GST ਚੋਰੀ: ਅੰਮ੍ਰਿਤਸਰ ਤੋਂ ਛੋਟੇ ਵਾਹਨਾਂ ਜ਼ਰੀਏ ਮਹਾਨਗਰ ’ਚ ਮੰਗਵਾਇਆ ਜਾ ਰਿਹੈ 2 ਨੰਬਰ ਦਾ ਮਾਲ

09/19/2022 6:46:40 PM

ਜਲੰਧਰ (ਪੁਨੀਤ)-ਸਟੇਟ ਜੀ. ਐੱਸ. ਟੀ. ਮੋਬਾਇਲ ਵਿੰਗ ਵੱਲੋਂ ਸਿਟੀ ਰੇਲਵੇ ਸਟੇਸ਼ਨ ’ਤੇ ਲਗਾਤਾਰ ਕੀਤੀ ਜਾ ਰਹੀ ਛਾਪੇਮਾਰੀ ਕਾਰਨ ਟੈਕਸ ਚੋਰਾਂ ਨੇ ਜਲੰਧਰ ਸਟੇਸ਼ਨ ’ਤੇ ਮਾਲ ਉਤਾਰਨ ਦੀ ਥਾਂ ’ਤੇ ਅੰਮ੍ਰਿਤਸਰ ਦੀ ਬੁਕਿੰਗ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਪਹੁੰਚਣ ਵਾਲੇ 2 ਨੰਬਰ ਵਾਲੇ ਮਾਲ ਨੂੰ ਛੋਟੇ ਵਾਹਨਾਂ ਰਾਹੀਂ ਜਲੰਧਰ ਮੰਗਵਾਇਆ ਜਾ ਰਿਹਾ ਹੈ ਤਾਂਕਿ ਇਸ ਨੂੰ ਜੀ. ਐੱਸ. ਟੀ. ਵਿਭਾਗ ਦੀਆਂ ਨਜ਼ਰਾਂ ਤੋਂ ਬਚਾਇਆ ਜਾ ਸਕੇ। ਜੀ. ਐੱਸ. ਟੀ. ਮੋਬਾਇਲ ਵਿੰਗ ਨੇ ਗੁਪਤ ਸੂਚਨਾਵਾਂ ਦੇ ਆਧਾਰ ’ਤੇ ਜਲੰਧਰ ਸਮੇਤ ਵੱਖ-ਵੱਖ ਰੇਲਵੇ ਸਟੇਸ਼ਨਾਂ ਤੋਂ ਮਾਲ ਜ਼ਬਤ ਕਰ ਕੇ 30 ਲੱਖ ਤੋਂ ਵੱਧ ਜੁਰਮਾਨਾ ਕੀਤਾ ਹੈ। ਪਿਛਲੇ ਸਮੇਂ ਦੌਰਾਨ ਸਾਹਮਣੇ ਆਏ 7-8 ਕੇਸਾਂ ਵਿਚ 2 ਨੰਬਰ ਦਾ ਕੰਮ ਕਰਨ ਵਾਲਿਆਂ ਨੂੰ ਮੂੰਹ ਦੀ ਖਾਣੀ ਪੈ ਚੁੱਕੀ ਹੈ। ਇਸ ਵਿਚ ਮੁੱਖ ਤੌਰ ’ਤੇ ਮੁਰਾਦਾਬਾਦ ਤੋਂ ਆਏ ਭਾਂਡਿਆਂ ’ਤੇ 5-6 ਲੱਖ, ਬੀੜੀਆਂ ’ਤੇ 11.70 ਲੱਖ ਅਤੇ ਮੋਬਾਇਲ ਅਸੈੱਸਰੀਜ਼ ’ਤੇ 12 ਲੱਖ ਰੁਪਏ ਜੁਰਮਾਨਾ ਕੀਤਾ ਜਾ ਚੁੱਕਾ ਹੈ।

