ਦਿੱਲੀ ਏਅਰਪੋਰਟ ਮਗਰੋਂ ਜਲੰਧਰ ਸਿਟੀ ਸਟੇਸ਼ਨ ’ਤੇ ਮੀਂਹ ਬਣਿਆ ਆਫ਼ਤ, ਪਲੇਟਫਾਰਮ ਵਾਲੇ ਟ੍ਰੈਕ ’ਤੇ 9 ਘੰਟੇ ਭਰਿਆ ਰਿਹਾ ਪਾਣੀ

Monday, Jul 01, 2024 - 02:56 PM (IST)

ਦਿੱਲੀ ਏਅਰਪੋਰਟ ਮਗਰੋਂ ਜਲੰਧਰ ਸਿਟੀ ਸਟੇਸ਼ਨ ’ਤੇ ਮੀਂਹ ਬਣਿਆ ਆਫ਼ਤ, ਪਲੇਟਫਾਰਮ ਵਾਲੇ ਟ੍ਰੈਕ ’ਤੇ 9 ਘੰਟੇ ਭਰਿਆ ਰਿਹਾ ਪਾਣੀ

ਜਲੰਧਰ (ਪੁਨੀਤ)- ਮਾਨਸੂਨ ਨੇ ਅਜੇ ਦਸਤਕ ਦਿੱਤੀ ਹੈ ਅਤੇ ਮੀਂਹ ਆਫ਼ਤ ਬਣਨ ਲੱਗਾ ਹੈ। ਬੀਤੇ ਦਿਨੀਂ ਮੀਂਹ ਕਾਰਨ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਦੇ ਟਰਮੀਨਲ-1 ਦਾ ਪਿਕਅੱਪ-ਡਰਾਪ ਏਰੀਆ ਦੀ ਛੱਤ ਅਤੇ ਪਿੱਲਰ ਡਿੱਗਣ ਨਾਲ ਵੱਡਾ ਹਾਦਸਾ ਵਾਪਰਿਆ, ਜੋਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਕਾਰਨ ਸਰਕਾਰੀ ਕੰਮਕਾਜ ’ਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਇਸੇ ਕ੍ਰਮ ’ਚ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ’ਤੇ ਮੀਂਹ ਦੇ ਪਾਣੀ ਦੀ ਵਜ੍ਹਾ ਨਾਲ ਕਾਫ਼ੀ ਮੁਸ਼ਕਿਲਾਂ ਪੇਸ਼ ਆਈਆਂ। ਪਲੇਟ ਫਾਰਮ-1 ’ਤੇ 9 ਘੰਟੇ ਤੋਂ ਵੱਧ ਸਮੇਂ ਤੱਕ ਬਰਸਾਤੀ ਪਾਣੀ ਭਰਿਆ ਰਿਹਾ, ਜਿਸ ਕਾਰਨ ਟਰੇਨਾਂ ਨੂੰ ਟ੍ਰੈਕ ਕਲੀਅਰ ਹੋਣ ਸਬੰਧੀ ਸਿਗਨਲ ਦੇਣ ਵਾਲਾ ਸਰਕਟ ਫੇਲ੍ਹ ਹੋ ਗਿਆ। ਸਿਗਨਲ ਨਾ ਮਿਲਣ ਕਾਰਨ ਟਰੇਨਾਂ ਯਾਰਡ ’ਤੇ ਖੜ੍ਹੀਆਂ ਹੋ ਰਹੀਆਂ ਸਨ, ਜੋ ਕਿ ਹਾਦਸੇ ਦਾ ਕਾਰਨ ਵੀ ਬਣ ਸਕਦਾ ਸੀ।

ਇਹ ਵੀ ਪੜ੍ਹੋ- ਬਿਆਸ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ, ਦੋ ਕਾਰਾਂ ਦੀ ਟੱਕਰ 'ਚ ਉੱਡੇ ਪਰਖੱਚੇ, ਇਕ ਦੀ ਦਰਦਨਾਕ ਮੌਤ

