ASI ਨੂੰ ਕਾਰ ਨਾਲ ਕੁਚਲਣ ਦਾ ਮਾਮਲਾ, 3 ਗੈਂਗਸਟਰਾਂ ਨੂੰ ਅਦਾਲਤ ਨੇ ਸੁਣਾਈ ਉਮਰਕੈਦ ਦੀ ਸਜ਼ਾ

09/16/2022 4:26:12 PM

ਕਪੂਰਥਲਾ (ਭੂਸ਼ਣ/ਮਲਹੋਤਰਾ)-ਸੁਭਾਨਪੁਰ ਨੇੜੇ ਨਾਕਾਬੰਦੀ ਦੌਰਾਨ ਏ. ਐੱਸ. ਆਈ. ਨੂੰ ਕਾਰ ਨਾਲ ਕੁਚਲ ਕੇ ਜਾਨੋਂ ਮਾਰਨ ਤੇ ਨਾਕਾ ਤੋੜ ਕੇ ਭੱਜੇ 3 ਗੈਂਗਸਟਰਾਂ ਦੇ ਮਾਮਲੇ ’ਚ ਉਸ ਸਮੇਂ ਨਵਾਂ ਮੋੜ ਦੇਖਣ ਨੂੰ ਮਿਲਿਆ, ਜਦੋਂ ਤਿੰਨਾਂ ਮੁਲਜ਼ਮਾਂ ਨੂੰ ਮਾਣਯੋਗ ਸੈਸ਼ਨ ਕੋਰਟ ਕਪੂਰਥਲਾ ਨੇ ਲੱਗਭਗ 6 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਦੀ ਪੁਸ਼ਟੀ ਕਰਦਿਆਂ ਸਰਕਾਰੀ ਵਕੀਲ ਅਨਿਲ ਕੁਮਾਰ ਬੋਪਾਰਾਏ ਨੇ ਦੱਸਿਆ ਕਿ ਮਾਣਯੋਗ ਸੈਸ਼ਨ ਜੱਜ ਅਮਰਿੰਦਰ ਸਿੰਘ ਦੀ ਅਦਾਲਤ ਨੇ ਸਾਰੇ ਗਵਾਹਾਂ ਦੇ ਬਿਆਨਾਂ ਤੇ ਸਬੂਤਾਂ ਨੂੰ ਵਿਚਾਰਨ ਤੋਂ ਬਾਅਦ ਤਿੰਨਾਂ ਗੈਂਗਸਟਰਾਂ ਨੂੰ ਇਹ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ 14 ਮਈ 2016 ਦੀ ਦੁਪਹਿਰ ਨੂੰ ਤੱਤਕਾਲੀ ਐੱਸ. ਐੱਚ. ਓ. ਸੁਭਾਨਪੁਰ ਸੁਖਪਾਲ ਸਿੰਘ ਨੂੰ ਚੌਕੀ ਨਡਾਲਾ ਇੰਚਾਰਜ ਏ. ਐੱਸ. ਆਈ. ਦਵਿੰਦਰਪਾਲ ਨੇ ਸੂਚਨਾ ਦਿੱਤੀ ਕਿ ਇਕ ਚਿੱਟੇ ਰੰਗ ਦੀ ਕਾਰ ’ਤੇ ਸਵਾਰ ਤਿੰਨ ਨੌਜਵਾਨ ਬੰਦੂਕ ਦੀ ਨੋਕ ’ਤੇ ਦੋ ਔਰਤਾਂ ਤੋਂ ਮੋਬਾਇਲ ਫੋਨ, ਟੌਪਸ ਤੇ ਪੈਸੇ ਲੁੱਟ ਕੇ ਭੱਜੇ ਹਨ। ਉਨ੍ਹਾਂ ਨੂੰ ਰੋਕਣ ’ਤੇ ਕਾਰ ਸਵਾਰ ਨਾਕਾ ਤੋੜ ਕੇ ਸੁਭਾਨਪੁਰ ਵੱਲ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ਦੀ ਚਰਚ ’ਚ ਹੋਈ ਬੱਚੀ ਦੀ ਮੌਤ ਦਾ ਮਾਮਲਾ ਭਖਣ ਮਗਰੋਂ ਮੀਡੀਆ ਸਾਹਮਣੇ ਆਇਆ ਪਾਦਰੀ, ਦਿੱਤੀ ਸਫ਼ਾਈ