ਸਿਟੀ ਰੇਲਵੇ ਸਟੇਸ਼ਨ ’ਤੇ ਸ਼ੁਰੂ ਹੋਈ ਕਾਰਵਾਈ ਕਾਰਨ ਕਥਿਤ ਟੈਕਸ ਚੋਰਾਂ ਵੱਲੋਂ ਹੁਸ਼ਿਆਰਪੁਰ ਵਿਚ ਮਾਲ ਉਤਾਰਨਾ ਸ਼ੁਰੂ ਕੀਤਾ ਗਿਆ ਸੀ ਪਰ ਜੀ. ਐੱਸ. ਟੀ. ਮੋਬਾਇਲ ਵਿੰਗ ਨੂੰ ਇਸ ਦੀ ਭਿਣਕ ਪੈ ਗਈ। ਪਿਛਲੇ ਦਿਨੀਂ ਇਕ ਵੱਡੀ ਕਾਰਵਾਈ ਦੌਰਾਨ ਸਟੇਟ ਟੈਕਸ ਅਫ਼ਸਰ (ਐੱਸ. ਟੀ. ਓ.) ਡੀ. ਐੱਸ. ਚੀਮਾ ਨੇ ਹੁਸ਼ਿਆਰਪੁਰ ਤੋਂ ਬੀੜੀਆਂ ਦੇ ਨਗ ਜ਼ਬਤ ਕੀਤੇ ਅਤੇ ਇਨ੍ਹਾਂ ਤੋਂ 11.70 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ। ਹੁਸ਼ਿਆਰਪੁਰ ਦਾ ਸਟੇਸ਼ਨ ਜਲੰਧਰ ਜੀ. ਐੱਸ. ਟੀ. ਮੋਬਾਇਲ ਵਿੰਗ ਦੇ ਅਧਿਕਾਰ ਖੇਤਰ ਵਿਚ ਆਉਣ ਕਾਰਨ ਟੈਕਸ ਚੋਰਾਂ ਨੇ ਹੁਣ ਹੁਸ਼ਿਆਰਪੁਰ ਵਿਚ ਮਾਲ ਲੁਹਾਉਣਾ ਘੱਟ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਮਾਪਿਆਂ ਦਿਲ ਦੀ ਜਾਣੇ ਬਿਨਾਂ ਕਰ ਦਿੱਤਾ ਵਿਆਹ, ਹੁਣ ਸਹੁਰੇ ਘਰੋਂ ਤੰਗ ਵਿਆਹੁਤਾ ਬੱਚੀ ਸਣੇ ਖਾ ਰਹੀ ਠੋਕਰਾਂ

ਸੂਤਰਾਂ ਮੁਤਾਬਕ ਹੁਣ ਦਿੱਲੀ ਤੋਂ ਆਉਣ ਵਾਲੇ ਮਾਲ ਨੂੰ ਜਲੰਧਰ ਦੀ ਥਾਂ ਅੰਮ੍ਰਿਤਸਰ ਲਈ ਬੁੱਕ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿਚ ਮਾਲ ਦੀ ਖੇਪ ਉਤਾਰਨ ਤੋਂ ਬਾਅਦ ਛੋਟੇ ਪ੍ਰਾਈਵੇਟ ਵਾਹਨਾਂ ਅਤੇ ਬੱਸਾਂ ਰਾਹੀਂ ਉਸ ਨੂੰ ਛੋਟੇ-ਛੋਟੇ ਨਗਾਂ ਵਿਚ ਦੂਜੇ ਸ਼ਹਿਰਾਂ ਵਿਚ ਭੇਜਿਆ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜੇਕਰ ਕੋਈ ਵਾਹਨ ਫੜ ਵੀ ਲਿਆ ਜਾਵੇਗਾ ਤਾਂ ਉਸ ਨੂੰ ਹਜ਼ਾਰਾਂ ਰੁਪਏ ਜੁਰਮਾਨਾ ਹੋਵੇਗਾ। ਉਥੇ ਹੀ, ਮਾਲ ਦੀ ਖੇਪ ਜਲੰਧਰ ਵਿਚ ਉਤਾਰਨ ’ਤੇ ਲੱਖਾਂ ਰੁਪਏ ਜੁਰਮਾਨੇ ਵਜੋਂ ਭਰਨੇ ਪੈਣਗੇ। ਇਸ ਕਾਰਨ ਹੁਣ ਅੰਮ੍ਰਿਤਸਰ ’ਤੇ ਫੋਕਸ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਲ ਪ੍ਰਾਈਵੇਟ ਬੱਸਾਂ ਰਾਹੀਂ ਵੀ ਇਧਰ-ਉਧਰ ਕੀਤਾ ਜਾ ਰਿਹਾ ਹੈ।

