ਸਰਕਾਰੀ ਕੁਆਰਟਰ ’ਚ ਹੋਏ ਕਤਲ ਦਾ ਮਾਮਲਾ ਸੁਲਝਿਆ, ਦਿੱਲੀ ਭੱਜਣ ਦੀ ਤਿਆਰੀ ਕਰ ਰਿਹਾ ਮੁਲਜ਼ਮ ਗ੍ਰਿਫ਼ਤਾਰ

05/12/2022 6:23:10 PM

ਕਪੂਰਥਲਾ (ਭੂਸ਼ਣ/ਮਹਾਜਨ)-ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਬੀਤੀ ਦੇਰ ਰਾਤ ਰੇਲਵੇ ਸਟੇਸ਼ਨ ਕਪੂਰਥਲਾ ਦੇ ਸਰਕਾਰੀ ਕੁਆਰਟਰ ’ਚ ਇਕ ਵਿਅਕਤੀ ਦੇ ਹੋਏ ਕਤਲ ਦੇ ਮਾਮਲੇ ਨੂੰ ਕੁਝ ਹੀ ਘੰਟਿਆਂ ’ਚ ਸੁਲਝਾਉਂਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਰਵੀ ਪੁੱਤਰ ਬਾਠ ਚੰਦ ਵਾਸੀ ਨਵੀਂ ਦਿੱਲੀ ਹਾਲ ਵਾਸੀ ਕਪੂਰਥਲਾ ਨੇ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ 10 ਮਈ 2022 ਨੂੰ ਉਹ ਸ਼ਾਮ ਕਰੀਬ 5 ਵਜੇ ਉਹ ਅਨਿਲ ਪੁੱਤਰ ਮਿਸ਼ਰੀ ਲਾਲ ਵਾਸੀ ਦਿੱਲੀ ਤੇ ਪਾਲ ਸਿੰਘ ਨੂੰ ਨਾਲ ਲੈ ਕੇ ਆਪਣੇ ਜੀਜਾ ਸੁਖਬੀਰ, ਜੋ ਰੇਲਵੇ ’ਚ ਬਿਜਲੀ ਦਾ ਠੇਕੇਦਾਰ ਹੈ, ਦੇ ਘਰ ਗਏ ਸਨ, ਜਿਥੇ ਉਨ੍ਹਾਂ ਖਾਣਾ ਖਾਧਾ ਤੇ ਰਾਤ ਕਰੀਬ 11 ਵਜੇ ਵਾਪਸ ਆ ਗਏ ਤੇ ਉਨ੍ਹਾਂ ਦਾ ਜੀਜਾ ਸੁਖਬੀਰ ਵੀ ਉਨ੍ਹਾਂ ਦੇ ਨਾਲ ਉਨ੍ਹਾਂ ਨੂੰ ਛੱਡਣ ਲਈ ਆ ਗਿਆ।

ਜਦੋਂ ਉਹ ਆਪਣੇ ਜੀਜਾ ਨੂੰ ਰੇਲਵੇ ਸਟੇਸ਼ਨ ਕਪੂਰਥਲਾ ਦੇ ਸਰਕਾਰੀ ਕੁਆਰਟਰ ’ਚ ਛੱਡਣ ਲਈ ਗਿਆ ਤਾਂ ਅਨਿਲ ਉਸ ਕੋਲੋਂ ਖਾਣਾ ਖਾਣ ਲਈ 500 ਰੁਪਏ ਮੰਗਣ ਲੱਗਾ, ਜਿਸ ’ਤੇ ਉਸ ਨੇ 500 ਰੁਪਏ ਦੀ ਰਕਮ ਅਨਿਲ ਨੂੰ ਦੇ ਦਿੱਤੀ ਪਰ ਅਨਿਲ ਨੇ ਹੋਰ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ’ਤੇ ਉਸ ਨੂੰ ਸੁਖਬੀਰ ਨੇ ਕੱਲ ਨੂੰ ਹੋਰ ਪੈਸੇ ਦੇਣ ਦੀ ਗੱਲ ਕਹੀ ਪਰ ਅਨਿਲ ਨਹੀਂ ਮੰਨਿਆ ਤੇ ਉਹ ਉਨ੍ਹਾਂ ਸਾਰਿਆਂ ਦੇ ਨਾਲ ਹੱਥੋਪਾਈ ਕਰਨ ਲੱਗਾ, ਜਿਸ ਤੋਂ ਬਾਅਦ ਉਹ ਸਾਰੇ ਆਪਣੇ ਘਰਾਂ ਲਈ ਚੱਲ ਪਏ ਤੇ ਮੇਰਾ ਜੀਜਾ ਸੁਖਬੀਰ ਵੀ ਰੇਲਵੇ ਸਟੇਸ਼ਨ ਕਪੂਰਥਲਾ ਦੇ ਸਰਕਾਰੀ ਕੁਆਰਟਰ ’ਚ ਜਾ ਕੇ ਸੌਂ ਗਿਆ।

