ਸ਼ਰਾਬ ਦਾ ਠੇਕਾ ਲੁੱਟਣ ਵਾਲੇ ਲੁਟੇਰੇ ਗ੍ਰਿਫਤਾਰ

07/24/2019 12:56:07 AM

ਰੂਪਨਗਰ, (ਵਿਜੇ)- ਬੀਤੇ ਦਿਨੀਂ ਰੂਪਨਗਰ-ਸ੍ਰੀ ਚਮਕੌਰ ਸਾਹਿਬ ਮਾਰਗ ’ਤੇ ਪਿੰਡ ਰੈਲੋਂ ਖੁਰਦ ’ਚ ਸਥਿਤ ਸ਼ਰਾਬ ਦੇ ਠੇਕੇ ’ਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਕੀਤੀ ਗਈ ਲੁੱਟ ਦੇ ਮਾਮਲੇ ਨੂੰ ਪੁਲਸ ਵੱਲੋਂ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਦੋਂ ਕਿ ਪੁਲਸ ਨੇ ਠੇਕਾ ਲੁੱਟਣ ਵਾਲੇ 4 ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਕੈਂਟਰ ਵੀ ਬਰਾਮਦ ਕੀਤਾ। ਪੁਲਸ ਵੱਲੋਂ ਕਾਬੂ ਕੀਤੇ ਗਏ 4 ਮੁਲਜ਼ਮ ਲੁਧਿਆਣਾ ਜ਼ਿਲੇ ਦੇ ਰਹਿਣ ਵਾਲੇ ਦੱਸੇ ਗਏ ਹਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ.ਆਰ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਦੇ ਮੁਖੀ ਸੁਨੀਲ ਕੁਮਾਰ ਦੀ ਅਗਵਾਈ ’ਚ ਏ.ਐੱਸ.ਆਈ. ਸੁਰਿੰਦਰ ਸਿੰਘ, ਸਬ-ਇੰਸਪੈਕਟਰ ਨਵਦੀਪ ਕੌਰ, ਸਬ-ਇੰਸ. ਮੋਨਿਕਾ ਰਾਣੀ, ਸਿਪਾਹੀ ਅਸ਼ਵਨੀ ਕੁਮਾਰ, ਵਿਜੇ ਕੁਮਾਰ ਦੀ ਟੀਮ ਨੇ ਜਾਂਚ ਕਰਦੇ ਹੋਏ ਰੈਲੋਂ ਖੁਰਦ ਦਾ ਠੇਕਾ ਲੁੱਟਣ ਵਾਲੇ ਮੁਲਜ਼ਮ ਕ੍ਰਿਸ਼ਨ ਗੋਪਾਲ ਪੁੱਤਰ ਜੋਗਿੰਦਰਪਾਲ ਵਾਸੀ ਕਾਕੋਵਾਲ, ਛਿੰਦਾ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਸਮਰਾਲੀ, ਰੋਹਿਤ ਕੁਮਾਰ ਪੁੱਤਰ ਜਸਬੀਰ ਸਿੰਘ ਵਾਸੀ ਸਮਰਾਲੀ ਅਤੇ ਰਵੀ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕਾਲੇਵਾਲ (ਸਾਰੇ ਜ਼ਿਲਾ ਲੁਧਿਆਣਾ) ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਸ਼ਰਾਬ ਦਾ ਠੇਕਾ ਲੁੱਟਣ ਸਮੇਂ ਵਰਤਿਆ ਗਿਆ ਕੈਂਟਰ ਵੀ ਬਰਾਮਦ ਕੀਤਾ ਗਿਆ ਹੈ। ਡੀ.ਐੱਸ.ਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ 2 ਮੁਲਜ਼ਮਾਂ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮਾਂ ਵੱਲੋਂ 14-15 ਜੁਲਾਈ ਦੀ ਦਰਮਿਆਨੀ ਰਾਤ ਨੂੰ ਠੇਕੇ ਤੋਂ 20 ਹਜ਼ਾਰ ਰੁ. ਦੀ ਨਕਦੀ ਅਤੇ 22 ਪੇਟੀਆਂ ਬੀਅਰ ਅਤੇ 8 ਪੇਟੀਆਂ ਸ਼ਰਾਬ ਦੀ ਲੁੱਟ ਕੀਤੀ ਗਈ ਸੀ।


Bharat Thapa

Content Editor

Related News