ਜੀ. ਐੱਸ. ਟੀ. ਅਤੇ ਰੇਲਵੇ ਅਧਿਕਾਰੀਆਂ ਦੇ ਮਤਭੇਦ ਉਭਰ ਕੇ ਆਏ ਸਾਹਮਣੇ
ਜੀ. ਐੱਸ. ਟੀ. ਮੋਬਾਇਲ ਵਿੰਗ ਅਤੇ ਰੇਲਵੇ ਅਧਿਕਾਰੀਆਂ ਵਿਚਕਾਰ ਮਤਭੇਦ ਉਭਰ ਕੇ ਸਾਹਮਣੇ ਆ ਚੁੱਕੇ ਹਨ। ਇਸ ਕਾਰਨ ਮੋਬਾਇਲ ਵਿੰਗ ਰੇਲਵੇ ਦੀ ਕਾਰਜਪ੍ਰਣਾਲੀ ’ਤੇ ਨਜ਼ਰਾਂ ਟਿਕਾਈ ਬੈਠਾ ਹੈ। ਜੀ. ਐੱਸ. ਟੀ. ਨੇ ਰੇਲਵੇ ’ਤੇ ਸਾਥ ਨਾ ਦੇਣ ਦਾ ਦੋਸ਼ ਲਾਉਂਦੇ ਹੋਏ ਜਲੰਧਰ ਪਾਰਸਲ ਵਿਭਾਗ ਦੇ ਸੁਪਰਵਾਈਜ਼ਰ ਨੂੰ ਸੰਮਨ ਭੇਜਿਆ ਸੀ। ਐੱਸ. ਟੀ. ਓ. ਮ੍ਰਿਣਾਲ ਸ਼ਰਮਾ ਵੱਲੋਂ ਨੋਟਿਸ ਭੇਜੇ ਜਾਣ ਤੋਂ ਬਾਅਦ ਇਹ ਮਾਮਲਾ ਜੀ. ਐੱਸ. ਟੀ. ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਜਾਣਕਾਰੀ ਵਿਚ ਵੀ ਲਿਆਂਦਾ ਜਾ ਚੁੱਕਿਆ ਹੈ। ਇਸੇ ਤਰ੍ਹਾਂ ਐੱਸ. ਟੀ. ਓ. ਡੀ. ਐੱਸ. ਚੀਮਾ ਨੇ ਹੁਸ਼ਿਆਰਪੁਰ ਦੇ ਸਟੇਸ਼ਨ ਅਧਿਕਾਰੀ ਨੂੰ ਨੋਟਿਸ ਭੇਜਿਆ ਹੈ। ਇਸ ਕਾਰਨ ਟੈਕਸ ਚੋਰੀ ਵਾਲਾ ਮਾਲ ਜਲੰਧਰ ਜਾਂ ਨੇੜਲੇ ਸਟੇਸ਼ਨਾਂ ’ਤੇ ਉਤਾਰਨਾ ਆਸਾਨ ਨਹੀਂ ਹੈ। ਜੀ. ਐੱਸ. ਟੀ. ਦਾ ਖੁਫੀਆ ਤੰਤਰ ਰੇਲਵੇ ਸਟੇਸ਼ਨ ’ਤੇ ਨਜ਼ਰਾਂ ਗੱਡੀ ਬੈਠਾ ਹੈ। ਜਲੰਧਰ ਵਿਚ ਮਾਲ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਵੱਡਾ ਰਿਸਕ ਹੋਵੇਗਾ, ਇਸੇ ਲਈ 2 ਨੰਬਰ ਦਾ ਮਾਲ ਉਤਾਰਨ ਵਾਲੇ ਫੂਕ-ਫੂਕ ਕੇ ਕਦਮ ਰੱਖ ਰਹੇ ਹਨ।

ਇਹ ਵੀ ਪੜ੍ਹੋ: ਪ੍ਰਤਾਪ ਬਾਜਵਾ ਨੇ ਕੈਪਟਨ ਨੂੰ ਦੱਸਿਆ ਚੱਲਿਆ ਹੋਇਆ ਕਾਰਤੂਸ, CM ਮਾਨ ’ਤੇ ਵੀ ਸਾਧੇ ਨਿਸ਼ਾਨੇ

ਚੰਡੀਗੜ੍ਹ ਬੈਠੇ ਅਧਿਕਾਰੀਆਂ ’ਤੇ ਟੈਕਸ ਬਚਾਉਣ ਦਾ ਦਾਰੋਮਦਾਰ
ਮੁੱਖ ਮੰਤਰੀ ਵੱਲੋਂ ਟੈਕਸ ਵਧਾਉਣ ਦਾ ਐਲਾਨ ਕਰਨ ਤੋਂ ਬਾਅਦ ਵਿਭਾਗ ਸਰਗਰਮ ਹੁੰਦਾ ਨਜ਼ਰ ਆਇਆ ਪਰ ਹੁਣ ਟੈਕਸ ਚੋਰਾਂ ਨੇ ਦੂਜੇ ਰਸਤੇ ਲੱਭ ਲਏ ਹਨ। ਇਸ ਕਾਰਨ ਚੰਡੀਗੜ੍ਹ ਬੈਠੇ ਅਧਿਕਾਰੀਆਂ ’ਤੇ ਟੈਕਸ ਬਚਾਉਣ ਦਾ ਦਾਰੋਮਦਾਰ ਆ ਚੁੱਕਾ ਹੈ। ਅਧਿਕਾਰੀ ਰੇਲਵੇ ਨਾਲ ਤਾਲਮੇਲ ਕਰ ਕੇ ਮਾਲ ਨੂੰ ਜ਼ਬਤ ਕਰਨ ਦੀ ਇਜਾਜ਼ਤ ਲੈ ਲੈਂਦੇ ਹਨ ਤਾਂ ਗੱਲ ਬਣ ਸਕਦੀ ਹੈ। ਮੋਬਾਇਲ ਵਿੰਗ ਜਲੰਧਰ ਕੋਲ ਪੁਖਤਾ ਜਾਣਕਾਰੀ ਪਹੁੰਚ ਜਾਂਦੀ ਹੈ ਅਤੇ ਮਾਲ ਜਲੰਧਰ ਵਿਚ ਉਤਾਰ ਲਿਆ ਜਾਵੇ ਤਾਂ ਵਿਭਾਗ ਵੱਡੇ ਪੱਧਰ ’ਤੇ ਟੈਕਸ ਇਕੱਠਾ ਕਰ ਸਕਦਾ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 


Anuradha

Content Editor

Related News