PunjabKesari

ਐਤਵਾਰ ਹੋਏ ਇਸ ਘਟਨਾਕ੍ਰਮ ਕਾਰਨ ਸਵੇਰੇ 5 ਵਜੇ ਤੋਂ ਟਰੇਨਾਂ ਯਾਰਡ ’ਤੇ ਖੜ੍ਹੀਆਂ ਹੋਣੀਆਂ ਸ਼ੁਰੂ ਹੋ ਗਈਆਂ। ਸਟੇਸ਼ਨ ਦੇ ਮੁੱਖ ਦਰਵਾਜ਼ੇ ਤੋਂ ਅੰਦਰ ਦਾਖ਼ਲ ਹੋ ਕੇ ਪੌੜੀਆਂ ਤੋਂ ਕਾਫ਼ੀ ਅੱਗੇ ਜਾ ਕੇ ਪਲੇਟਫਾਰਮ-1 ਵਾਲੇ ਟ੍ਰੈਕ ਦੇ ਨੇੜੇ ਪਾਣੀ ਭਰਿਆ ਸੀ। ਪਾਣੀ ਭਰਨ ਕਾਰਨ ਸਰਕਟ ਫੇਲ੍ਹ ਹੋ ਚੁੱਕਿਆ ਸੀ ਅਤੇ ਸਿਗਨਲ ਪਾਸ ਨਹੀਂ ਹੋ ਰਿਹਾ ਸੀ। ਇਸ ਕਾਰਨ ਡਰਾਈਵਰਾਂ ਨੂੰ ਸਟੇਸ਼ਨ ਤੋਂ ਕਾਫ਼ੀ ਪਿੱਛੇ ਯਾਰਡ ’ਤੇ ਟਰੇਨਾਂ ਰੋਕਣੀਆਂ ਪੈ ਰਹੀਆਂ ਸਨ। ਕ੍ਰਮਵਾਰ ਤੋਂ ਦਰਜਨਾਂ ਟਰੇਨਾਂ ਯਾਰਡ ’ਤੇ ਖੜ੍ਹੀਆਂ ਹੁੰਦੀਆਂ ਰਹੀਆਂ, ਜਿਸ ਨਾਲ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਪੇਸ਼ ਆਈਆਂ। ਰੇਲਵੇ ਸਟਾਫ਼ ਦਿਨ ਭਰ ਪਾਣੀ ਕਢਵਾਉਣ ਦੇ ਕੰਮ ’ਚ ਲੱਗਿਆ ਰਿਹਾ ਪਰ ਪਾਣੀ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ। ਸਟਾਫ ਵੱਲੋਂ ਟੁੱਲੂ ਪੰਪ ਵਾਲੀ ਮੋਟਰ ਤੇ ਲੰਬੀ ਪਾਈਪ ਲਾ ਕੇ ਪਾਣੀ ਕੱਢਿਆ ਜਾ ਰਿਹਾ ਸੀ। ਇਹ ਸਿਰਫ ਜੁਗਾੜ ਕਿਹਾ ਜਾ ਸਕਦਾ ਹੈ, ਕਿਉਂਕਿ ਬਿਜਲੀ ਵਾਲੀ ਤਾਰ ਅਤੇ ਪੰਪ ਅਸਥਾਈ ਤੌਰ ’ਤੇ ਲਾਇਆ ਜਾ ਰਿਹਾ ਸੀ। ਸਵੇਰੇ 5-6 ਵਜੇ ਦੇ ਲਗਭਗ ਸ਼ੁਰੂ ਹੋਇਆ ਰਾਹਤ ਕੰਮ ਦੁਪਹਿਰ 2-3 ਵਜੇ ਤੱਕ ਜਾਰੀ ਸੀ, ਕਿਉਂਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆਸ-ਪਾਸ ਦਾ ਪਾਣੀ ਵੀ ਉਸੇ ਟ੍ਰੈਕ ’ਤੇ ਜਮ੍ਹਾ ਹੁੰਦਾ ਜਾ ਰਿਹਾ ਸੀ। ਇਸ ਕਾਰਨ ਲੱਗਭਗ 9 ਘੰਟੇ ਤੱਕ ਟ੍ਰੈਕ ’ਤੇ ਪਾਣੀ ਭਰਿਆ ਰਿਹਾ ਤੇ ਰਾਹਤ ਕੰਮ 9 ਘੰਟੇ ਬਾਅਦ ਵੀ ਜਾਰੀ ਸਨ।

