ਆਵਾਰਾ ਪਸ਼ੂ ਤੇ ਕੂੜੇ ਦੇ ਢੇਰ ਬਣੇ ਵੱਡੀ ਸਮੱਸਿਆ, ਹਾਦਸਿਅਾਂ ਦਾ ਬਣਿਆ ਰਹਿੰਦੈ ਡਰ

09/19/2018 6:34:09 AM

ਜਲੰਧਰ,   (ਗੁਰਪ੍ਰੀਤ)-  ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ’ਚ ਕਈ  ਗਊਸ਼ਾਲਾਵਾਂ ਹੋਣ ਦੇ ਬਾਵਜੂਦ  ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ ਹਨ | ਸ਼ਹਿਰ ਦੀਆਂ ਜਨਤਕ  ਥਾਵਾਂ, ਸਡ਼ਕਾਂ, ਗਲੀਆਂ-ਮੁਹੱਲਿਆਂ ’ਚ ਇਹ ਅਾਵਾਰਾ ਪਸ਼ੂ ਸਡ਼ਕੀ ਆਵਾਜਾਈ ’ਚ  ਵੱਡਾ ਅਡ਼ਿੱਕਾ ਪੈਦਾ ਕਰਦੇ ਹਨ |  ਇਨ੍ਹਾਂ ਪਸ਼ੂਆਂ ਕਾਰਨ  ਸ਼ਹਿਰ ’ਚ ਕਈ ਹਾਦਸੇ ਵੀ ਵਾਪਰ ਚੁੱਕੇ ਹਨ, ਜਿਸ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ  ਹਨ ਤੇ ਕਈ ਵਿਅਕਤੀ ਜ਼ਖ਼ਮੀ ਹੋ ਚੁੱਕੇ ਹਨ। ਹਾਦਸਿਆਂ ਕਾਰਨ ਵ੍ਹੀਕਲਾਂ ਦਾ ਵੀ ਨੁਕਸਾਨ  ਹੋ ਚੁੱਕਾ ਹੈ। ਇਹ ਪਸ਼ੂ ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਗ਼ੰਦਗੀ ਦੇ ਢੇਰਾਂ ’ਤੇ ਅਕਸਰ ਹੀ ਮੂੰਹ ਮਾਰਦੇ ਵੇਖੇ ਜਾ ਸਕਦੇ ਹਨ | ਕਰਮਚਾਰੀਆਂ ਅਤੇ  ਸ਼ਹਿਰ ਵਾਸੀਆਂ ਵਲੋਂ ਜਨਤਕ ਥਾਵਾਂ ’ਤੇ ਕੂਡ਼ੇ ਦੇ ਵੱਡੇ-ਵੱਡੇ ਢੇਰ ਲਾ ਦਿੱਤੇ ਜਾਂਦੇ  ਹਨ  ਜਿਸ ਤੋਂ ਸਾਰਾ ਦਿਨ ਬਦਬੂ ਆਉਂਦੀ ਰਹਿੰਦੀ ਹੈ | ਇਸ ਕਾਰਨ ਬੀਮਾਰੀਆਂ ਫ਼ੈਲਣ ਦਾ  ਡਰ ਬਣਿਆ ਰਹਿੰਦਾ ਹੈ | ਸ਼ਹਿਰ ਵਿਚੋਂ ਲੰਘਦੇ ਨੈਸ਼ਨਲ ਹਾਈਵੇ  ’ਤੇ ਕੂਡ਼ੇ ਦੇ  ਲੱਗੇ ਵੱਡੇ-ਵੱਡੇ ਢੇਰਾਂ ਕਾਰਨ ਸ਼ਹਿਰ ਦੀ ਦਿੱਖ ਵੀ ਪ੍ਰਭਾਵਿਤ ਹੁੰਦੀ ਹੈ | ਨਿਗਮ ਦੇ  ਸਫਾਈ ਮੁਲਾਜ਼ਮਾਂ ਨੇ ਕਾਫ਼ੀ ਸਮੇਂ ਤੋਂ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਸਾਹਮਣੇ ਕੂਡ਼ਾ  ਸੁੱਟਣਾ ਸ਼ੁਰੂ ਕਰ ਦਿੱਤਾ ਹੈ ਤੇ ਇਨ੍ਹਾਂ ਢੇਰਾਂ ਨੇ ਕੂਡ਼ੇ ਦੇ ਵੱਡੇ ਡੰਪ ਦਾ ਰੂਪ  ਧਾਰਨ ਕਰ ਲਿਆ ਹੈ | ਖੁੱਲ੍ਹੇ ’ਚ ਪਏ ਇਸ ਕੂਡ਼ੇ ’ਚ ਸਾਰਾ ਦਿਨ ਅਾਵਾਰਾ ਪਸ਼ੂ ਮੂੰਹ  ਮਾਰਦੇ ਰਹਿੰਦੇ ਹਨ | ਸ਼ਹਿਰ ਵਾਸੀਆਂ ਤੇ ਜਨਤਕ ਹਿੱਤਾਂ ’ਚ ਕੰਮ ਕਰ ਰਹੀਆਂ ਸਵੈ-ਸੇਵੀ  ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ’ਤੇ ਲੱਗੇ ਗ਼ੰਦਗੀ ਦੇ  ਢੇਰ ਤੁਰੰਤ ਚੁਕਵਾਏ ਜਾਣ ਤਾਂ ਜੋ ਸ਼ਹਿਰ ਨੂੰ ਸਾਫ਼-ਸੁਥਰਾ ਰੱਖਿਆ ਜਾਵੇ | ਉਨ੍ਹਾਂ ਇਹ  ਵੀ ਮੰਗ ਕੀਤੀ ਕਿ ਜਨਤਕ ਥਾਵਾਂ ’ਤੇ ਹਰਲ-ਹਰਲ ਕਰਦੇ ਨਜ਼ਰ ਆਉਂਦੇ ਆਵਾਰਾ ਪਸ਼ੂਆਂ ਦਾ ਵੀ  ਕੋਈ ਢੁੱਕਵਾਂ ਪ੍ਰਬੰਧ ਕੀਤਾ ਜਾਵੇ |
 


Related News