ਮਿਲੀ ਸੂਚਨਾ ਦੇ ਆਧਾਰ ’ਤੇ ਏ. ਐੱਸ. ਆਈ ਮਨਜੀਤ ਸਿੰਘ , ਏ. ਐੱਸ. ਆਈ. ਸੁਰਿੰਦਰ ਸਿੰਘ, ਏ. ਐੱਸ. ਆਈ. ਨਿਰਮਲ ਸਿੰਘ ਤੇ ਪੁਲਸ ਫੋਰਸ ਦੇ ਨਾਲ ਅੱਡਾ ਸੁਭਾਨਪੁਰ ਵਿਖੇ ਨਡਾਲਾ ਰੋਡ ’ਤੇ ਨਾਕਾਬੰਦੀ ਕਰ ਦਿੱਤੀ। ਜਦੋਂ ਲੁੱਟ ਕਰਨ ਵਾਲੀ ਕਾਰ ਨੂੰ ਆਉਂਦਾ ਦੇਖਿਆ ਤਾਂ ਏ. ਐੱਸ. ਆਈ. ਸੁਰਿੰਦਰ ਸਿੰਘ ਤੇ ਐੱਚ. ਸੀ. ਹਰਪਾਲ ਸਿੰਘ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰਾਂ ਨੇ ਕਾਰ ਰੋਕਣ ਦੀ ਬਜਾਏ ਦੋਵਾਂ ਪੁਲਸ ਵਾਲਿਆਂ ’ਤੇ ਚੜ੍ਹਾ ਦਿੱਤੀ। ਸੁਰਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹਰਪਾਲ ਸਿੰਘ ਜ਼ਖ਼ਮੀ ਹੋ ਗਿਆ। ਏ. ਐੱਸ. ਆਈ. ਦਾ ਕਤਲ ਕਰਨ ਤੋਂ ਬਾਅਦ ਕਾਰ ਸਵਾਰ ਪਿੰਡ ਬੂਟਾ ਕਪੂਰਥਲਾ ਵੱਲ ਫਰਾਰ ਹੋ ਗਏ। ਇਨ੍ਹਾਂ ਨੂੰ ਫੜਨ ਲਈ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੀ ਪੁਲਸ ਨੇ ਨਾਕਾਬੰਦੀ ਕਰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ਦਾ ਪਿੱਛਾ ਕਰਨਾ ਜਾਰੀ ਰੱਖਿਆ ਤਾਂ ਨਿਜ਼ਾਮਪੁਰ ਇਲਾਕੇ ’ਚ ਪਿੰਡ ਨੂਰਪੁਰ ਲੁਬਾਣਾ ਨੇੜੇ ਮੁਲਜ਼ਮਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਜਾ ਟਕਰਾਈ। ਇਸ ’ਤੇ ਮੁਲਜ਼ਮ ਕਾਰ ਉਥੇ ਹੀ ਛੱਡ ਕੇ ਖੇਤਾਂ ’ਚ ਵੜ ਗਏ ਤੇ ਪਿੱਛਾ ਕਰ ਰਹੀ ਪੁਲਸ ਪਾਰਟੀ ’ਤੇ ਜਾਨਲੇਵਾ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦੇ ਜਵਾਬ ’ਚ ਪੁਲਸ ਮੁਲਾਜ਼ਮਾਂ ਨੇ ਵੀ ਗੋਲੀ ਚਲਾ ਦਿੱਤੀ ਤਾਂ ਮੁਲਜ਼ਮ ਪਿੰਡ ਨੂਰਪੁਰ ਲੁਬਾਣਾ ਵੱਲ ਭੱਜਣ ਲੱਗੇ ਤਾਂ ਥਾਣਾ ਢਿੱਲਵਾਂ ਦੇ ਤੱਤਕਾਲੀ ਐੱਸ. ਐੱਚ. ਓ. ਜਰਨੈਲ ਸਿੰਘ ਨੇ ਘੇਰਾਬੰਦੀ ਕਰ ਦਿੱਤੀ ਤਾਂ ਮੁਲਜ਼ਮ ਫਿਰ ਫਾਇਰਿੰਗ ਕਰਦੇ ਹੋਏ ਪਿੰਡ ਨਿਜਾਮਪੁਰ ਵੱਲ ਭੱਜ ਗਏ ਤੇ ਖੇਤਾਂ ’ਚ ਲੁਕ ਗਏ, ਜਦਕਿ ਪੁਲਸ ਮੁਲਜ਼ਮਾਂ ਦੀ ਛਾਣਬੀਣ ’ਚ ਲੱਗੀ ਰਹੀ।

ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਮੁੜ ਉਸਾਰੀ, ਮਜੀਠੀਆ ਸਣੇ ਕਈ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ

ਇਸ ਦੌਰਾਨ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਣ ਲਈ ਪਾਣੀ ਦੀ ਟੈਂਕੀ ’ਤੇ ਚੜ੍ਹ ਗਏ ਰ ਜਦੋਂ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਕੋਲ ਭੱਜਣ ਦਾ ਕੋਈ ਹੋਰ ਰਸਤਾ ਨਹੀਂ ਹੈ ਤਾਂ ਉਨ੍ਹਾਂ ਨੇ ਟੈਂਕੀ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਮੁਲਜ਼ਮ ਜ਼ਖ਼ਮੀ ਹੋ ਗਏ ਤੇ ਪੁਲਸ ਨੇ ਕਾਬੂ ਕਰ ਲਿਆ। ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਤਰਨਤਾਰਨ, ਵਿਜੈਪਾਲ ਤੇ ਗੁਰਬਾਜ ਸਿੰਘ ਵਾਸੀ ਖਡੂਰ ਸਾਹਿਬ ਤਰਨਤਾਰਨ ਵਜੋਂ ਹੋਈ। ਪੁਲਸ ਨੇ ਮੁਲਜ਼ਮਾਂ ਕੋਲੋਂ ਰਿਵਾਲਵਰ, ਲੁੱਟਿਆ ਹੋਇਆ ਸੋਨੇ ਦਾ ਸਾਮਾਨ, ਮੋਬਾਈਲ ਤੇ ਨਕਦੀ ਵੀ ਬਰਾਮਦ ਕੀਤੀ। ਸਰਕਾਰੀ ਵਕੀਲ ਨੇ ਦੱਸਿਆ ਕਿ ਸੈਸ਼ਨ ਜੱਜ ਅਮਰਿੰਦਰ ਸਿੰਘ ਨੇ ਮੁਲਜ਼ਮ ਗੈਂਗਸਟਰਾਂ ਦੇ ਵਕੀਲ ਤੇ ਮੌਕੇ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਤੇ ਹੋਰ ਗਵਾਹਾਂ ਦੇ ਬਿਆਨ ’ਤੇ ਦੋਵਾਂ ਧਿਰਾਂ ਦੇ ਵਕੀਲਾਂ ਦੀ ਬਹਿਸ ਤੋਂ ਬਾਅਦ ਕਾਤਲ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ, ਵਿਜੈ ਪਾਲ ਤੇ ਗੁਰਬਾਜ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।


Manoj

Content Editor

Related News