ਅਕਾਲੀ ਦਲ ਨੇ ਹਮੇਸ਼ਾ ਧਾਰਮਿਕ ਸਥਾਨਾਂ ਦੀ ਵਰਤੋਂ ਸਿਆਸੀ ਹਿੱਤਾਂ ਲਈ ਕੀਤੀ : ਅਵਤਾਰ ਸਿੰਘ ਸ਼ਾਸਤਰੀ
Thursday, Jan 31, 2019 - 10:21 AM (IST)

ਜਲੰਧਰ (ਚਾਵਲਾ)— ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਅਵਤਾਰ ਸਿੰਘ ਸ਼ਾਸਤਰੀ ਨੇ ਕਿਹਾ ਕਿ ਸਿੱਖ ਵਿਸ਼ਿਆਂ 'ਤੇ ਕਾਰਜ ਕਰਨਾ ਸਿਰਫ ਅਕਾਲੀ ਦਲ ਦੇ ਹੀ ਅਧਿਕਾਰ ਖੇਤਰ 'ਚ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਧਾਰਮਿਕ ਅਸਥਾਨਾਂ ਦੀ ਵਰਤੋਂ ਆਪਣੇ ਸਿਆਸੀ ਹਿੱਤਾਂ ਲਈ ਕਰਦਾ ਰਿਹਾ ਹੈ। ਪਹਿਲਾਂ ਅਕਾਲੀ ਦਲ ਵੱਲੋਂ ਸਿੱਖ ਸੰਸਥਾਵਾਂ 'ਚ ਕੀਤੀ ਗਈ ਦਖਲਅੰਦਾਜ਼ੀ ਚੋਟੀ 'ਤੇ ਸੀ। ਜਦੋਂ ਡੇਰਾ ਸਾਧ ਗੁਰਮੀਤ ਰਾਮ ਰਹੀਮ ਨੂੰ ਆਪਣੇ ਸਿਆਸੀ ਹਿੱਤ ਲਈ ਸਿੰਘ ਸਾਹਿਬਾਨ 'ਤੇ ਦਬਾਅ ਪਾ ਕੇ ਉਸ ਨੂੰ ਰਾਤੋ-ਰਾਤ ਮੁਆਫ ਕਰ ਦਿੱਤਾ ਅਤੇ ਐੱਸ.ਜੀ. ਪੀ. ਸੀ. ਦੇ ਰਾਹੀਂ 82 ਲੱਖ ਰੁਪਏ ਦਾ ਇਸ਼ਤਿਹਾਰ ਦਿਵਾਇਆ ਤਾਂ ਜੋ ਡੇਰਾ ਸਮਰਥਕਾਂ ਦੀਆਂ ਵੋਟਾਂ ਪ੍ਰਾਪਤ ਕੀਤੀਆਂ ਜਾ ਸਕਣ।
ਉਨ੍ਹਾਂ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਪਾਰਟੀ ਦੇ ਵਿਧਾਇਕ ਰਹਿੰਦੇ ਹੋਏ ਭਾਜਪਾ ਦੀ ਆਲੋਚਨਾ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਜੇਕਰ ਉਹ ਕਿਸੇ ਫੈਸਲੇ 'ਤੇ ਅਸਹਿਮਤ ਹਨ ਤਾਂ ਪਹਿਲਾਂ ਪਾਰਟੀ ਤੋਂ ਅਸਤੀਫਾ ਦੇਣ। ਉਨ੍ਹਾਂ ਨੇ ਕਿਹਾ ਕਿ ਨਾਂਦੇੜ ਬੋਰਡ ਦਾ ਫੈਸਲਾ ਮਹਾਰਾਸ਼ਟਰ ਸਰਕਾਰ ਦਾ ਹੈ ਕਿਉਂਕਿ ਉਹ ਕਾਨੂੰਨ ਦੇ ਤਹਿਤ ਹੁੰਦੀ ਹੈ। ਪਹਿਲਾਂ ਵੀ ਉਸ ਕਾਨੂੰਨ 'ਚ ਸਰਕਾਰ ਦੀ ਜ਼ਿੰਮੇਵਾਰੀ ਰੱਖੀ ਗਈ ਹੈ ਕਿ ਚੰਗੇ ਗੁਰਸਿੱਖਾਂ ਨੂੰ ਸਮਾਜ ਸੇਵਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਲਿਆਉਣ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਅਨੇਕਾਂ ਅਜਿਹੇ ਗੈਰ-ਸਿਆਸੀ ਗੁਰ ਸਿੱਖ ਹਨ, ਜੋ ਤਖਤ ਸਾਹਿਬ ਲਈ ਵੱਡਾ ਯੋਗਦਾਨ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਫੈਸਲਾ ਅਤੇ ਪਾਰਟੀ ਦਾ ਫੈਸਲਾ ਦੋਨੋਂ ਵੱਖ-ਵੱਖ ਹੁੰਦੇ ਹਨ। ਅਕਾਲੀ ਦਲ ਨੂੰ ਤਕਲੀਫ ਇਸ ਲਈ ਹੈ ਕਿ ਜੇਕਰ ਚੰਗੇ ਗੁਰਸਿੱਖ ਦੇਸ਼ 'ਚ ਆ ਜਾਣਗੇ ਤਾਂ ਉਨ੍ਹਾਂ ਦੀ ਮਨਮਰਜ਼ੀ ਨਹੀਂ ਚੱਲੇਗੀ ਅਤੇ ਉਹ ਤਖਤ ਸਾਹਿਬ ਦੀ ਵਰਤੋਂ ਆਪਣੇ ਸਿਆਸੀ ਹਿੱਤਾਂ ਲਈ ਨਹੀਂ ਕਰ ਸਕਣਗੇ।