ਸ਼ਹਿਰ ਦੇ ਇਸ਼ਤਿਹਾਰਾਂ ਦਾ ਠੇਕਾ ਲੈਣ ਵਾਲੀ ਕੰਪਨੀ ਨੇ ਜਲੰਧਰ ਨਿਗਮ ’ਤੇ 33 ਕਰੋੜ ਹਰਜਾਨੇ ਦਾ ਠੋਕਿਆ ਦਾਅਵਾ
Tuesday, Aug 06, 2024 - 05:54 PM (IST)
ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਨਾਲ ਸਬੰਧਤ 3 ਵੱਡੇ ਕੇਸ ਇਸ ਸਮੇਂ ਆਰਬੀਟ੍ਰੇਸ਼ਨ ਵਿਚ ਚੱਲ ਰਹੇ ਹਨ ਪਰ ਹੁਣ ਚੌਥੇ ਕੇਸ ਵਿਚ ਅੰਮ੍ਰਿਤਸਰ ਦੀ ਉਸ ਕੰਪਨੀ ਨੇ ਜਲੰਧਰ ਨਿਗਮ ’ਤੇ 33 ਕਰੋੜ ਰੁਪਏ ਦੇ ਹਰਜਾਨੇ ਦਾ ਦਾਅਵਾ ਠੋਕ ਦਿੱਤਾ ਹੈ, ਜਿਸ ਕੰਪਨੀ ਨੇ ਤਤਕਾਲੀ ਲੋਕਲ ਬਾਡੀਜ਼ ਮੰਤਰੀ ਚੌਧਰੀ ਜਗਜੀਤ ਸਿੰਘ (ਹੁਣ ਸਵਰਗੀ) ਦੇ ਕਾਰਜਕਾਲ ਦੌਰਾਨ ਸ਼ਹਿਰ ਦੇ ਸਾਰੇ ਇਸ਼ਤਿਹਾਰਾਂ ਦਾ ਠੇਕਾ 11 ਸਾਲ ਤੋਂ ਜ਼ਿਆਦਾ ਸਮੇਂ ਲਈ ਲਗਭਗ 18 ਕਰੋੜ ਰੁਪਏ ਵਿਚ ਲੈ ਲਿਆ ਸੀ। ਉਸ ਸਮੇਂ ਤਤਕਾਲੀ ਮੇਅਰ ਸੁਰਿੰਦਰ ਮਹੇ (ਹੁਣ ਸਵਰਗੀ) ਸਨ। ਉਦੋਂ ਜਲੰਧਰ ਦੇ ਇਸ ਐਡਵਰਟਾਈਜ਼ਮੈਂਟ ਸਕੈਂਡਲ ਦਾ ਰੌਲਾ ਪੂਰੇ ਪੰਜਾਬ ਵਿਚ ਪਿਆ ਸੀ ਅਤੇ ਕਾਂਗਰਸ ਸਰਕਾਰ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਸਬੰਧਤ ਕੰਪਨੀ ਨੇ ਸ਼ਹਿਰ ਵਿਚ ਜਿਹੜੀਆਂ ਸਾਈਟਾਂ ’ਤੇ ਆਪਣੇ ਇਸ਼ਤਿਹਾਰ ਲਾਉਣੇ ਸਨ, ਉਨ੍ਹਾਂ ਨੂੰ ਲੈ ਕੇ ਲੰਮਾ ਵਿਵਾਦ ਚੱਲਿਆ, ਜੋ ਹਾਈ ਕੋਰਟ ਤਕ ਪਹੁੰਚਿਆ। ਅਦਾਲਤੀ ਪ੍ਰਕਿਰਿਆ ਕਾਰਨ ਕੰਪਨੀ ਦੇ ਠੇਕੇ ਤਕ ਵਿਚ ਵਾਧਾ ਕੀਤਾ ਗਿਆ। ਨਗਰ ਨਿਗਮ ਨੇ ਇਕ ਵਾਰ ਹਾਈ ਕੋਰਟ ਵਿਚ ਕੇਸ ਜਿੱਤ ਵੀ ਲਿਆ ਪਰ ਉਦੋਂ ਕੰਪਨੀ ਸੁਪਰੀਮ ਕੋਰਟ ਦੀ ਸ਼ਰਨ ਵਿਚ ਚਲੀ ਗਈ, ਜਿਥੇ ਮਾਮਲੇ ਨੂੰ ਸੁਲਝਾਉਣ ਲਈ ਸੋਲ ਆਰਬੀਟ੍ਰੇਟਰ ਦੀ ਨਿਯੁਕਤੀ ਕਰ ਦਿੱਤੀ ਗਈ। ਪਤਾ ਲੱਗਾ ਹੈ ਕਿ ਆਰਬੀਟ੍ਰੇਸ਼ਨ ਦੇ ਇਸ ਕੇਸ ਵਿਚ ਹੁਣ ਤਕ 4 ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਕੇਸ ’ਤੇ ਅਗਲੀ ਸੁਣਵਾਈ 20 ਅਗਸਤ ਨੂੰ ਦੁਪਹਿਰ 1.30 ਵਜੇ ਚੰਡੀਗੜ੍ਹ ਆਰਬੀਟ੍ਰੇਸ਼ਨ ਸੈਂਟਰ ਵਿਚ ਹੋਣੀ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ ਉੱਡੇ ਕਾਰ ਦੇ ਪਰਖੱਚੇ, ਜਨਮ ਦਿਨ ਤੋਂ ਦੋ ਦਿਨ ਪਹਿਲਾਂ ਜਹਾਨੋਂ ਤੁਰ ਗਿਆ ਮਾਪਿਆਂ ਦਾ ਇਕਲੌਤਾ ਪੁੱਤ
ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਰਾਜੀਵ ਨਾਰਾਇਣ ਰੈਣਾ ਹਨ ਆਰਬੀਟ੍ਰੇਟਰ
ਸ਼੍ਰੀ ਦੁਰਗਾ ਪਬਲੀਸਿਟੀ ਸਰਵਿਸਿਜ਼ ਨੇ ਇਸ ਮਾਮਲੇ ਵਿਚ ਸਟੇਟ ਆਫ਼ ਪੰਜਾਬ ’ਤੇ ਸੈਕਟਰੀ ਲੋਕਲ ਬਾਡੀਜ਼ ਜ਼ਰੀਏ ਅਤੇ ਨਗਰ ਨਿਗਮ ਜਲੰਧਰ ’ਤੇ ਕਮਿਸ਼ਨਰ ਜ਼ਰੀਏ ਕੇਸ ਦਾਇਰ ਕੀਤਾ ਹੋਇਆ ਹੈ। ਸੁਪਰੀਮ ਕੋਰਟ ਦੇ ਹੁਕਮਾਂ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਰਾਜੀਵ ਨਾਰਾਇਣ ਰੈਣਾ ਨੂੰ ਸੋਲ ਆਰਬੀਟ੍ਰੇਟਰ ਨਿਯੁਕਤ ਕੀਤਾ ਗਿਆ ਹੈ। ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਇਸ ਮਾਮਲੇ ਵਿਚ ਪੈਰਵੀ ਲਈ ਐਡਵੋਕੇਟ ਐੱਚ. ਕੇ. ਅਰੋੜਾ ਦੀਆਂ ਸੇਵਾਵਾਂ ਲਈਆਂ ਗਈਆਂ ਹਨ।
ਇਹ ਵੀ ਪੜ੍ਹੋ- ਤਾੜ-ਤਾੜ ਚੱਲੇ ਲਫ਼ੇੜੇ! ਸਿਵਲ ਹਸਪਤਾਲ ਦੇ ਸਕਿਓਰਿਟੀ ਗਾਰਡ ਨਾਲ SMO ਦੇ ਡਰਾਈਵਰ ਦੀ ਹੱਥੋਪਾਈ, ਵੀਡੀਓ ਵਾਇਰਲ
2 ਫੁੱਟਓਵਰ ਬ੍ਰਿਜਾਂ ਨੂੰ ਲੈ ਕੇ ਹੋਇਆ ਸੀ ਵਿਵਾਦ
