ਬਰਸਾਤਾਂ ਦੇ ਦਿਨਾਂ ’ਚ ਨਗਰ ਨਿਗਮ ਚੋਣਾਂ ਕਰਵਾਉਣ ਦਾ ਰਿਸਕ ਨਹੀਂ ਲਵੇਗੀ ‘ਆਪ’ ਸਰਕਾਰ

05/25/2023 4:55:14 PM

ਜਲੰਧਰ (ਖੁਰਾਣਾ) - ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮਿਆਦ 24 ਜਨਵਰੀ ਨੂੰ ਖ਼ਤਮ ਹੋ ਚੁੱਕੀ ਹੈ। ਕਿਸੇ ਨਾ ਕਿਸੇ ਕਾਰਨਾਂ ਕਾਰਨ ਨਵਾਂ ਹਾਊਸ ਗਠਿਤ ਕਰਨ ਲਈ ਹੋਣ ਵਾਲੀਆਂ ਚੋਣਾਂ ਲਟਕਦੀਆਂ ਹੀ ਜਾ ਰਹੀਆਂ ਹਨ। ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਉਨ੍ਹਾਂ ਕਾਰਨ ਮੰਨਿਆ ਜਾ ਰਿਹਾ ਹੈ ਕਿ ਜਲੰਧਰ ਨਿਗਮ ਦੀਆਂ ਚੋਣਾਂ ਹੁਣ ਬਰਸਾਤਾਂ ਤੋਂ ਬਾਅਦ ਭਾਵ ਸਰਦੀਆਂ ਵਿਚ ਹੀ ਹੋਣਗੀਆਂ। ਜ਼ਿਕਰਯੋਗ ਹੈ ਕਿ ਜਦੋਂ ਜਨਵਰੀ ਵਿਚ ਕੌਂਸਲਰ ਹਾਊਸ ਦੀ ਮਿਆਦ ਖ਼ਤਮ ਹੋਈ ਸੀ, ਉਦੋਂ ਸ਼ਹਿਰ ਵਿਚ ਸੱਤਾ ਧਿਰ ਵਿਰੋਧੀ ਲਹਿਰ ਚੱਲ ਰਹੀ ਸੀ, ਜਿਸ ਕਾਰਨ ਉਸ ਸਮੇਂ ਦੌਰਾਨ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਨਿਗਮ ਚੋਣਾਂ ਕਰਵਾਉਣ ਦਾ ਰਿਸਕ ਨਹੀਂ ਲਿਆ।

ਉਸ ਤੋਂ ਬਾਅਦ ‘ਆਪ’ ਨੇਤਾਵਾਂ ਨੇ ਵਾਰਡਬੰਦੀ ਫਾਈਨਲ ਕਰਨ ਵਿਚ ਕਈ ਹਫ਼ਤੇ ਲਗਾ ਦਿੱਤੇ। ਹੁਣ ਜਦੋਂ ਕਿ ਵਾਰਡਬੰਦੀ ਨੂੰ ਫਾਈਨਲ ਕਰ ਕੇ ਚੰਡੀਗੜ੍ਹ ਭੇਜਿਆ ਜਾ ਚੁੱਕਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਨਵੇਂ ਬਣੇ ਸਿਆਸੀ ਹਾਲਾਤ ਕਾਰਨ ਹੁਣ ਇਹ ਚੋਣਾਂ ਕੁਝ ਮਹੀਨਿਆਂ ਲਈ ਹੋਰ ਟਲ ਸਕਦੀਆਂ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਬਰਸਾਤਾਂ ਵਿਚ ਨਿਗਮ ਚੋਣਾਂ ਕਰਵਾਉਣ ਦਾ ਜੋਖਿਮ ਨਹੀਂ ਲਵੇਗੀ, ਕਿਉਂਕਿ ਉਦੋਂ ਸ਼ਹਿਰ ਦੀ ਹਾਲਤ ਠੀਕ ਨਹੀਂ ਹੋਵੇਗੀ।

