ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੇ ਸ਼ਰਾਬ ਦੇ 2 ਠੇਕਿਆਂ ਤੋਂ ਲੁੱਟੀ ਨਕਦੀ ਅਤੇ ਸ਼ਰਾਬ

10/31/2019 1:12:09 AM

ਤਲਵਾੜਾ, (ਜ. ਬ.)- ਤਲਵਾੜਾ ਵਿਚ ਵਿਗੜਦੀ ਕਾਨੂੰਨ ਵਿਵਸਥਾ ਦੀ ਸੱਚਾਈ ਉਸ ਸਮੇਂ ਸਾਹਮਣੇ ਆਈ ਜਦੋਂ ਮੰਗਲਵਾਰ ਰਾਤ ਨੂੰ ਹਥਿਆਰਬੰਦ ਲੁਟੇਰਿਆਂ ਨੇ ਤਲਵਾੜਾ ਅਤੇ ਕਮਾਹੀ ਦੇਵੀ ਏਰੀਆ ਵਿਚ ਸ਼ਰਾਬ ਦੇ 2 ਠੇਕਿਆਂ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਜਾਣਕਾਰੀ ਦੇ ਅਨੁਸਾਰ ਰਾਤ ਕਰੀਬ 9.50 ’ਤੇ ਤਲਵਾੜਾ ਕਾਲੀ ਮਾਤਾ ਮੰਦਰ ਡੈਮ ਰੋਡ ਕੋਲ ਮਾਰੂਤੀ ਏਜੰਸੀ ਦੇ ਨੇੜੇ ਲੁਟੇਰਿਆਂ ਨੇ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕੇ ’ਤੇ ਹਥਿਆਰਾਂ ਦੀ ਨੋਕ ’ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੇ ਸਮੇਂ ਠੇਕੇ ’ਤੇ ਕੰਮ ਕਰਨ ਵਾਲੇ ਸੇਲਜ਼ਮੈਨ ਮਨਮੋਹਨ ਸਿੰਘ ਪੁੱਤਰ ਠਾਕੁਰ ਦਾਸ ਵਾਸੀ ਪਿੰਡ ਖਟਿਆੜ ਜ਼ਿਲਾ ਕਾਂਗੜਾ (ਹਿਮਾਚਲ ਪ੍ਰਦੇਸ਼) ਨੇ ਤਲਵਾੜਾ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਰਾਤ ਕਰੀਬ 9.50 ਵਜੇ ਠੇਕੇ ’ਤੇ ਮੇਰੇ ਨਾਲ ਸੰਜੂ ਜਰਯਾਲ ਅਤੇ ਨਾਲ ਲੱਗਦੇ ਅਹਾਤੇ ਵਿਚ ਰਾਜਿੰਦਰ ਕੁਮਾਰ ਮੌਜੂਦ ਸਨ ਤਾਂ ਅਚਾਨਕ ਇਕ ਸਫੈਦ ਕਾਰ ਠੇਕੇ ਦੇ ਸਾਹਮਣੇ ਰੋਡ ’ਤੇ ਰੁਕੀ, ਜਿਸ ਵਿਚੋਂ 6 ਨਕਾਬਪੋਸ਼ ਨੌਜਵਾਨ ਉਤਰੇ। ਇਨ੍ਹਾਂ ਵਿਚੋਂ ਇਕ ਲਾਲ ਕਮੀਜ਼ ਪਹਿਨੀ ਨੌਜਵਾਨ ਦੇ ਹੱਥ ਵਿਚ ਇਕ ਪਿਸਤੌਲ ਅਤੇ ਦੂਸਰੇ ਨੀਲੇ ਰੰਗ ਦੀ ਕਮੀਜ਼ ਵਾਲੇ ਨੌਜਵਾਨ ਦੇ ਹੱਥ ਵਿਚ ਦਾਤਰ ਸੀ, ਠੇਕੇ ਵਿਚ ਦਾਖਲ ਹੁੰਦੇ ਹੀ ਉਨ੍ਹਾਂ ਸਾਡੇ ਮੋਬਾਇਲ ਖੋਹ ਲਏ ਤੇ ਉਸ ਤੋਂ ਬਾਅਦ ਗੱਲੇ ਵਿਚ ਪਏ ਕਰੀਬ 15 ਹਜ਼ਾਰ ਰੁਪਏ ਕੱਢ ਲਏ ਅਤੇ 15-16 ਬੋਤਲਾਂ ਸ਼ਰਾਬ ਦੀਆਂ ਚੁੱਕ ਲਈਆਂ। ਇਸ ਤੋਂ ਇਲਾਵਾ ਸੰਜੂ ਜਰਯਾਲ ਦੇ ਪਰਸ ਵਿਚੋਂ 3500 ਰੁਪਏ ਅਤੇ ਮਨਮੋਹਨ ਦੇ ਪਰਸ ਵਿਚੋਂ 3400 ਰੁਪਏ ਵੀ ਲੁਟੇਰੇ ਖੋਹ ਕੇ ਲੈ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਏ. ਐੱਸ. ਆਈ. ਓਮ ਪ੍ਰਕਾਸ਼ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਇਜ਼ਾ ਲਿਆ। ਐੱਸ. ਐੱਚ. ਓ. ਸੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਨਾਲ ਲੁਟੇਰਿਆਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਓਧਰ ਕਮਾਹੀ ਦੇਵੀ ਦੇ ਬਹਚੂਹੜ ਦੇ ਠੇਕੇ ’ਤੇ ਹੋਈ ਲੁੱਟ ਦੇ ਬਾਰੇ ਵਿਚ ਠੇਕਾ ਪ੍ਰਬੰਧਕ ਨੇ ਪੁਲਸ ਨੂੰ ਦੱਸਿਆ ਕਿ ਲੁਟੇਰੇ ਰਾਤ ਕਰੀਬ 10.10 ਵਜੇ ਪਹੁੰਚੇ ਅਤੇ ਗੱਲੇ ਵਿਚ ਪਏ ਇਕ ਲੱਖ 12 ਹਜ਼ਾਰ ਰੁਪਏ ਅਤੇ 10 ਸਕਾਚ ਦੀਆਂ ਬੋਤਲਾਂ ਲੈ ਗਏ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਹਮਲਾਵਰ ਪਹਿਲਾਂ ਤਲਵਾੜਾ ਦੇ ਹੋਟਲ ਵਿਚ ਵੀ ਗਏ, ਉਥੋਂ ਕੁਝ ਨਾ ਮਿਲਣ ਦੇ ਬਾਅਦ ਇਨ੍ਹਾਂ ਲੁਟੇਰਿਆਂ ਨੇ ਠੇਕਿਆਂ ਦਾ ਰੁਖ਼ ਕੀਤਾ। ਇਹ ਵੀ ਚਰਚਾ ਹੈ ਕਿ ਉਸ ਸਮੇਂ ਹੀ ਪੁਲਸ ਨੂੰ ਇਨ੍ਹਾਂ ਲੁਟੇਰਿਆਂ ਬਾਰੇ ਸੂਚਨਾ ਦਿੱਤੀ ਗਈ ਸੀ ਪਰ ਪੁਲਸ ਮੌਕੇ ’ਤੇ ਨਹੀਂ ਪਹੁੰਚ ਸਕੀ।


Bharat Thapa

Content Editor

Related News