ਅਕਾਲੀ ਦਲ ਆਪਣੇ ਡੁੱਬਦੇ ਜਹਾਜ਼ ਨੂੰ ਬਚਾਉਣ ਲਈ ਘਬਰਾਹਟ ''ਚ : ਕੈਪਟਨ

12/05/2020 11:33:51 PM

ਜਲੰਧਰ,(ਧਵਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਵਲੋਂ ਉਨ੍ਹਾਂ ਖਿਲਾਫ ਤਾਜ਼ਾ ਦੋਸ਼ਾਂ ਨੂੰ ਸਿਰਫ ਇਕ ਤਮਾਸ਼ਾ ਤੇ ਝੂਠ ਕਰਾਰ ਦਿੰਦਿਆਂ ਕਿਹਾ ਕਿ ਈ. ਡੀ. ਦਾ ਕੋਈ ਵੀ ਕੇਸ ਉਨ੍ਹਾਂ ਨੂੰ ਲੋਕਾਂ ਲਈ ਲੜਨ ਤੋਂ ਰੋਕ ਨਹੀਂ ਸਕਦਾ ਅਤੇ ਨਾ ਹੀ ਉਹ ਕਿਸਾਨਾਂ ਦੇ ਮਾਮਲਿਆਂ ਨੂੰ ਲੈ ਕੇ ਬਾਦਲਾਂ ਵਾਂਗ ਰੀੜ੍ਹ-ਰਹਿਤ ਹਨ ਤੇ ਨਾ ਹੀ ਗੱਦਾਰ। ਮੁੱਖ ਮੰਤਰੀ ਨੇ ਸੁਖਬੀਰ ਵਲੋਂ ਉਨ੍ਹਾਂ ਦੇ ਪਰਿਵਾਰ ਖਿਲਾਫ ਈ. ਡੀ. ਦੇ ਕੇਸਾਂ ਨੂੰ ਲੈ ਕੇ ਕੀਤੀਆਂ ਗਈਆਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬਾਦਲ ਕਿਸਾਨਾਂ ਨਾਲ ਧੋਖਾ ਕਰਨ ਤੋਂ ਬਾਅਦ ਬਿਲਕੁਲ ਅਲੱਗ-ਥਲੱਗ ਹੋ ਗਏ ਹਨ ਅਤੇ ਨਿਰਾਸ਼ਾ 'ਚ ਉਹ ਆਪਣੇ ਡੁੱਬਦੇ ਜਹਾਜ਼ ਨੂੰ ਬਚਾਉਣ ਲਈ ਘਬਰਾਹਟ 'ਚ ਹਨ। ਉਨ੍ਹਾਂ ਸੁਖਬੀਰ ਬਾਦਲ ਦੇ ਇਨ੍ਹਾਂ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਕਿ ਉਨ੍ਹਾਂ ਕੇਂਦਰ ਸਾਹਮਣੇ ਸਰੰਡਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਤਾਂ ਪੰਜਾਬ ਤੇ ਦੇਸ਼ ਨੂੰ ਪਾਕਿਸਤਾਨ ਵਲੋਂ ਖਤਰੇ ਨੂੰ ਵੀ ਅਣਦੇਖਿਆ ਕਰ ਰਹੇ ਹਨ।

