ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਕਾਰਣ ਬਜ਼ੁਰਗ ਔਰਤ ਦੀ ਮੌਤ
Thursday, Feb 13, 2020 - 10:45 PM (IST)

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਚੱਬੇਵਾਲ ਦੇ ਅਧੀਨ ਚੰਡੀਗਡ਼੍ਹ ਮੇਨ ਰੋਡ ’ਤੇ ਸਥਿਤ ਪਿੰਡ ਬਾਹੋਵਾਲ ’ਚ ਅੱਜ ਤਡ਼ਕੇ ਸਾਢੇ 3 ਵਜੇ ਦੇ ਕਰੀਬ ਬੱਸ ਤੋਂ ਉੱਤਰਦੇ ਹੀ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਾਰਣ 57 ਸਾਲਾ ਬਜ਼ੁਰਗ ਔਰਤ ਜਸਬੀਰ ਕੌਰ ਪਤਨੀ ਪੁਰਸ਼ੋਤਮ ਲਾਲ ਨਿਵਾਸੀ ਨੋਏਡਾ ਗੰਭੀਰ ਜ਼ਖ਼ਮੀ ਹੋ ਗਈ। ਆਸਪਾਸ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਜਸਬੀਰ ਕੌਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹਾਦਸੇ ’ਚ ਮ੍ਰਿਤਕ ਜਸਬੀਰ ਕੌਰ ਦੇ ਨਾਲ ਨੋਏਡਾ ਤੋਂ ਆ ਰਹੇ ਬੇਟੇ ਰਿਸ਼ਵ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਭਾਣਜੀ ਦੇ ਵਿਆਹ ’ਚ ਸ਼ਾਮਲ ਹੋਣ ਲਈ ਨੋਏਡਾ ਤੋਂ ਆ ਰਹੀ ਸੀ ਜਸਬੀਰ ਕੌਰ : ਸਿਵਲ ਹਸਪਤਾਲ ਵਿਚ ਮ੍ਰਿਤਕਾ ਜਸਬੀਰ ਕੌਰ ਦੇ ਭਰਾ ਗੋਬਿੰਦਰ ਕੁਮਾਰ ਪੁੱਤਰ ਲਸ਼ਕਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਨਾਈਟ ਬੱਸ ਵਿਚ ਸਵਾਰ ਹੋ ਕੇ ਨੋਏਡਾ ਤੋਂ ਆਪਣੇ ਬੇਟੇ ਰਿਸ਼ਵ ਨਾਲ ਆਪਣੀ ਭਾਣਜੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਹੰਦੋਵਾਲ ਪਿੰਡ ਆ ਰਹੀ ਸੀ। ਤੜਕੇ ਸਾਢੇ 3 ਵਜੇ ਬੱਸ ਵਿਚੋਂ ਉੱਤਰਦੇ ਹੀ ਜਦੋਂ ਉਹ ਸਾਮਾਨ ਸਮੇਟ ਕੇ ਪਿੰਡ ਆਉਣ ਲੱਗੀ ਕਿ ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਾਰਣ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਰਿਸ਼ਵ ਦੇ ਦੱਸਣ ’ਤੇ ਅਸੀਂ ਲੋਕ ਕੁਝ ਮਿੰਟ ਦੇ ਅੰਦਰ ਹੀ ਮੌਕੇ ’ਤੇ ਪਹੁੰਚ ਗਏ ਅਤੇ ਉਸ ਨੂੰ ਹਸਪਤਾਲ ਲੈ ਗਏ ਜਿਥੇ ਉਸ ਦੀ ਮੌਤ ਹੋ ਗਈ।
ਪੁਲਸ ਨੇ ਕੀਤਾ ਅਣਪਛਾਤੇ ਵਾਹਨ ਚਾਲਕ ’ਤੇ ਮਾਮਲਾ ਦਰਜ : ਥਾਣਾ ਚੱਬੇਵਾਲ ਵਿਚ ਤਾਇਨਾਤ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸੁਰਜੀਤ ਸਿੰਘ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਜਸਬੀਰ ਕੌਰ ਦੇ ਭਰਾ ਗੋਬਿੰਦਰ ਸਿੰਘ ਦੇ ਬਿਆਨ ’ਤੇ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।