ਰਿੰਕੂ ਨੇ ਅਜੇ ਦੇਖੀ ਨਹੀਂ ਵਾਰਡਬੰਦੀ ਪਰ ਡੀਲਿਮਿਟੇਸ਼ਨ ਬੋਰਡ ਦੀ ਬੈਠਕ ਅੱਜ
ਪੰਜਾਬ ਸਰਕਾਰ ਨੇ ਜਲੰਧਰ ਨਿਗਮ ਚੋਣਾਂ ਦੇ ਮੱਦੇਨਜ਼ਰ ਵਾਰਡਬੰਦੀ ਨੂੰ ਫਾਈਨਲ ਕਰਨ ਲਈ ਡੀਲਿਮਿਟੇਸ਼ਨ ਬੋਰਡ ਦੀ ਇਕ ਬੈਠਕ 25 ਮਈ ਨੂੰ ਚੰਡੀਗੜ੍ਹ ਵਿਚ ਕਾਲ ਕਰ ਰੱਖੀ ਹੈ। ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ 2 ਦਿਨ ਦੀ ਛੁੱਟੀ ’ਤੇ ਹਨ। ਇਸ ਲਈ ਐਡੀਸ਼ਨਲ ਕਮਿਸ਼ਨਰ ਮੈਡਮ ਸ਼ਿਖਾ ਭਗਤ, ਅਸਿਸਟੈਂਟ ਕਮਿਸ਼ਨਰ ਰਾਜੇਸ਼ ਖੋਖਰ ਅਤੇ ਨਿਗਮ ਦੇ ਏ. ਟੀ. ਪੀ. ਬਲਵਿੰਦਰ ਸਿੰਘ ਦੀ ਡਿਊਟੀ ਲੱਗੀ ਹੈ ਕਿ ਉਹ ਡੀਲਿਮਿਟੇਸ਼ਨ ਬੋਰਡ ਦੀ ਬੈਠਕ ਵਿਚ ਸ਼ਾਮਲ ਹੋਣ। ਇਸ ਬੈਠਕ ਵਿਚ ਨਿਗਮ ਹਲਕੇ ਵਿਚ ਆਉਂਦੇ ਆਪ ਤੇ ਕਾਂਗਰਸ ਦੇ ਵਿਧਾਇਕਾਂ ਤੋਂ ਇਲਾਵਾ ਹੋਰ ਨੇਤਾ ਵੀ ਹਿੱਸਾ ਲੈਣਗੇ। ਬੈਠਕ ਭਾਵੇਂ ਨਿਗਮ ਚੋਣ ਲਈ ਕੀਤੀ ਗਈ ਵਾਰਡਬੰਦੀ ਲਈ ਰੱਖੀ ਗਈ ਹੈ। 

ਸਿਆਸੀ ਸੂਤਰਾਂ ਅਨੁਸਾਰ ਹਾਲ ਵਿਚ ਸੰਸਦ ਮੈਂਬਰ ਬਣੇ ਸੁਸ਼ੀਲ ਰਿੰਕੂ ਨੇ ਅਜੇ ਤੱਕ ਇਸ ਵਾਰਡਬੰਦੀ ਨੂੰ ਦੇਖਿਆ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਸੁਸ਼ੀਲ ਰਿੰਕੂ ਆਪਣੇ ਹਿਸਾਬ ਨਾਲ ਵਾਰਡਬੰਦੀ ਵਿਚ ਕੁਝ ਬਦਲਾਅ ਕਰਨਾ ਚਾਹੁੰਦੇ ਹਨ, ਕਿਉਂਕਿ ਜਦੋਂ ਰਿੰਕੂ ਵਿਰੋਧੀ ਧਿਰ ਵਿਚ ਸਨ, ਉਦੋਂ ‘ਆਪ’ ਦੇ ਦੋਵੇਂ ਵਿਧਾਇਕਾਂ ਨੂੰ ਰਿੰਕੂ ਦੀ ਧਰਮਪਤਨੀ ਮੈਡਮ ਸੁਨੀਤਾ ਰਿੰਕੂ ਅਤੇ ਰਿੰਕੂ ਸਮਰਥਕ ਕੌਂਸਲਰਾਂ ਦੇ ਜ਼ਿਆਦਾਤਰ ਵਾਰਡਾਂ ਵਿਚ ਕਾਫ਼ੀ ਕਾਂਟ-ਛਾਂਟ ਕਰ ਦਿੱਤੀ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਸੁਸ਼ੀਲ ਰਿੰਕੂ ਦੀ ਕਾਫ਼ੀ ਚੱਲਦੀ ਹੈ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਡੀਲਿਮਿਟੇਸ਼ਨ ਬੋਰਡ ਦੀ ਬੈਠਕ ਭਾਵੇਂ ਹੋ ਜਾਵੇ ਪਰ ਜਲੰਧਰ ਨਿਗਮ ਦੀ ਵਾਰਡਬੰਦੀ ਨੂੰ ਉਦੋਂ ਤੱਕ ਫਾਈਨਲ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਉਸ ਵਿਚ ਸੁਸ਼ੀਲ ਰਿੰਕੂ ਦੀ ਸਹਿਮਤੀ ਨਹੀਂ ਹੋਵੇਗੀ।

