‘ਭੈਣ ਜੀ ਪਛਾਣਿਆ’ ਕਹਿ ਕੇ ਨੇੜੇ ਬੁਲਾਇਆ, ਗਲੇ ਨਾਲ ਲਾਉਂਦਿਆਂ ਹੀ ਕੱਟ ਲਈ ਸੋਨੇ ਦੀ ਚੂੜੀ

10/08/2021 3:43:04 PM

ਜਲੰਧਰ (ਜ. ਬ.)– ਅਸ਼ੋਕ ਨਗਰ ਸੋਢਲ ਤੋਂ ਕੁਝ ਦੂਰੀ ’ਤੇ ਆਪਣੇ ਘਰ ਪਰਤ ਰਹੀ ਔਰਤ ਨੂੰ ਸਵਿੱਫਟ ਕਾਰ ਵਿਚ ਸਵਾਰ ਔਰਤ ਨੇ ਆਪਣੇ ਕੋਲ ਬੁਲਾ ਕੇ ਗੱਲਾਂ ਵਿਚ ਲਾਇਆ ਅਤੇ ਫਿਰ ਗਲੇ ਨਾਲ ਲਾਉਂਦੇ ਹੀ ਉਸ ਦੀ ਸੋਨੇ ਦੀ ਚੂੜੀ ਕੱਟ ਲਈ। ਚੂੜੀ ਕੱਟਣ ਦਾ ਪੀੜਤ ਔਰਤ ਨੂੰ ਬਿਲਕੁਲ ਪਤਾ ਨਹੀਂ ਲੱਗਾ ਅਤੇ ਘਰ ਜਾ ਕੇ ਜਦੋਂ ਉਸ ਨੇ ਇਸ ਅਜੀਬ ਘਟਨਾ ਬਾਰੇ ਗੁਆਂਢਣ ਨੂੰ ਦੱਸਿਆ ਤਾਂ ਉਸ ਤੋਂ ਬਾਅਦ ਪੀੜਤਾ ਨੂੰ ਪਤਾ ਲੱਗਾ ਕਿ ਉਸ ਦੇ ਹੱਥ ਵਿਚੋਂ ਇਕ ਤੋਲਾ ਸੋਨਾ ਦੀ ਚੂੜੀ ਗਾਇਬ ਸੀ। ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਚੁੱਕੀ ਸੀ। ਜਾਣਕਾਰੀ ਦਿੰਦਿਆਂ ਪ੍ਰਾਈਵੇਟ ਨੌਕਰੀ ਕਰਦੇ ਰਾਜੇਸ਼ ਮਲਹੋਤਰਾ ਨਿਵਾਸੀ ਅਸ਼ੋਕ ਨਗਰ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਸਰੋਜ ਆਪਣੀ ਦੋਹਤੀ ਨੂੰ ਸਵੇਰੇ 8 ਵਜੇ ਸੋਢਲ ਫਾਟਕ ਨੇੜੇ ਸਕੂਲ ਛੱਡ ਕੇ ਵਾਪਸ ਆਪਣੇ ਘਰ ਨੂੰ ਪਰਤ ਰਹੀ ਸੀ। ਮਥੁਰਾ ਨਗਰ ਦੇ ਵਿਚੋਂ ਦੀ ਲੰਘਦਿਆਂ ਉਹ ਅਸ਼ੋਕ ਨਗਰ ਵੱਲ ਆ ਰਹੀ ਸੀ ਤਾਂ ਇਸੇ ਦੌਰਾਨ 8.20 ਵਜੇ ਚੌਰਾਹੇ ਵਿਚ ਇਕ ਚਿੱਟੇ ਰੰਗ ਦੀ ਸਵਿੱਫਟ ਕਾਰ ਦੇ ਚਾਲਕ ਨੇ ਕਾਰ ਹੌਲੀ ਕਰ ਲਈ।

ਇਹ ਵੀ ਪੜ੍ਹੋ: ਸਰਕਾਰ ਤੋਂ ਦੁਖ਼ੀ ਠੇਕਾ ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ, ਹੁਣ ਪਾਉਣਗੇ ਸਰਕਾਰ ਨੂੰ ਵਖ਼ਤ

