀ ਇਕ ਔਰਤ ਦੇ ਬੈਗ ਵਿਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਮਿਸ਼ਨ ਵਿਚ ਕਾਮਯਾਬ ਨਹੀਂ ਹੋ ਸਕੀਆਂ, ਕਿਉਂਕਿ ਜਿਵੇਂ ਹੀ ਭੀਖ ਮੰਗਣ ਵਾਲੀਆਂ ਔਰਤਾਂ ਨੇ ਬੈਗ ਨੂੰ ਫੜਿਆ ਤਾਂ ਉਕਤ ਔਰਤ ਨੂੰ ਆਪਣੇ ਬੈਗ ਨਾਲ ਛੇੜਛਾੜ ਹੋਣ ਸਬੰਧੀ ਭਿਣਕ ਲੱਗ ਗਈ।

ਬੈਗ ਵਿਚੋਂ ਕੁਝ ਹੇਠਾਂ ਡਿੱਗਣ ਸਬੰਧੀ ਪਤਾ ਲੱਗਦੇ ਹੀ ਉਹ ਬੱਸ ਵਿਚੋਂ ਹੇਠਾਂ ਉਤਰ ਆਈ। ਉਸਨੇ ਉਥੇ ਖੜ੍ਹੇ ਟਰੈਫਿਕ ਪੁਲਸ ਦੇ ਏ. ਐੱਸ. ਆਈ. ਸ਼ਮਸ਼ੇਰ ਸਿੰਘ ਅਤੇ ਰਾਜ ਕੁਮਾਰ ਨੂੰ ਇਸ ਸਬੰਧੀ ਸੂਚਿਤ ਕੀਤਾ ਅਤੇ ਪੁਲਸ ਮੁਲਾਜ਼ਮਾਂ ਨੇ ਭੀਖ ਮੰਗਣ ਵਾਲੀਆਂ ਔਰਤਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਹ ਨਹੀਂ ਮੰਨੀਆਂ ਪਰ ਲੁਧਿਆਣਾ ਨਿਵਾਸੀ ਔਰਤ ਦਾ ਦੋਸ਼ ਸੀ ਕਿ ਉਸਦੇ ਬੈਗ ਵਿਚੋਂ ਇਨ੍ਹਾਂ ਔਰਤਾਂ ਨੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਪੁਲਸ ਨੇ ਭੀਖ ਮੰਗਣ ਵਾਲੀਆਂ ਔਰਤਾਂ ਦੀ ਸ਼ਿਕਾਇਤ ਪੁਲਸ ਕੰਟਰੋਲ ਰੂਮ ’ਤੇ ਦਿੱਤੀ ਅਤੇ ਚੋਰੀ ਦੀ ਕੋਸ਼ਿਸ਼ ਕਰਨ ਵਾਲੀਆਂ ਔਰਤਾਂ ਨੂੰ ਮੌਕੇ ’ਤੇ ਪਹੁੰਚੀ ਸਬੰਧਤ ਥਾਣੇ ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਔਰਤਾਂ ’ਤੇ ਲੱਗੇ ਚੋਰੀ ਦੇ ਦੋਸ਼ ਦੇ ਕੋਈ ਵੀ ਪੁਖਤਾ ਸਬੂਤ ਸਾਹਮਣੇ ਨਾ ਆਉਣ ’ਤੇ ਉਨ੍ਹਾਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਅਤੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ।


cherry

Content Editor cherry