ਥੋੜ੍ਹੇ-ਥੋੜ੍ਹੇ ਐਕਟਿਵ ਹੋਣ ਲੱਗੇ ਹਨ ਕਾਂਗਰਸ ਦੇ ਸਾਬਕਾ ਕੌਂਸਲਰ
ਵਿਧਾਨ ਸਭਾ ਚੋਣਾਂ ਵਿਚ ਕਰਾਰੀ ਮਾਤ ਖਾਣ ਤੋਂ ਬਾਅਦ ਲੋਕ ਸਭਾ ਉਪ ਚੋਣ ਵਿਚ ਵੀ ਕਾਂਗਰਸ ਨੂੰ ਹਾਰ ਦਾ ਸਵਾਦ ਚੱਖਣਾ ਪਿਆ, ਜਿਸ ਨਾਲ ਕਾਂਗਰਸੀਆਂ ਦੇ ਹੌਂਸਲੇ ਇਨ੍ਹੀਂ ਦਿਨੀਂ ਪਸਤ ਦਿਖਾਈ ਦੇ ਰਹੇ ਹਨ ਪਰ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਨਿਗਮ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੇ ਕੁਝ ਸਾਬਕਾ ਕੌਂਸਲਰਾਂ ਨੇ ਹੌਲੀ-ਹੌਲੀ ਐਕਟਿਵ ਹੋਣਾ ਸ਼ੁਰੂ ਕਰ ਦਿੱਤਾ ਹੈ।

ਸਾਬਕਾ ਕਾਂਗਰਸੀ ਕੌਂਸਲਰ ਪਵਨ ਕੁਮਾਰ, ਬੰਟੀ ਨੀਲਕੰਠ ਤੇ ਕੌਂਸਲਰਪਤੀ ਰਹੇ ਜਗਜੀਤ ਸਿੰਘ ਜੀਤਾ ਨੇ ਨਿਗਮ ਦੀ ਐਡੀਸ਼ਨਲ ਕਮਿਸ਼ਨਰ ਮੈਡਮ ਸ਼ਿਖਾ ਭਗਤ ਨੂੰ ਇਕ ਮੰਗ-ਪੱਤਰ ਦੇ ਕੇ ਮੰਗ ਕੀਤੀ ਕਿ ਅਰਬਨ ਅਸਟੇਟ ਤੋਂ, ਜੋ ਸੜਕ ਵਾਇਆ ਸੰਘਾ ਚੌਕ ਹੁੰਦੇ ਹੋਏ ਵਡਾਲਾ ਚੌਕ ਵੱਲ ਜਾਂਦੀ ਹੈ, ਉਸਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ। ਸਰਫੇਸ ਵਾਟਰ ਪ੍ਰਾਜੈਕਟ ਕਾਰਨ ਇਹ ਸੜਕ ਕਾਫੀ ਟੁੱਟ ਚੁੱਕੀ ਹੈ ਅਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਕਾਂਗਰਸੀ ਨੇਤਾਵਾਂ ਨੇ ਦੱਸਿਆ ਕਿ ਜਲਦ ਹੀ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਸ਼ਹਿਰ ਨਾਲ ਸਬੰਧਤ ਬਾਕੀ ਮੁੱਦੇ ਵੀ ਉਠਾਏ ਜਾਣਗੇ।


rajwinder kaur

Content Editor

Related News