ਬਾਜ ਹੋਟਲ ’ਚ ਹੋਈ 11 ਲੱਖ ਦੀ ਲੁੱਟ ਦੇ ਮਾਮਲੇ ਦਾ ਮਾਸਟਰਮਾਈਂਡ ਖ਼ੁਦ ਟਰੈਵਲ ਏਜੰਟ ਨਿਕਲਿਆ

09/25/2021 1:14:59 PM

ਜਲੰਧਰ (ਜ. ਬ.)– ਪਿਮਸ ਹਸਪਤਾਲ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਬਾਜ ਹੋਟਲ ਵਿਚ ਹੋਈ 11 ਲੱਖ ਰੁਪਏ ਦੀ ਲੁੱਟ ਦਾ ਮਾਸਟਰਮਾਈਂਡ ਖ਼ੁਦ ਟਰੈਵਲ ਏਜੰਟ ਨਿਕਲਿਆ। ਪੁਲਸ ਨੇ ਨਾਮਜ਼ਦ ਕਰਨ ਤੋਂ ਬਾਅਦ ਏਜੰਟ ਦੇ ਸਾਥੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਨੂੰ ਪੁੱਛਗਿੱਛ ਲਈ 3 ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਵਾਰਦਾਤ ਵਿਚ ਸ਼ਾਮਲ 2 ਸ਼ੱਕੀ ਲੋਕਾਂ ਨੂੰ ਵੀ ਹਿਰਾਸਤ ਵਿਚ ਲਿਆ ਹੈ ਅਤੇ ਕੁਝ ਲੁੱਟ ਦੇ ਪੈਸੇ ਵੀ ਰਿਕਵਰ ਕਰ ਲਏ ਗਏ ਹਨ, ਜਦੋਂਕਿ ਬਾਕੀ ਦੇ ਪੈਸੇ ਮੁਲਜ਼ਮਾਂ ਨੇ ਆਪਸ ਵਿਚ ਵੰਡ ਲਏ ਸਨ।

ਇਹ ਵੀ ਪੜ੍ਹੋ : ਜਲੰਧਰ: ਰਿਟਾਇਰਡ ਪੁਲਸ ਮੁਲਾਜ਼ਮ ਪ੍ਰੇਮਿਕਾ ਨੂੰ ਕਰਵਾ ਰਿਹਾ ਸੀ ਸ਼ਾਪਿੰਗ, ਪਤਨੀ ਤੇ ਧੀ ਨੇ ਰੰਗੇ ਹੱਥੀਂ ਫੜਿਆ

ਥਾਣਾ ਨੰਬਰ 7 ਦੀ ਪੁਲਸ ਨੇ ਕਰਿਆਨਾ ਸ਼ਾਪ ਦੇ ਮਾਲਕ ਰਾਜਿੰਦਰ ਕੁਮਾਰ ਨਿਵਾਸੀ ਦਯਾਨੰਦ ਨਗਰ ਗੜ੍ਹਾ ਦੇ ਬਿਆਨਾਂ ’ਤੇ ਵਾਰਦਾਤ ਤੋਂ ਕੁਝ ਸਮੇਂ ਬਾਅਦ ਹੀ ਹੋਟਲ ਵਿਚ ਪੈਸੇ ਮੰਗਵਾਉਣ ਵਾਲੇ ਟਰੈਵਲ ਏਜੰਟ ਅਸ਼ਵਨੀ ਕੁਮਾਰ ਪੁੱਤਰ ਮਹਿੰਦਰ ਸਿੰਘ ਨਿਵਾਸੀ ਸੋਫੀ ਪਿੰਡ, ਉਸਦੇ ਸਾਥੀ ਪ੍ਰਵੇਸ਼ ਪੁੱਤਰ ਦੌਲਤ ਰਾਮ ਨਿਵਾਸੀ ਅਲੀਪੁਰ ਅਤੇ ਇਕ ਅਣਪਛਾਤੇ ਸਾਥੀ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲਸ ਨੇ ਕੇਸ ਦਰਜ ਕਰਨ ਤੋਂ ਬਾਅਦ ਦੋਵਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕੋਲੋਂ ਸ਼ੱਕੀ ਜਵਾਬ ਮਿਲਣ ਤੋਂ ਬਾਅਦ ਦੋਵਾਂ ਨੂੰ ਕਾਬੂ ਕਰ ਲਿਆ ਗਿਆ। ਜਾਂਚ ਵਿਚ ਪਤਾ ਲੱਗਾ ਹੈ ਕਿ ਏਜੰਟ ਅਸ਼ਵਨੀ ਨੇ ਹੀ ਲੁੱਟ ਦੀ ਸਾਜ਼ਿਸ਼ ਰਚੀ ਸੀ ਅਤੇ ਇਸਦੇ ਲਈ ਉਸਨੇ ਗੜ੍ਹਾ ਸਮੇਤ ਹੋਰ ਇਲਾਕਿਆਂ ਦੇ ਨੌਜਵਾਨਾਂ ਨੂੰ ਵਾਰਦਾਤ ਵਿਚ ਸ਼ਾਮਲ ਕੀਤਾ। ਸੂਤਰਾਂ ਦੀ ਮੰਨੀਏ ਤਾਂ ਜਿਉਂ ਹੀ ਰਾਜਿੰਦਰ ਕੁਮਾਰ ਆਪਣੇ ਸਾਥੀ ਸਮੇਤ ਹੋਟਲ ਦੇ ਕਮਰੇ ਵਿਚ ਆਇਆ ਤਾਂ ਉਸਨੇ ਇਸ ਬਾਰੇ ਹਮਲਾਵਰਾਂ ਨੂੰ ਵ੍ਹਟਸਐਪ ਕਾਲ ਕਰ ਕੇ ਬੁਲਾ ਲਿਆ, ਜਿਸ ਤੋਂ ਬਾਅਦ ਹਮਲਾਵਰਾਂ ਨੇ ਧਾਵਾ ਬੋਲ ਦਿੱਤਾ। ਹਮਲਾਵਰਾਂ ਨੇ ਰਾਜਿੰਦਰ ਦੇ ਨਾਲ ਆਏ ਉਸਦੇ ਦੋਸਤ ਮੁਨੀਸ਼ ਨੂੰ ਜ਼ਖ਼ਮੀ ਕਰ ਕੇ ਰਾਜਿੰਦਰ ਕੋਲੋਂ ਪੈਸਿਆਂ ਵਾਲਾ ਬੈਗ ਖੋ ਲਿਆ ਅਤੇ ਫ਼ਰਾਰ ਹੋ ਗਏ। ਬੈਗ ਵਿਚ 11 ਲੱਖ ਰੁਪਏ ਸਨ। ਪੁਲਸ ਨੇ ਏਜੰਟ ਅਸ਼ਵਨੀ ਅਤੇ ਉਸਦੇ ਦੋਸਤ ਪ੍ਰਵੇਸ਼ ਨੂੰ ਰਿਮਾਂਡ ’ਤੇ ਲਿਆ ਹੈ। ਪੁਲਸ ਨੇ ਉਨ੍ਹਾਂ ਦੇ 2 ਹੋਰ ਸਾਥੀਆਂ ਨੂੰ ਵੀ ਕਾਬੂ ਕੀਤਾ ਹੈ, ਜਿਹੜੇ ਵਾਰਦਾਤ ਵਿਚ ਸ਼ਾਮਲ ਸਨ।

ਇਹ ਵੀ ਪੜ੍ਹੋ : ਟਾਂਡਾ ਵਿਖੇ ਇਕੋ ਚਿਖਾ 'ਚ ਬਲੀਆਂ ਪਿਓ-ਪੁੱਤ ਤੇ ਧੀ ਦੀਆਂ ਮ੍ਰਿਤਕ ਦੇਹਾਂ, ਦਰਦਨਾਕ ਮੰਜ਼ਰ ਵੇਖ ਹਰ ਅੱਖ ਹੋਈ ਨਮ

ਜ਼ਿਕਰਯੋਗ ਹੈ ਕਿ ਏਜੰਟ ਅਸ਼ਵਨੀ ਕੁਮਾਰ ਨੇ ਕਰਿਆਨੇ ਦੀ ਦੁਕਾਨ ਚਲਾਉਂਦੇ ਰਾਜਿੰਦਰ ਕੁਮਾਰ ਦੇ ਭਤੀਜੇ ਅਜੇ ਨੂੰ ਕੈਨੇਡਾ ਭੇਜਣ ਲਈ 11 ਲੱਖ ਰੁਪਏ ਦੀ ਡੀਲ ਕੀਤੀ ਸੀ। ਬੀਤੇ ਦਿਨੀਂ ਸ਼ਾਮੀਂ 7.30 ਵਜੇ ਅਸ਼ਵਨੀ ਨੇ ਰਾਜਿੰਦਰ ਕੁਮਾਰ ਨੂੰ ਫੋਨ ਕਰ ਕੇ ਅਜੇ ਨੂੰ ਤਿਆਰ ਹੋਣ ਲਈ ਕਿਹਾ ਅਤੇ ਅਗਲੀ ਸਵੇਰ ਉਸ ਨੂੰ ਦਿੱਲੀ ਭੇਜ ਦਿੱਤਾ। ਡੀਲ ਵਿਚ ਤੈਅ ਹੋਈ 11 ਲੱਖ ਰੁਪਏ ਦੀ ਰਾਸ਼ੀ ਲੈਣ ਲਈ ਅਸ਼ਵਨੀ ਨੇ ਬੁੱਧਵਾਰ ਰਾਤੀਂ ਰਾਜਿੰਦਰ ਨੂੰ ਫੋਨ ਕਰ ਕੇ ਪੈਸੇ ਬਾਜ ਹੋਟਲ ਦੇ ਕਮਰੇ ਵਿਚ ਲਿਆਉਣ ਨੂੰ ਕਿਹਾ। ਜਿਉਂ ਹੀ ਉਹ ਆਪਣੇ ਦੋਸਤ ਮਨੀਸ਼ ਨਾਲ ਹੋਟਲ ਦੇ ਕਮਰੇ ਵਿਚ ਪੁੱਜਾ ਤਾਂ 5-6 ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਹਮਲਾ ਕਰਨ ਵਾਲਿਆਂ ਨੇ ਸਿਰਫ ਮਨੀਸ਼ ਨੂੰ ਹੀ ਨਿਸ਼ਾਨਾ ਬਣਾਇਆ ਅਤੇ ਪੈਸਿਆਂ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਏ। ਸ਼ੁਰੂ ਤੋਂ ਹੀ ਇਹ ਮਾਮਲਾ ਸ਼ੱਕੀ ਲੱਗ ਰਿਹਾ ਸੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News