2004 ਵਿਚ ਜਲੰਧਰ ਨਿਗਮ ਨੇ ਸ਼ਹਿਰ ਵਿਚ 2 ਥਾਵਾਂ ’ਤੇ ਫੁੱਟਓਵਰ ਬ੍ਰਿਜ ਬਣਾਉਣ ਲਈ ਟੈਂਡਰ ਕੱਢੇ ਸਨ। ਸ਼੍ਰੀ ਦੁਰਗਾ ਪਬਲੀਸਿਟੀ ਨੇ ਇਹ ਟੈਂਡਰ ਹਾਸਲ ਕਰ ਲਿਆ ਸੀ, ਜਿਸ ਤਹਿਤ ਜਨਵਰੀ 2005 ਵਿਚ ਦੋਵਾਂ ਧਿਰਾਂ ਵਿਚਕਾਰ ਐਗਰੀਮੈਂਟ ਹੋਇਆ। 90 ਲੱਖ ਰੁਪਏ ਦੀ ਲਾਗਤ ਨਾਲ ਇਹ ਦੋਵੇਂ ਫੁੱਟਓਵਰ ਬ੍ਰਿਜ ਬਣਾਏ ਜਾਣੇ ਸਨ, ਜਿਨ੍ਹਾਂ ਵਿਚੋਂ ਇਕ ਬੱਸ ਸਟੈਂਡ ਨੇੜੇ ਅਤੇ ਦੂਜਾ ਏ. ਪੀ. ਜੇ. ਸਕੂਲ ਦੇ ਸਾਹਮਣੇ ਬਣਨਾ ਸੀ। ਕੰਪਨੀ ਨੇ ਬੱਸ ਸਟੈਂਡ ਨੇੜੇ ਫੁੱਟਓਵਰ ਬ੍ਰਿਜ ਬਣਾ ਵੀ ਦਿੱਤਾ ਪਰ ਬਾਅਦ ਵਿਚ ਉਸ ਨੂੰ ਤੋੜ ਦਿੱਤਾ ਗਿਆ ਅਤੇ ਦੂਜੇ ਫੁੱਟਓਵਰ ਬ੍ਰਿਜ ਦੀ ਵੀ ਥਾਂ ਬਦਲਣ ਨੂੰ ਕਿਹਾ ਗਿਆ। ਉਦੋਂ ਇਹ ਮਾਮਲਾ ਅਦਾਲਤਾਂ ਦੀ ਸ਼ਰਨ ਵਿਚ ਚਲਾ ਗਿਆ। ਕੰਪਨੀ ਵੱਲੋਂ ਲਗਾਤਾਰ ਮੰਗ ਕੀਤੀ ਜਾਂਦੀ ਰਹੀ ਕਿ ਉਸ ਨੂੰ ਇਸ਼ਤਿਹਾਰ ਲਾਉਣ ਲਈ ਸਾਈਟਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ, ਇਸ ਲਈ ਉਸਨੂੰ ਵਿੱਤੀ ਨੁਕਸਾਨ ਹੋਇਆ ਹੈ। ਪਤਾ ਲੱਗਾ ਹੈ ਕਿ ਇਸੇ ਕਾਰਨ ਕੰਪਨੀ ਨੇ ਹੁਣ 33 ਕਰੋੜ ਰੁਪਏ ਦੇ ਹਰਜਾਨੇ ਦਾ ਦਾਅਵਾ ਜਲੰਧਰ ਨਿਗਮ ’ਤੇ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਸ਼ਹਿਰ ਦੇ ਸਾਰੇ ਇਸ਼ਤਿਹਾਰਾਂ ਦੇ ਟੈਂਡਰ ਲੈਣ ਵਾਲੀ ਇਸੇ ਕੰਪਨੀ ਨੇ ਡੀ. ਏ. ਵੀ. ਫਲਾਈਓਵਰ ਦਾ ਨਿਰਮਾਣ ਵੀ ਇਨ੍ਹਾਂ ਪੈਸਿਆਂ ਨਾਲ ਕੀਤਾ ਸੀ।
ਇਹ ਵੀ ਪੜ੍ਹੋ- ਮਾਲ ਗੱਡੀ 'ਤੇ ਚੜ੍ਹ ਕੇ ਰੀਲ ਬਣਾਉਂਦੇ ਵਿਦਿਆਰਥੀ ਨਾਲ ਵਾਪਰਿਆ ਹਾਦਸਾ, ਆਇਆ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