ਲੂਡੋ ਗੇਮ ਖੇਡਣ ਵਾਲੇ ਹੋ ਜਾਣ ਸਾਵਧਾਨ
Monday, Nov 26, 2018 - 04:36 PM (IST)

ਜਲੰਧਰ (ਸ਼ੋਰੀ)– ਅੱਜਕਲ ਆਧੁਨਿਕ ਯੁੱਗ ’ਚ ਸਮਾਰਟ ਫੋਨ ਨੇ ਲੋਕਾਂ ਨੂੰ ਆਪਣਾ ਗੁਲਾਮ ਬਣਾ ਲਿਆ ਹੈ, ਉਪਰੋਂ ਇੰਟਰਨੈੱਟ ਨੇ ਲੋਕਾਂ ਨੂੰ ਦੁਨੀਆ ਨਾਲ ਜੋੜਨ ਦੇ ਨਾਲ ਹੀ ਬੱਚਿਅਾਂ ਤੋਂ ਲੈ ਕੇ ਔਰਤਾਂ ਤੇ ਮਰਦਾਂ ਨੂੰ ਲੋਕਾਂ ਦਾ ਸਾਥ ਛੱਡ ਕੇ ਇਕੱਲੇ ਬੈਠਣ ਲਈ ਮਜਬੂਰ ਕਰ ਦਿੱਤਾ ਹੈ। ਇਕੱਲਾ ਬੈਠ ਕੇ ਵਿਅਕਤੀ ਇੰਟਰਨੈੱਟ ਦੇ ਜ਼ਰੀਏ ਵਟਸਐਪ, ਫੇਸਬੁੱਕ, ਵੀਡੀਓ ਗੇਮਜ਼ ਆਦਿ ਦਾ ਮਜ਼ਾ ਲੈਂਦਾ ਹੈ। ਇੰਟਰਨੈੱਟ ’ਚ ਦਿਲਚਸਪ ਗੇਮ ਵੀ ਲੋਕ ਖੇਡਦੇ ਹਨ ਪਰ ਉਕਤ ਗੇਮ ਸ਼ਰਤ ਲਗਾਉਣ ਵਾਲੇ ਨੂੰ ਸਾਵਧਾਨ ਰਹਿਣਾ ਪਵੇਗਾ ਕਿਉਂਕਿ ਜੋ ਵਿਅਕਤੀ ਆਪਣੇ ਮੋਬਾਇਲ ਫੋਨ ’ਤੇ ਉਨ੍ਹਾਂ ਨੂੰ ਗੇਮ ਸ਼ਰਤ ਲਗਾ ਕੇ ਖਿਡਵਾ ਰਿਹਾ ਹੈ, ਉਹ ਸ਼ਾਤਿਰ ਵਿਅਕਤੀ ਉਸ ਨੂੰ ਕੰਗਾਲ ਵੀ ਕਰ ਸਕਦਾ ਹੈ।
ਜਾਣਕਾਰੀ ਮੁਤਾਬਿਕ ਇਨ੍ਹਾਂ ਦਿਨਾਂ ’ਚ ਸਮਾਰਟ ਫੋਨ ’ਚ ਕਾਫੀ ਗਿਣਤੀ ’ਚ ਲੋਕ ਲੂਡੋ ਗੇਮ ਖੇਡਣ ਦੇ ਆਦੀ ਹੋ ਚੁੱਕੇ ਹਨ। ਕੁਝ ਤਾਂ ਸਿਰਫ ਮਨੋਰੰਜਨ ਲਈ ਗੇਮ ਖੇਡਦੇ ਹਨ ਤਾਂ ਕੁਝ ਲੋਕ ਸ਼ਰਤ ਲਗਾ ਕੇ। ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਜਲੰਧਰ ’ਚ ਇਨ੍ਹੀਂ ਦਿਨੀਂ ਲੂਡੋ ਗੇਮ ਸ਼ਰਤ ਲਗਾਉਣ ਦੇ ਬਦਲੇ ਹਜ਼ਾਰਾਂ ਤੋਂ ਲੱਖਾਂ ਦੀ ਸ਼ਰਤ ਇਕ ਬਾਜ਼ੀ ਦੀ ਲਗਦੀ ਹੈ। ਦਰਅਸਲ ਆਮ ਤੌਰ ’ਤੇ ਸਮਾਰਟ ਫੋਨ ’ਚ ਐਪ ਦੇ ਜ਼ਰੀਏ ਲੋਕ ਲੂਡੋ ਗੇਮ ਡਾਊਨਲੋਡ ਕਰਕੇ ਖੇਡਦੇ ਹਨ ਪਰ ਕੁਝ ਜੁਆਰੀਅਾਂ ਨੇ ਦਿੱਲੀ ਤੋਂ ਸਪੈਸ਼ਲ ਸਾਫਟਵੇਅਰ ਆਪਣੇ ਮੋਬਾਇਲ ’ਤੇ ਭਰਵਾ ਕੇ ਅਜੀਬੋ-ਗਰੀਬ ਲੂਡੋ ਗੇਮ ਐਪ ਡਾਊਨਲੋਡ ਕਰਵਾ ਲਈ ਹੈ।
ਮਿਸਾਲ ਦੇ ਤੌਰ ’ਤੇ ਤੁਸੀਂ ਅਜਿਹੇ ਵਿਅਕਤੀ ਨਾਲ ਲੂਡੋ ਖੇਡਦੇ ਹੋ ਅਤੇ ਉਹ ਵੀ ਪੈਸੇ ਲਗਾ ਕੇ, ਤਾਂ ਤੁਹਾਨੂੰ ਪਹਿਲਾਂ ਗੇਮ ’ਚ ਜਿੱਤ ਦਿਵਾਈ ਜਾਵੇਗੀ ਅਤੇ ਤੁਹਾਡੇ ਹੌਸਲੇ ਹੋਰ ਬੁਲੰਦ ਹੋਣਗੇ ਪਰ ਪਹਿਲਾਂ ਨਾਲੋਂ ਦੁੱਗਣੇ ਪੈਸੇ ਲਗਾ ਕੇ ਗੇਮ ਖੇਡੋਗੇ ਅਤੇ ਤੁਸੀਂ ਹਾਰ ਜਾਓਗੇ।
ਪਰਿਵਾਰ ਨੂੰ ਵੀ ਲੋੜ ਹੈ ਪੈਸਿਅਾਂ ਦੀ
‘ਜਗ ਬਾਣੀ’ ਅਖ਼ਬਾਰ ਪੈਸੇ ਲਗਾ ਕੇ ਗੇਮ ਤੇ ਜੂਆ ਖੇਡਣ ਵਾਲਿਅਾਂ ਨੂੰ ਅਪੀਲ ਕਰਦੀ ਹੈ ਕਿ ਪੈਸੇ ਜਿੱਤਣ ਦੇ ਚੱਕਰ ’ਚ ਤੁਸੀਂ ਪੈਸੇ ਹੋਰ ਹਾਰਦੇ ਹੋ ਤਾਂ ਇਸ ਨਾਲ ਤੁਸੀਂ ਆਰਥਿਕ ਤੌਰ ’ਤੇ ਕਮਜ਼ੋਰ ਹੁੰਦੇ ਹੀ ਹੋ, ਨਾਲ ਹੀ ਤੁਹਾਡੇ ਪਰਿਵਾਰ ਨੂੰ ਵੀ ਪੈਸਿਅਾਂ ਦੀ ਲੋੜ ਹੁੰਦੀ ਹੈ। ਪੈਸੇ ਹਾਰਨ ਤੋਂ ਬਾਅਦ ਜਿੱਤਣ ਦੇ ਚੱਕਰ ’ਚ ਕਈ ਵਾਰ ਤਾਂ ਕੁਝ ਲੋਕ ਘਰਾਂ ਨੂੰ ਗਿਰਵੀ ਰੱਖ ਦਿੰਦੇ ਹਨ ਅਤੇ ਬਾਅਦ ’ਚ ਡਿਪ੍ਰੈਸ਼ਨ ’ਚ ਜਾ ਕੇ ਆਤਮਹੱਤਿਆ ਤਕ ਕਰਦੇ ਹਨ।
ਇਹ ਹੈ ਫਾਰਮੂਲਾ
ਕੁਝ ਲੋਕ ਦਿੱਲੀ ਤੋਂ ਇਕ ਸਾਫਟਵੇਅਰ ਕਰੀਬ 30 ਹਜ਼ਾਰ ਤੋਂ 35 ਹਜ਼ਾਰ ਰੁਪਏ ਖਰਚ ਕੇ ਆਪਣੇ 2 ਸਮਾਰਟ ਫੋਨ ’ਚ ਇਕ ਐਪ ਡਾਊਨਲੋਡ ਕਰਵਾਉਂਦੇ ਹਨ। ਇਕ ਮੋਬਾਇਲ ’ਚ ਲੂਡੋ ਗੇਮ ਅਤੇ ਦੂਜੇ ਮੋਬਾਇਲ ’ਚ ਰਿਮੋਟ। ਸਾਫਟਵੇਅਰ ਡਾਊਨਲੋਡ ਕਰਵਾਉਣ ਵਾਲਾ ਗੇਮ ਨਹੀਂ ਖੇਡਦਾ, ਹਾਂ ਉਸਦਾ ਕਰਿੰਦਾ ਦੂਜੇ ਵਿਅਕਤੀ ਨਾਲ ਗੇਮ ਖੇਡਦਾ ਹੈ। ਰਿਮੋਟ ਦੀ ਮਦਦ ਨਾਲ ਵਿਅਕਤੀ ਆਪਣੇ ਕਰਿੰਦੇ ਨੂੰ 6 ਅੰਕ ਲਗਾ ਕੇ 10 ਵਾਰ ਤੋਂ ਵੱਧ ਦਿਵਾ ਸਕਦਾ ਹੈ ਅਤੇ ਦੂਜੇ ਵਿਅਕਤੀ ਦੀ ਚਾਲ ਵੀ ਆਪਣੀ ਮਨਮਰਜ਼ੀ ਨਾਲ ਚੱਲ ਸਕਦਾ ਹੈ। ਇਕ ਜੁਆਰੀ ਨੇ ਦੱਸਿਆ ਕਿ ਉਸਦਾ ਦੋਸਤ ਅਰਬਨ ਸਟੇਟ ਨਿਵਾਸੀ ਬੱਸ ਸਟੈਂਡ ਦੇ ਕੋਲ ਅਜਿਹੀ ਹੀ ਗੇਮ ਦਾ ਸ਼ਿਕਾਰ ਹੋ ਕੇ 1 ਲੱਖ ਰੁਪਿਆ ਹਾਰ ਗਿਆ। ਪਹਿਲੀ ਗੇਮ ਉਸਨੇ 50 ਹਜ਼ਾਰ ਦੀ ਲਗਾਈ ਅਤੇ ਦੁਬਾਰਾ 50 ਹਜ਼ਾਰ ਜਿੱਤਣ ਦੇ ਚੱਕਰ ’ਚ ਦੂਜੀ ਗੇਮ ਵੀ ਹਾਰਿਆ ਅਤੇ 1 ਲੱਖ ਰੁਪਏ ਦੇ ਕੇ ਵਾਪਸ ਘਰ ਨੂੰ ਆ ਗਿਆ।