ਆਮ ਆਦਮੀ ਪਾਰਟੀ ਤੇ ