ਹੈਰੋਇਨ, ਦੇਸੀ ਪਿਸਤੌਲ ਤੇ ਕਾਰਤੂਸਾਂ ਸਣੇ 2 ਗ੍ਰਿਫ਼ਤਾਰ
Sunday, Jan 19, 2025 - 04:57 AM (IST)
ਕਪੂਰਥਲਾ (ਧੀਰ/ਮਹਾਜਨ/ਭੂਸ਼ਣ/ਅਸ਼ਵਨੀ) - ਸੀ. ਆਈ. ਏ. ਸਟਾਫ ਕਪੂਰਥਲਾ ਪੁਲਸ ਨੇ ਇਕ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਭਾਰੀ ਮਾਤਰਾ ’ਚ ਹੈਰੋਇਨ, 7.65 ਐੱਮ.ਐੱਮ. ਦੀ ਇਕ ਦੇਸੀ ਪਿਸਤੌਲ, 5 ਜਿੰਦਾ ਕਾਰਤੂਸ ਤੇ 1 ਸਪਲੈਂਡਰ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਖਿਲਾਫ ਥਾਣਾ ਸੁਲਤਾਨਪੁਰ ਲੋਧੀ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਨੇ ਟੈਕਨੀਕਲ ਸੈਲ ਦੀ ਮਦਦ ਨਾਲ ਲਿੰਕ ਰੋਡ ਪਿੰਡ ਭੌਰ ’ਤੇ ਗੁਪਤ ਸੂਚਨਾ ਦੇ ਆਧਾਰ ’ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਦੂਜੇ ਪਾਸੇ ਤੋਂ ਬਾਈਕ ’ਤੇ ਸਵਾਰ ਦੋ ਨੌਜਵਾਨ ਆ ਰਹੇ ਸੀ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣੇ ਨਾਂ ਨਵਦੀਪ ਸਿੰਘ ਉਰਫ਼ ਜੋਬਨ ਪੁੱਤਰ ਜਗਤਾਰ ਸਿੰਘ ਤੇ ਜਸਕਰਨ ਸਿੰਘ ਉਰਫ਼ ਕਰਨ ਪੁੱਤਰ ਸੁਖਵਿੰਦਰ ਸਿੰਘ ਦੋਵੇਂ ਵਾਸੀ ਪਿੰਡ ਫਰੀਦੇਵਾਲ, ਥਾਣਾ ਮੱਖੂ ਜ਼ਿਲਾ ਫਿਰੋਜ਼ਪੁਰ ਦੱਸਿਆ।
ਪੁਲਸ ਵੱਲੋਂ ਦੋਵਾਂ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 250-250 ਗ੍ਰਾਮ ਹੈਰੋਇਨ (ਕੁੱਲ 500 ਗ੍ਰਾਮ) ਬਰਾਮਦ ਹੋਈ। ਇਸ ਤੋਂ ਇਲਾਵਾ ਮੁਲਜ਼ਮ ਜਸਕਰਨ ਸਿੰਘ ਉਰਫ ਕਰਨ ਦੇ ਕਬਜ਼ੇ ’ਚੋਂ ਇਕ ਦੇਸੀ ਪਿਸਤੌਲ 7.65 ਐੱਮ.ਐੱਮ. ਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਜਿਸ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਜਸਕਰਨ ਸਿੰਘ ਉਰਫ਼ ਕਰਨ ਅਤੇ ਨਵਦੀਪ ਸਿੰਘ ਖਿਲਾਫ ਥਾਣਾ ਸੁਲਤਾਨਪੁਰ ਲੋਧੀ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਟੈਕਨੀਕਲ ਸੈਲ ਕਪੂਰਥਲਾ ਦੇ ਇੰਚਾਰਜ ਏ.ਐੱਸ.ਆਈ. ਚਰਨਜੀਤ ਸਿੰਘ, ਏ.ਐਸ.ਆਈ. ਕੇਵਲ ਸਿੰਘ ਤੇ ਹੋਰ ਪੁਲਸ ਅਧਿਕਾਰੀ ਹਾਜ਼ਰ ਸਨ।