ਅਮਰਿੰਦਰ ਨੇ ਗੁਰਦਾਸਪੁਰ 'ਚ ਜਾਖੜ ਨੂੰ ਪਾਰਟੀ ਟਿਕਟ ਦੇਣ ਸਬੰਧੀ ਦਿੱਤੀ ਹਰੀ ਝੰਡੀ

03/09/2019 12:21:37 AM

ਜਲੰਧਰ, (ਧਵਨ)– ਪੰਜਾਬ ਦੇ ਮੁੱਖ  ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਗੁਰਦਾਸਪੁਰ ਲੋਕ ਸਭਾ ਸੀਟ  ਲਈ ਪੰਜਾਬ  ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਪਾਰਟੀ ਟਿਕਟ ਦੇਣ ਸਬੰਧੀ ਹਰੀ ਝੰਡੀ ਦਿੰਦੇ ਹੋਏ  ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਆਫੀਸ਼ੀਅਲ ਉਮੀਦਵਾਰਾਂ ਦਾ ਵਿਰੋਧ ਕਰਨ ਵਾਲੇ ਨੇਤਾਵਾਂ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਮੌਜੂਦਾ ਸੰਸਦ ਮੈਂਬਰ ਤੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਹੀ ਹੋਣਗੇ।
ਕੈਪਟਨ ਨੇ ਕਿਹਾ ਕਿ ਕਾਂਗਰਸ ਵੱਲੋਂ ਪੰਜਾਬ ਵਿਚ ਪਾਰਟੀ ਉਮੀਦਵਾਰਾਂ ਦਾ ਐਲਾਨ ਇਕ ਹਫਤੇ ਦੇ ਅੰਦਰ ਕਰ ਦਿੱਤਾ ਜਾਵੇਗਾ। ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਜਾਂ ਬਗਾਵਤ ਦੀ ਸਰਗਰਮੀ ਨੂੰ ਕਿਸੇ ਕੀਮਤ 'ਤੇ ਸਹਿਣ ਨਹੀਂ  ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਪਿੱਛੋਂ ਪਾਰਟੀ ਅੰਦਰ ਕੋਈ ਬੇਚੈਨੀ ਨਹੀਂ ਹੈ। ਟਿਕਟ ਮੰਗਣਾ ਸਭ ਦਾ ਅਧਿਕਾਰ ਹੈ ਪਰ ਪਾਰਟੀ ਹਾਈਕਮਾਂਡ ਦੇ ਫੈਸਲੇ ਦੀ ਸਾਰੇ ਨੇਤਾ ਪਾਲਣਾ ਕਰਨਗੇ ਕਿਉਂਕਿ ਸਾਰੇ ਕਾਂਗਰਸੀ ਪਾਰਟੀ ਦੇ ਅਨੁਸ਼ਾਸਿਤ ਸਿਪਾਹੀ ਹਨ। ਉਨ੍ਹਾਂ ਕਿਹਾ ਕਿ ਹਾਈਕਮਾਂਡ ਜਿੱਤਣ ਵਾਲੇ ਉਮੀਦਵਾਰਾਂ ਨੂੰ ਹੀ ਟਿਕਟ ਦੇਵੇਗੀ। ਜੇਕਰ ਕੋਈ ਹਾਈਕਮਾਂਡ ਦੇ ਫੈਸਲੇ ਦਾ ਵਿਰੋਧ ਕਰੇਗਾ ਤਾਂ ਉਸ ਨੂੰ  ਪਾਰਟੀ ਵਿਚੋਂ  ਕੱਢ ਦਿੱਤਾ ਜਾਵੇਗਾ। 
ਮੁੱਖ ਮੰਤਰੀ ਨੇ ਕਿਹਾ ਕਿ ਬੀਤੇ 10 ਸਾਲਾਂ ਦੌਰਾਨ ਪਿਛਲੀ ਸਰਕਾਰ ਸਮੇਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਵਾਂ ਨਾਲ ਸਬੰਧਤ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ  ਜਾਵੇਗਾ। ਉਨ੍ਹਾਂ ਕਿਹਾ ਕਿ ਬਹਿਬਲ  ਕਲਾਂ ਅਤੇ ਕੋਟਕਪੂਰਾ ਵਿਖੇ ਪੁਲਸ ਫਾਇਰਿੰਗ ਲਈ ਜ਼ਿੰਮੇਵਾਰ ਲੋਕਾਂ ਨੂੰ ਵੀ ਛੱਡਿਆ ਨਹੀਂ  ਜਾਵੇਗਾ। ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਵਿਸ਼ੇਸ਼ ਤਫਤੀਸ਼ੀ ਟੀਮ ਕਰ ਰਹੀ ਹੈ ਅਤੇ ਉਸ ਦੀ ਰਿਪੋਰਟ ਵਿਚ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ। 
ਮੁੱਖ  ਮੰਤਰੀ ਨੇ ਨਸ਼ਿਆਂ ਦਾ ਜ਼ਿਆਦਾ ਸੇਵਨ ਕਰਨ 'ਤੇ ਅੰਮ੍ਰਿਤਸਰ ਵਿਚ ਹੋਈਆਂ ਮੌਤਾਂ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਘਟਨਾਵਾਂ ਇਸ ਲਈ ਹੋ ਰਹੀਆਂ ਹਨ ਕਿਉਂਕਿ ਸਰਕਾਰ ਨੇ ਨਸ਼ੀਲੇ ਪਦਾਰਥਾਂ ਉਪਰ ਸਖਤੀ ਨਾਲ ਰੋਕ ਲਾ ਦਿੱਤੀ ਹੈ ਅਤੇ ਹੁਣ ਕੁਝ ਲੋਕ ਨਸ਼ੀਲੀਆਂ ਦਵਾਈਆਂ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ। ਇਸ ਵੱਲ ਵੀ ਸਰਕਾਰ ਸਖਤੀ ਨਾਲ  ਧਿਆਨ ਦੇ ਰਹੀ ਹੈ ਅਤੇ ਲੋਕਾਂ ਵਿਚ ਵੀ ਜਾਗਰੂਕਤਾ ਪੈਦਾ  ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਉਪਰ ਕਾਫੀ ਹੱਦ ਤੱਕ ਰੋਕ ਲੱਗ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਆਪਣੇ 10 ਸਾਲਾਂ ਦੇ ਸਮੇਂ ਦੌਰਾਨ ਨਸ਼ਿਆਂ ਉਪਰ ਰੋਕ ਲਾਉਣ ਬਾਰੇ ਬਿਲਕੁੱਲ ਵੀ ਧਿਆਨ ਨਹੀਂ  ਦਿੱਤਾ ਸੀ ਪਰ ਸਾਡੀ ਸਰਕਾਰ ਨਸ਼ਿਆਂ  ਨੂੰ ਜੜ੍ਹ ਤੋਂ ਖਤਮ ਕਰ ਕੇ ਹੀ ਦਮ ਲਏਗੀ।


Bharat Thapa

Content Editor

Related News