PunjabKesari

ਡਰਾਈਵਰ ਦੇ ਨਾਲ ਵਾਲੀ ਸੀਟ ’ਤੇ ਬੈਠੀ ਬਜ਼ੁਰਗ ਔਰਤ ਨੇ ਉਸ ਨੂੰ ‘ਭੈਣ ਜੀ ਪਛਾਣਿਆ’ ਕਹਿ ਕੇ ਬੁਲਾਇਆ ਤਾਂ ਉਹ ਡਰਾਈਵਰ ਵਾਲੀ ਸਾਈਡ ਜਾ ਕੇ ਖੜ੍ਹੀ ਹੋ ਗਈ। ਰਾਜੇਸ਼ ਨੇ ਕਿਹਾ ਕਿ ਬਜ਼ੁਰਗ ਨੇ ਉਨ੍ਹਾਂ ਦੇ ਜਾਣਕਾਰ ਹਲਵਾਈ ਦਾ ਨਾਂ ਲੈ ਕੇ ਕਿਹਾ ਕਿ ਉਹ ਉਸਦੇ ਨਜ਼ਦੀਕੀ ਹਨ ਅਤੇ ਉਨ੍ਹਾਂ ਨੂੰ ਵੀ ਜਾਣਦੇ ਹਨ, ਹਾਲਾਂਕਿ ਸਰੋਜ ਨੇ ਉਨ੍ਹਾਂ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਪਰ ਬਜ਼ੁਰਗ ਔਰਤ ਨੇ ਪਿਛਲੀ ਸੀਟ ’ਤੇ ਬੈਠੀਆਂ 2 ਔਰਤਾਂ ਨੂੰ ਵੀ ਮਿਲਣ ਲਈ ਕਿਹਾ। ਸਰੋਜ ਮਲਹੋਤਰਾ ਜਦੋਂ ਘੁੰਮ ਕੇ ਦੂਜੀ ਸਾਈਡ ਵੱਲ ਗਈ ਤਾਂ ਪਿੱਛੇ 2 ਲੜਕੀਆਂ ਬੈਠੀਆਂ ਸਨ, ਜਿਨ੍ਹਾਂ ਵਿਚੋਂ ਇਕ ਨੇ ਉਸ ਨੂੰ ਗਲੇ ਨਾਲ ਲਾ ਲਿਆ। ਸਰੋਜ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਪਾਣੀ ਦੀ ਬੋਤਲ ਨਾਲ ਕੋਈ ਹਲਚਲ ਕੀਤੀ ਪਰ ਉਸ ਨੂੰ ਕੁਝ ਪਤਾ ਨਹੀਂ ਲੱਗਾ। ਅਜਿਹੀ ਹਾਲਤ ਵਿਚ ਅੱਗੇ ਬੈਠੀ ਔਰਤ ਨੇ ਉਸ ਨੂੰ ਸਾਈਡ ’ਤੇ ਹੋਣ ਲਈ ਕਿਹਾ, ਜਿਸ ਤੋਂ ਬਾਅਦ ਕਾਰ ਚਲਾ ਰਹੇ ਵਿਅਕਤੀ ਨੇ ਤੁਰੰਤ ਕਾਰ ਭਜਾ ਲਈ।

ਇਹ ਵੀ ਪੜ੍ਹੋ: ਪੈਟਰੋਲ ਪੰਪ ’ਤੇ ਮਿਹਨਤ ਕਰਨ ਵਾਲੇ ਪਿਤਾ ਦਾ ਸੁਫ਼ਨਾ ਧੀ ਨੇ ਕੀਤਾ ਪੂਰਾ, IIT ਕਾਨਪੁਰ ’ਚ ਹੁਣ ਕਰੇਗੀ ਪੜ੍ਹਾਈ

