ਕਿਡਨੀ ਹਸਪਤਾਲ ਦੇ ਡਾਕਟਰ ਨੂੰ ਗੋਲ਼ੀ ਮਾਰਨ ਵਾਲਾ ਮੁਲਜ਼ਮ ਝਾਰਖੰਡ ਤੋਂ ਗ੍ਰਿਫ਼ਤਾਰ, ਇੰਝ ਰਚੀ ਸੀ ਸਾਜਿਸ਼
Tuesday, Oct 14, 2025 - 02:24 PM (IST)

ਜਲੰਧਰ (ਵਰੁਣ)–19 ਅਗਸਤ ਨੂੰ ਅਰਬਨ ਅਸਟੇਟ ਵਿਚ ਸੁਪਰ ਮਾਰਕੀਟ ਦੇ ਸਾਹਮਣੇ ਕਿਡਨੀ ਹਸਪਤਾਲ ਦੇ ਡਾ. ਰਾਹੁਲ ਸੂਦ ਨੂੰ ਗੋਲ਼ੀ ਮਾਰਨ ਦੇ ਕੇਸ ਵਿਚ ਲੋੜੀਂਦੇ ਮਾਸਟਰਮਾਈਂਡ ਮੁਲਜ਼ਮ ਬਬਲੂ ਨੂੰ ਸੀ. ਆਈ. ਏ. ਸਟਾਫ਼ ਨੇ ਝਾਰਖੰਡ ਦੇ ਰਾਂਚੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਮੁਲਜ਼ਮ ਨੂੰ ਚਾਰ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ।
ਏ. ਡੀ. ਸੀ. ਪੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬਬਲੂ ਪੁੱਤਰ ਕ੍ਰਿਸ਼ਨਾ ਮਾਂਝੀ ਨਿਵਾਸੀ ਬਿਹਾਰ, ਹਾਲ ਨਿਵਾਸੀ ਪ੍ਰੀਤ ਨਗਰ ਸੋਢਲ ਰੋਡ ਡਾ. ਰਾਹੁਲ ਸੂਦ ’ਤੇ ਗੋਲ਼ੀ ਚਲਾਉਣ ਦੇ ਮਾਮਲੇ ਵਿਚ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ ਅਗਸਤ 2025 ਵਿਚ ਬਬਲੂ ਅਤੇ ਉਸ ਦੇ 2 ਸਾਥੀਆਂ ਨੇ ਕਿਡਨੀ ਹਸਪਤਾਲ ਦੇ ਡਾ. ਰਾਹੁਲ ਸੂਦ ਨੂੰ ਅਰਬਨ ਅਸਟੇਟ ਵਿਚ ਗੋਲ਼ੀ ਮਾਰੀ ਸੀ, ਜਿਸ ਦੀ ਪਛਾਣ ਕਰਕੇ ਭਾਲ ਕੀਤੀ ਜਾ ਰਹੀ ਸੀ ਪਰ ਮੁਲਜ਼ਮ ਘਰੋਂ ਫ਼ਰਾਰ ਹੋ ਗਿਆ ਸੀ। ਮੁਲਜ਼ਮ ਨੂੰ ਟ੍ਰੇਸ ਕਰਨ ਲਈ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਸਮੇਤ ਕਮਿਸ਼ਨਰੇਟ ਪੁਲਸ ਦੀਆਂ ਟੀਮਾਂ ਲਗਾਤਾਰ ਉਸ ਦਾ ਟ੍ਰੈਪ ਲਾ ਰਹੀਆਂ ਸਨ ਪਰ ਐਤਵਾਰ ਨੂੰ ਸੀ. ਆਈ. ਏ. ਨੂੰ ਪਤਾ ਲੱਗਾ ਕਿ ਮੁਲਜ਼ਮ ਝਾਰਖੰਡ ਦੇ ਰਾਂਚੀ ਵਿਚ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਵੱਲੋਂ ਕੀਤੀ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਏ ਕਈ ਪਹਿਲੂ
ਸੀ. ਆਈ. ਏ. ਦੀ ਪੁਲਸ ਪਾਰਟੀ ਨੇ ਤੁਰੰਤ ਉਥੇ ਰੇਡ ਕਰਕੇ ਗੋਲ਼ੀ ਕਾਂਡ ਦੇ ਮੁੱਖ ਮੁਲਜ਼ਮ ਬਬਲੂ ਨੂੰ ਗ੍ਰਿਫ਼ਤਾਰ ਕਰ ਲਿਆ। ਏ. ਡੀ. ਸੀ. ਪੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜਲੰਧਰ ਲਿਆਂਦਾ ਗਿਆ, ਜਿਸ ਦੇ ਬਾਅਦ ਉਸ ਤੋਂ ਪੁੱਛਗਿੱਛ ਤੋਂ ਬਾਅਦ ਵਾਰਦਾਤ ਵਿਚ ਵਰਤੀ ਪਿਸਤੌਲ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਈ ਗਈ। ਇਸ ਮਾਮਲੇ ਵਿਚ ਪੁਲਸ ਪਹਿਲਾਂ ਹੀ ਸੱਤਿਆ ਨਾਰਾਇਣ ਨਿਵਾਸੀ ਇੰਡਸਟਰੀਅਲ ਏਰੀਆ ਦੀ ਗ੍ਰਿਫ਼ਤਾਰੀ ਪਾ ਚੁੱਕੀ ਹੈ।
ਪੁਲਸ ਦੀ ਮੰਨੀਏ ਤਾਂ ਮੁਲਜ਼ਮ ਨੇ ਮੰਨਿਆ ਕਿ ਡਾ. ਰਾਹੁਲ ਸੂਦ ਨੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਦੇ ਇਲਾਜ ਵਿਚ ਲਾਪ੍ਰਵਾਹੀ ਵਰਤੀ ਸੀ, ਜਿਸ ਕਾਰਨ ਉਸ ਨੇ ਰੰਜਿਸ਼ ਕੱਢਣ ਲਈ ਇਹ ਸਾਜ਼ਿਸ਼ ਰਚੀ ਸੀ, ਹਾਲਾਂਕਿ ਇਸ ਗ੍ਰਿਫ਼ਤਾਰੀ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਪੁਖਤਾ ਕਰ ਦਿੱਤਾ ਕਿ ਜਲੰਧਰ ਵਿਚ ਵਾਰਦਾਤ ਕਰਨ ਵਾਲੇ ਭਾਵੇਂ ਕਿਤੇ ਵੀ ਲੁਕ ਜਾਣ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਮੁਅੱਤਲ SHO ਦੇ ਮਾਮਲੇ 'ਚ ਨਵਾਂ ਮੋੜ, ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੀ ਐਂਟਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8