ਚੰਡੀਗੜ੍ਹ ਤੋਂ 2 ਗੱਡੀਆਂ ''ਚ ਲਿਆਂਦੀ ਸ਼ਰਾਬ ਫੜੀ, 172 ਪੇਟੀਆਂ ਬਰਾਮਦ ਤੇ ਇਕ ਕਾਬੂ
Thursday, Mar 14, 2019 - 01:08 AM (IST)
ਜਲੰਧਰ,(ਜ.ਬ.) : ਸੀ. ਆਈ. ਏ. ਸਟਾਫ ਨੇ ਨਾਜਾਇਜ਼ ਤਰੀਕੇ ਨਾਲ ਜਲੰਧਰ ਲਿਆਂਦੀ ਜਾ ਰਹੀ ਸ਼ਰਾਬ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਸੀ. ਆਈ. ਏ. ਸਟਾਫ-1 ਨੇ ਮਹਿੰਦਰਾ ਪਿਕਅਪ ਸਮੇਤ 2 ਗੱਡੀਆਂ 'ਚੋਂ 172 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਹਨ, ਜਦਕਿ ਇਕ ਸਮੱਗਲਰ ਨੂੰ ਵੀ ਕਾਬੂ ਕੀਤਾ। ਨਾਕੇ ਦੌਰਾਨ ਬਸਤੀ ਸ਼ੇਖ ਦੇ ਦੋ ਸਕੇ ਭਰਾਵਾਂ ਸਣੇ ਚਾਰ ਸਮੱਗਲਰ ਫਰਾਰ ਹੋਣ 'ਚ ਕਾਮਯਾਬ ਹੋ ਗਏ।
ਹਾਲ ਹੀ 'ਚ ਸੀ. ਆਈ. ਏ. ਸਟਾਫ ਦਾ ਚਾਰਜ ਸੰਭਾਲਣ ਵਾਲੇ ਸਬ-ਇੰਸਪੈਕਟਰ ਹਰਮਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਵੱਡੀ ਕਾਮਯਾਬੀ ਹਾਸਲ ਕੀਤੀ। ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁਰਜੀਤ ਸਿੰਘ ਪੁੱਤਰ ਅਰਜੁਨ ਸਿੰਘ ਵਾਸੀ ਮਾਛੀਵਾੜਾ ਲੁਧਿਆਣਾ ਆਪਣੇ ਡਰਾਈਵਰ ਨਾਲ ਮਹਿੰਦਰਾ ਪਿਕਅਪ 'ਚ ਰਾਜਪੁਰਾ ਸਾਈਡ ਤੋਂ ਚੰਡੀਗੜ੍ਹ ਦੀ ਸ਼ਰਾਬ ਲੈ ਕੇ ਜਲੰਧਰ ਵੱਲ ਆ ਰਿਹਾ ਹੈ। ਜਿਵੇਂ ਹੀ ਗੱਡੀ ਇਕਹਿਰੀ ਪੁਲੀ ਪਹੁੰਚੀ ਤਾਂ ਸੀ. ਆਈ. ਏ. ਸਟਾਫ ਤੇ ਥਾਣਾ ਨੰਬਰ 3 ਦੀ ਪੁਲਸ ਨੇ ਉਥੇ ਰੇਡ ਕਰ ਦਿੱਤੀ। ਰੇਡ ਦੌਰਾਨ ਸੁਰਜੀਤ ਸਿੰਘ ਕਾਬੂ 'ਚ ਆ ਗਿਆ ਪਰ ਉਸ ਦਾ ਸਾਥੀ ਸੁਨੀਲ ਕੁਮਾਰ ਤੇ ਬਸਤੀ ਸ਼ੇਖ 'ਚ ਸ਼ਰਾਬ ਸਮੱਗਲਿੰਗ ਦਾ ਕੰਮ ਕਰਨ ਵਾਲੇ ਦੋ ਸਕੇ ਭਰਾ ਮਨੀ ਜੰਬਾ ਤੇ ਅਮਿਤ ਜੰਬਾ ਵਾਸੀ ਢਕਰਈਆਂ ਰੋਡ ਬਸਤੀ ਸ਼ੇਖ ਆਪਣੀ ਵਰਨਾ ਗੱਡੀ ਛੱਡ ਕੇ ਉਥੋਂ ਭੱਜ ਨਿਕਲੇ। ਪੁਲਸ ਨੇ ਮਹਿੰਦਰਾ ਪਿਕਅਪ ਸਣੇ ਵਰਨਾ ਗੱਡੀ ਵੀ ਕਬਜ਼ੇ 'ਚ ਲੈ ਲਈ ਹੈ। ਮਹਿੰਦਰਾ 'ਚੋਂ 140 ਪੇਟੀਆਂ ਸ਼ਰਾਬ ਬਰਾਮਦ ਹੋਈਆਂ, ਜੋ ਦੋ ਸਕੇ ਭਰਾਵਾਂ ਨੂੰ ਸਪਲਾਈ ਕੀਤੀਆਂ ਜਾਣੀਆਂ ਸਨ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਸੀ. ਆਈ. ਏ. ਸਟਾਫ ਦੇ ਏ. ਐੈੱਸ. ਆਈ. ਤਰਲੋਚਨ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਅਮਨ ਨਗਰ ਦਾ ਰਹਿਣ ਵਾਲਾ ਸ਼ਰਾਬ ਸਮੱਗਲਰ ਇੰਦਰਪਾਲ ਉਰਫ ਇੰਦਰ ਚੰਡੀਗੜ੍ਹ ਦੀ ਸ਼ਰਾਬ ਆਪਣੀ ਗੱਡੀ ਵਿਚ ਲਿਆ ਰਿਹਾ ਹੈ। ਇੰਦਰ ਨੇ ਸ਼ਰਾਬ ਵੱਖ-ਵੱਖ ਲੋਕਾਂ ਨੂੰ ਮਹਿੰਗੇ ਭਾਅ ਵੇਚਣੀ ਸੀ। ਪੁਲਸ ਨੇ ਬੀ. ਐੱਸ. ਐੈੱਫ. ਚੌਕ ਕੋਲ ਰੇਡ ਕੀਤੀ ਤਾਂ ਪੁਲਸ ਪਾਰਟੀ ਨੂੰ ਵੇਖ ਇੰਦਰਪਾਲ ਗੱਡੀ ਛੱਡ ਕੇ ਫਰਾਰ ਹੋ ਗਿਆ। ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 32 ਪੇਟੀਆਂ ਸ਼ਰਾਬ ਮਿਲੀਆਂ। ਇੰਦਰਪਾਲ ਉਰਫ ਇੰਦਰ ਅਮਨ ਨਗਰ ਦੇ ਸ਼ਰਾਬ ਸਮੱਗਲਰ ਸੋਨੂੰ ਦਾ ਵੀ ਖਾਸ ਹੈ। ਸੋਨੂੰ ਖਿਲਾਫ ਵੀ ਸ਼ਰਾਬ ਵੇਚਣ ਦੇ ਕਈ ਕੇਸ ਦਰਜ ਹਨ। ਡੀ. ਸੀ. ਪੀ. ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਇਹ ਚੋਣ ਸ਼ਰਾਬ ਹੈ ਜਾਂ ਨਹੀਂ ਇਸਦੀ ਜਾਂਚ ਕੀਤੀ ਜਾਵੇਗੀ। ਭਾਵੇਂ ਚਰਚਾ ਸੀ ਕਿ ਫੜੀ ਗਈ ਸ਼ਰਾਬ ਚੋਣਾਂ ਵਿਚ ਵਰਤੀ ਜਾਣੀ ਸੀ ਤੇ ਉਸ ਤੋਂ ਪਹਿਲਾਂ ਸ਼ਰਾਬ ਨੂੰ ਡੰਪ ਕੀਤਾ ਜਾਣਾ ਸੀ।