PunjabKesari

ਇਕ ਟਰੇਨ ਨਿਕਲਦੇ ਹੀ ਭਰਨ ਲੱਗਦਾ ਸੀ ਪਾਣੀ, ਵਾਰੀ-ਵਾਰੀ ਨਾਲ ਕੱਢੀਆਂ ਗਈਆਂ ਟਰੇਨਾਂ
ਪੰਪ ਦੀ ਮਦਦ ਨਾਲ ਪਾਣੀ ਕੱਢਣ ਤੋਂ ਬਾਅਦ ਮੁਸ਼ਕਿਲ ਨਾਲ ਸਿਰਫ਼ 1 ਟਰੇਨ ਲੰਘ ਪਾ ਰਹੀ ਸੀ, ਜਿਸ ਤੋਂ ਬਾਅਦ ਫਿਰ ਤੋਂ ਪਾਣੀ ਇਕ ਥਾਂ ’ਤੇ ਭਰਨ ਲੱਗ ਜਾਂਦਾ ਸੀ। ਇਸ ਕਾਰਨ ਹਰੇਕ ਟਰੇਨ ਦੇ ਲੰਘਣ ਤੋਂ ਬਾਅਦ ਪੰਪ ਦੀ ਮਦਦ ਨਾਲ ਪਾਣੀ ਕੱਢਣਾ ਪੈ ਰਿਹਾ ਸੀ। ਇਸ ਕਾਰਨ ਦਰਜਨ ਤੋਂ ਵੱਧ ਟਰੇਨਾਂ ਨੂੰ ਯਾਰਡ ’ਤੇ ਖੜ੍ਹਾ ਹੋਣਾ ਪਿਆ। ਟਰੇਨਾਂ ਪਹਿਲਾਂ ਹੀ ਲੇਟ ਚੱਲ ਰਹੀਆਂ ਸਨ, ਉੱਪਰੋਂ ਯਾਰਡ ’ਤੇ ਟਰੇਨਾਂ ਦੇ ਖੜ੍ਹੇ ਹੋਣ ਕਾਰਨ ਯਾਤਰੀਆਂ ਨੂੰ ਜ਼ਿਆਦਾ ਦੇਰ ਤੱਕ ਇੰਤਜ਼ਾਰ ਕਰਨਾ ਪਿਆ। ਵਾਰੀ-ਵਾਰੀ ਟਰੇਨਾਂ ਕੱਢਣ ਕਾਰਨ ਸਟਾਫ਼ ਨੂੰ ਘੰਟਿਆਂ ਤੱਕ ਉੱਥੇ ਹੀ ਬੈਠਣਾ ਪਿਆ।

ਇਹ ਵੀ ਪੜ੍ਹੋ- ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ, ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ 'ਆਪ' ਸ਼ਾਮਲ

PunjabKesari

ਟ੍ਰੈਕ ਤੋਂ ਪਾਣੀ ਦੀ ਨਿਕਾਸੀ ਦਾ ਸਹੀ ਇੰਤਜ਼ਾਮ ਨਹੀਂ
ਵੇਖਣ ’ਚ ਆਇਆ ਹੈ ਕਿ ਪਾਣੀ ਦੀ ਨਿਕਾਸੀ ਦਾ ਸਹੀ ਇੰਤਜ਼ਾਮ ਨਾ ਹੋਣ ਕਾਰਨ ਟ੍ਰੈਕ ਦਾ ਪਾਣੀ ਨਿਕਲ ਨਹੀਂ ਪਾ ਰਿਹਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਕਾਫੀ ਸਮੇਂ ਪਹਿਲੇ ਇਸ ਪਾਣੀ ਦੀ ਨਿਕਾਸੀ ਬਾਹਰ ਨਾਲੀਆਂ ’ਚ ਹੁੰਦੀ ਸੀ ਪਰ ਹੁਣ ਸੜਕਾਂ ਬਣਨ ਤੋਂ ਬਾਅਦ ਲੈਵਲ ਉੱਚਾ ਹੋ ਚੁੱਕਾ ਹੈ ਅਤੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਟ੍ਰੈਕ ’ਤੇ ਪਾਣੀ ਭਰਨ ਲੱਗਾ ਹੈ। ਰੇਲਵੇ ਕਰਮਚਾਰੀਆਂ ਵੱਲੋਂ ਵੱਡੀ ਪਾਈਪ ਲਾ ਕੇ ਪਾਣੀ ਨੂੰ ਦੂਰ ਕੱਢਿਆ ਜਾ ਰਿਹਾ ਸੀ, ਜੋ ਕਿ ਟੈਂਪਰੇਰੀ ਤੌਰ ’ਤੇ ਕੀਤਾ ਗਿਆ ਕੰਮ ਸਾਬਿਤ ਹੋ ਰਿਹਾ ਹੈ।

ਇਹ ਵੀ ਪੜ੍ਹੋ- ਆਖ਼ਿਰ ਕਿਸ ਪਾਰਟੀ ਨੂੰ ਮਿਲੇਗੀ ਜਲੰਧਰ ਵੈਸਟ ਦੀ ਸੀਟ, ਭਾਜਪਾ, 'ਆਪ' ਤੇ ਕਾਂਗਰਸ ਦੀ ਸਾਖ਼ ਦਾਅ 'ਤੇ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News