ਦੇਵ ਦੇ ਜ਼ਿਲਾ ਪ੍ਰਧਾਨ ਬਣਦਿਆਂ ਹੀ ਬਦਲੀ ਸ਼ਹਿਰ ਦੀ ਸਿਆਸਤ

01/13/2019 7:19:14 AM

ਜਲੰਧਰ,    (ਰਵਿੰਦਰ)-  ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਸ਼ਹਿਰੀ ਸਿਆਸਤ ਬੇਹੱਦ  ਗਰਮਾ ਗਈ ਹੈ। ਜ਼ਿਲਾ ਸ਼ਹਿਰੀ ਪ੍ਰਧਾਨ ਦੇ ਬਦਲਦਿਆਂ ਹੀ ਸਿਆਸਤ ਦੇ ਸਮੀਕਰਨ ਵੀ ਬਦਲ ਗਏ  ਹਨ। ਨਵ-ਨਿਯੁਕਤ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਦੇਵ ਦਾ ਪਾਰਟੀ ਵਿਚ ਕੁਝ ਖਾਸ ਰਸੂਖ ਤਾਂ  ਨਹੀਂ ਪਰ ਆਪਣੇ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨਾਲ ਨਿਗਮ ਚੋਣਾਂ ਤੋਂ ਪਹਿਲਾਂ 36 ਦਾ  ਅੰਕੜਾ ਉਨ੍ਹਾਂ ਨੂੰ ਸੁਰਖੀਆਂ ਜ਼ਰੂਰ ਦੇ ਗਿਆ।  ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਨੂੰ  ਨਿਗਮ ਚੋਣਾਂ ਵਿਚ ਕੌਂਸਲਰ ਤਕ ਦੀ ਟਿਕਟ ਨਹੀਂ ਮਿਲੀ ਉਸ ਨੂੰ ਜ਼ਿਲਾ ਪ੍ਰਧਾਨ ਦੇ ਅਹਿਮ  ਅਹੁਦੇ ’ਤੇ ਬਿਠਾ ਦਿੱਤਾ। ਅਜਿਹੇ ਵਿਚ ਦੇਵ ਦੇ ਪ੍ਰਧਾਨ ਬਣਦਿਆਂ ਹੀ ਸ਼ਹਿਰ ਦੀ ਸਿਆਸਤ  ਵਿਚ  ਖਲਬਲੀ ਮਚ  ਗਈ ਹੈ। ਅਸਲ ਵਿਚ ਵੈਸਟ ਦੇ ਵਿਧਾਇਕ ਸੁਸ਼ੀਲ ਰਿੰਕੂ ਲੋਕਲ ਬਾਡੀਜ਼  ਮੰਤਰੀ ਦੇ ਕਈ ਫੈਸਲਿਆਂ ਅਤੇ ਨਗਰ ਨਿਗਮ ਟੀਮ ਦਾ ਕਈ ਵਾਰ ਵਿਰੋਧ ਕਰ ਕੇ ਆਪਣੇ ਹਲਕੇ ਵਿਚ  ਕਾਫੀ ਸ਼ੋਹਰਤ ਹਾਸਲ ਕਰ ਚੁੱਕੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹੋਣ  ਕਾਰਨ ਉਨ੍ਹਾਂ ਦਾ ਸਿਆਸੀ ਕੱਦ ਵੀ ਤੇਜ਼ੀ ਨਾਲ ਵਧਿਆ ਹੈ। ਦੂਜੇ ਪਾਸੇ ਰਿੰਕੂ ਦੇ ਵਧਦੇ  ਸਿਆਸੀ ਕੱਦ ਤੋਂ ਹੋਰ ਹਲਕਿਆਂ ਦੇ ਆਗੂ ਖੁਸ਼ ਨਹੀਂ ਹਨ। ਇਹੀ ਨਹੀਂ, ਰਿੰਕੂ ਲੋਕ ਸਭਾ  ਸੀਟ ਲਈ ਵੀ ਵੱਡੇ ਪੱਧਰ ’ਤੇ ਜ਼ੋਰ-ਅਜ਼ਮਾਇਸ਼ ਕਰ ਰਹੇ ਹਨ। ਇਨ੍ਹਾਂ ਸਾਰੀਆਂ ਨੀਤੀਆਂ ਨੇ  ਰਿੰਕੂ ਦੇ ਵਿਰੋਧੀਆਂ ਨੂੰ ਇਕਮੁੱਠ ਹੋਣ ਤੇ ਰਿੰਕੂ ਖਿਲਾਫ ਕੋਈ ਟਰੁੱਪ ਦਾ ਪੱਤਾ ਖੇਡਣ  ਦਾ ਮੌਕਾ ਦੇ ਦਿੱਤਾ ਸੀ। ਬਲਦੇਵ ਸਿੰਘ ਦੇਵ ਨੂੰ ਪ੍ਰਧਾਨ ਬਣਾਉਣਾ ਇਸ ਰਣਨੀਤੀ ਦਾ ਹਿੱਸਾ  ਸੀ। ਵਿਧਾਇਕ ਰਿੰਕੂ ਨਾਲ 36 ਦਾ ਅੰਕੜਾ ਹੀ ਦੇਵ ਨੂੰ ਜ਼ਿਲਾ ਪ੍ਰਧਾਨ ਦੀ ਕੁਰਸੀ ਤਕ ਲੈ  ਗਿਆ। 
ਅਹੁਦਾ ਦੇਣ ਦੇ ਮਾਮਲੇ ’ਚ ਵੈਸਟ ਹਲਕੇ ’ਤੇ ਜ਼ਿਆਦਾ ਮਿਹਰਬਾਨ ਹਾਈ-ਕਮਾਨ 
ਜਲੰਧਰ  ਵੈਸਟ ਵਿਧਾਨ ਸਭਾ ਹਲਕੇ ਦੇ ਆਗੂਆਂ ਨੂੰ ਅਹੁਦਾ ਦੇਣ ਦੇ ਮਾਮਲੇ ਵਿਚ ਹਾਈ ਕਮਾਨ ਕੁਝ  ਜ਼ਿਆਦਾ ਹੀ ਮਿਹਰਬਾਨ ਨਜ਼ਰ ਆ ਰਹੀ ਹੈ। ਸਭ ਤੋਂ ਪਹਿਲਾਂ ਮਹਿੰਦਰ ਸਿੰਘ ਕੇ. ਪੀ. ਦੀ  ਟਿਕਟ ਕੱਟ ਕੇ ਹਾਈ ਕਮਾਨ ਨੇ ਨੌਜਵਾਨ ਆਗੂ ਸੁਸ਼ੀਲ ਰਿੰਕੂ ਨੂੰ ਇਥੇ ਵਿਧਾਇਕ ਅਹੁਦੇ ਦੀ  ਟਿਕਟ ਦਿੱਤੀ ਤਾਂ ਨਗਰ ਨਿਗਮ ਚੋਣਾਂ ਵਿਚ ਪਾਰਟੀ ਦੀ ਜਿੱਤ ਤੋਂ ਬਾਅਦ ਸੀਨੀਅਰ ਡਿਪਟੀ  ਮੇਅਰ ਅਤੇ ਡਿਪਟੀ ਮੇਅਰ ਦਾ ਅਹੁਦਾ ਵੀ ਵੈਸਟ ਵਿਧਾਨ ਸਭਾ ਹਲਕੇ ਦੇ ਖਾਤੇ ਵਿਚ ਗਿਆ। ਹੁਣ  ਇਸ ਤੋਂ ਬਾਅਦ ਜ਼ਿਲਾ ਪ੍ਰਧਾਨਗੀ ਦਾ ਅਹੁਦਾ ਵੈਸਟ ਹਲਕੇ ਵਿਚ ਹੀ ਜੁੜ ਗਿਆ ਹੈ। 
 


Related News