ਜਦੋਂ ਸਵੇਰੇ ਉਹ ਆਪਣੇ ਸਾਥੀ ਲੇਬਰ ਦੇ ਲੋਕਾਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ’ਤੇ ਕੰਮ ਕਰਨ ਲਈ ਗਿਆ ਤਾਂ ਉਸ ਦੇ ਫ਼ੋਨ ’ਤੇ ਫੋਨ ਆਇਆ ਕਿ ਤੇਰੇ ਜੀਜੇ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਤੇ ਉਸ ਦੀ ਲਾਸ਼ ਰੇਲਵੇ ਸਟੇਸ਼ਨ ਕਪੂਰਥਲਾ ਦੇ ਸਰਕਾਰੀ ਕੁਆਰਟਰਾਂ ਦੇ ਬਾਹਰ ਸੁੱਟੀ ਹੋਈ ਹੈ। ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਜੀਜਾ ਸੁਖਬੀਰ ਦੀ ਖੂਨ ਨਾਲ ਲੱਥਪਥ ਲਾਸ਼ ਸਰਕਾਰੀ ਕੁਆਰਟਰਾਂ ਦੇ ਬਾਹਰ ਪਈ ਹੋਈ ਸੀ, ਜਿਸ ਦਾ ਅਨਿਲ ਪੁੱਤਰ ਮਿਸ਼ਰੀ ਲਾਲ ਵਾਸੀ ਦਿੱਲੀ ਨੇ ਕਤਲ ਕਰ ਦਿੱਤਾ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਪੀ. ਰਾਜਬਚਨ ਸਿੰਘ ਸੰਧੂ ਦੇ ਹੁਕਮਾਂ ’ਤੇ ਐੱਸ. ਪੀ. (ਡੀ.) ਜਗਜੀਤ ਸਿੰਘ ਸਰੋਆ ਤੇ ਡੀ. ਐੱਸ. ਪੀ. (ਸਬ-ਡਵੀਜ਼ਨ) ਸੁਰਿੰਦਰ ਸਿੰਘ ਦੀ ਨਿਗਰਾਨੀ ’ਚ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਸੁਰਿੰਦਰ ਸਿੰਘ ਪੱਤਡ਼ ਪੁਲਸ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ ਤੇ ਅਨਿਲ ਪੁੱਤਰ ਮਿਸ਼ਰੀ ਲਾਲ ਦੀ ਭਾਲ ’ਚ ਛਾਪੇਮਾਰੀ ਤੇਜ਼ ਕਰ ਦਿੱਤੀ। ਇਸ ਦੌਰਾਨ ਐੱਸ. ਐੱਚ. ਓ. ਸਿਟੀ ਇੰਸਪੈਕਟਰ ਸੁਰਜੀਤ ਸਿੰਘ ਪੱਤਡ਼ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਅਨਿਲ ਦਿੱਲੀ ਭੱਜਣ ਦੀ ਤਿਆਰੀ ’ਚ ਹੈ ਤੇ ਰੇਲਵੇ ਸਟੇਸ਼ਨ ਦੇ ਆਸ-ਪਾਸ ਘੁੰਮ ਰਿਹਾ ਹੈ, ਜਿਸ ’ਤੇ ਸਿਟੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਅਨਿਲ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਅਨਿਲ ਤੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


Manoj

Content Editor

Related News