ਈ. ਡੀ. ਦੇ ਕੇਸਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਸੁਖਬੀਰ ਨੂੰ ਪੁੱਛਿਆ ਕਿ ਉਨ੍ਹਾਂ ਦੇ ਪਰਿਵਾਰ ਖਿਲਾਫ ਈ. ਡੀ. ਦੇ ਕੇਸਾਂ ਵਿਚ ਨਵਾਂ ਕੀ ਹੈ, ਜਿਸ ਨੂੰ ਲੈ ਕੇ ਉਹ ਘਬਰਾ ਜਾਣ। ਉਨ੍ਹਾਂ ਕਿਹਾ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਸਾਲਾਂ ਤੋਂ ਈ. ਡੀ. ਤੇ ਹੋਰ ਕੇਸਾਂ ਨੂੰ ਲੈ ਕੇ ਲੜ ਰਹੇ ਹਨ। ਅਕਾਲੀ ਦਲ ਪ੍ਰਧਾਨ ਵਲੋਂ ਲਾਏ ਗਏ ਇਨ੍ਹਾਂ ਦੋਸ਼ਾਂ ਕਿ ਉਨ੍ਹਾਂ (ਕੈਪਟਨ) ਨੇ ਭਾਜਪਾ ਦੀ ਬਲੈਕਮੇਲਿੰਗ ਅੱਗੇ ਸਰੰਡਰ ਕਰ ਦਿੱਤਾ ਹੈ, ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕੀ ਤੁਹਾਨੂੰ ਬਲੈਕਮੇਲ ਦਾ ਮਤਲਬ ਪਤਾ ਹੈ। ਉਨ੍ਹਾਂ ਕਿਹਾ ਕਿ ਇਹ ਤੁਸੀਂ ਤੇ ਤੁਹਾਡੀ ਪਾਰਟੀ ਸੀ, ਜਿਸ ਨੇ ਭਾਜਪਾ ਦੇ ਹਿੱਤਾਂ ਸਾਹਮਣੇ ਗੋਡੇ ਟੇਕੇ ਅਤੇ ਕਈ ਸਾਲ ਉਨ੍ਹਾਂ ਦਾ ਦਬਾਅ ਝੱਲਿਆ।

ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਤਾਂ ਕੇਂਦਰੀ ਕਾਨੂੰਨਾਂ ਨੂੰ ਤੁਰੰਤ ਨੋਟੀਫਾਈ ਕਰ ਦਿੱਤਾ। ਇਸ ਲਈ ਸੁਖਬੀਰ ਤੇ ਅਕਾਲੀਆਂ ਨੂੰ ਲੋਕਾਂ ਨੂੰ ਗੁੰਮਰਾਹ ਕਰਨਾ ਤੇ ਝੂਠ ਬੋਲਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀਆਂ ਝੂਠੀਆਂ ਗੱਲਾਂ ਨੂੰ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਸੂਬੇ ਦੇ ਸੋਧ ਬਿੱਲਾਂ ਦਾ ਸਮਰਥਨ ਕਰਨ ਤੋਂ ਬਾਅਦ ਅਕਾਲੀ ਦਲ ਨੇ ਯੂ-ਟਰਨ ਲੈ ਲਿਆ ਸੀ। ਇਸ ਲਈ ਸੁਖਬੀਰ ਦੱਸਣ ਕਿ ਉਨ੍ਹਾਂ ਕਿਸ ਦੇ ਅੱਗੇ ਗੋਡੇ ਟੇਕੇ। ਉਨ੍ਹਾਂ ਕਿਹਾ ਕਿ ਬਾਦਲ ਪੂਰੀ ਤਰ੍ਹਾਂ ਬੇਨਕਾਬ ਹੋ ਗਏ ਹਨ ਅਤੇ ਕਿਸਾਨ ਇਸ ਗੱਲ ਨੂੰ ਅਜੇ ਵੀ ਨਹੀਂ ਭੁੱਲੇ ਕਿ ਕੈਬਨਿਟ ਦੀ ਜਿਸ ਬੈਠਕ ਵਿਚ ਖੇਤੀ ਕਾਨੂੰਨਾਂ ਨੂੰ ਪਾਸ ਕੀਤਾ ਗਿਆ ਸੀ, ਉਸ ਵਿਚ ਹਰਸਿਮਰਤ ਬਾਦਲ ਵੀ ਬਤੌਰ ਮੰਤਰੀ ਮੌਜੂਦ ਸੀ।


Deepak Kumar

Content Editor

Related News