ਸਰੋਜ ਦਾ ਕਹਿਣਾ ਹੈ ਕਿ ਕਾਰ ਵਿਚ ਇਕ ਵਿਅਕਤੀ, ਇਕ ਬਜ਼ੁਰਗ ਔਰਤ ਅਤੇ 2 ਲੜਕੀਆਂ ਸਨ। ਉਹ ਉਨ੍ਹਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਹੋਏ ਘਰ ਵੱਲ ਚੱਲਦੀ ਰਹੀ ਅਤੇ ਜਿਉਂ ਹੀ ਘਰ ਪੁੱਜੀ ਤਾਂ ਇਸ ਘਟਨਾ ਬਾਰੇ ਆਪਣੀ ਗੁਆਂਢਣ ਨਾਲ ਗੱਲ ਕੀਤੀ। ਗੁਆਂਢਣ ਨੇ ਇਸੇ ਤਰ੍ਹਾਂ ਬੁਲਾ ਕੇ ਸੋਨਾ ਲੁੱਟਣ ਵਾਲੇ ਗਿਰੋਹ ਬਾਰੇ ਕਿਹਾ ਤਾਂ ਸਰੋਜ ਨੇ ਤੁਰੰਤ ਆਪਣੇ ਹੱਥਾਂ ਵੱਲ ਵੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਸੋਨੇ ਦੀ ਚੂੜੀ ਗਾਇਬ ਹੈ। ਸਰੋਜ ਨੇ ਆਪਣੇ ਪਤੀ ਨੂੰ ਇਸ ਵਾਰਦਾਤ ਬਾਰੇ ਦੱਸਿਆ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ।

ਪਹਿਲਾਂ ਵੀ ਕਈ ਵਾਰ ਹੋ ਚੁੱਕੀਆਂ ਹਨ ਅਜਿਹੀਆਂ ਵਾਰਦਾਤਾਂ ਪਰ ਟਰੇਸ ਕੋਈ ਵੀ ਨਹੀਂ ਹੋਈ
ਅਜਿਹੀਆਂ ਵਾਰਦਾਤਾਂ ਪਹਿਲਾਂ ਵੀ ਸ਼ਹਿਰ ਵਿਚ ਕਈ ਵਾਰ ਹੋ ਚੁੱਕੀਆਂ ਹਨ। ਕਦੀ ਸੋਨੇ ਦੀ ਚੇਨ, ਕਦੀ ਕੰਗਣ, ਕਦੀ ਚੂੜੀ ਤੇ ਕਦੀ ਕੋਈ ਹੋਰ ਸੋਨੇ ਦਾ ਗਹਿਣਾ ਲਾਹੁਣ ਲਈ ਗੱਡੀ ਸਵਾਰ ਇਹ ਗਿਰੋਹ ਕਾਫੀ ਚਲਾਕੀ ਨਾਲ ਔਰਤਾਂ ਅਤੇ ਬਜ਼ੁਰਗਾਂ ਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਫਿਰ ਗੱਲਾਂ ਵਿਚ ਲਾ ਕੇ ਗਹਿਣੇ ਉਤਾਰ ਕੇ ਫ਼ਰਾਰ ਹੋ ਜਾਂਦਾ ਹੈ। ਇਸ ਗਿਰੋਹ ਦਾ ਵਾਰਦਾਤ ਕਰਨ ਵਿਚ ਹੱਥ ਇੰਨਾ ਸਾਫ਼ ਹੈ ਕਿ ਕਿਸੇ ਨੂੰ ਪਤਾ ਨਹੀਂ ਲੱਗਦਾ ਅਤੇ ਇਹ ਗਿਰੋਹ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦਾ ਹੈ। ਸ਼ਹਿਰ ਵਿਚ ਲਗਭਗ ਇਕ ਦਰਜਨ ਤੋਂ ਵੀ ਵੱਧ ਅਜਿਹੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਇਹ ਗਿਰੋਹ ਪੁਲਸ ਦੇ ਹੱਥ ਨਹੀਂ ਆਇਆ।

ਇਹ ਵੀ ਪੜ੍ਹੋ: ਚੰਨੀ ਸਰਕਾਰ ਤੇ ਕਾਂਗਰਸ ਵਿਚਾਲੇ ਛਿੜੀ ਜੰਗ ਲੋਕਾਂ ’ਤੇ ਭਾਰੂ ਪੈਣ ਲੱਗੀ : ਸੁਖਬੀਰ ਬਾਦਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News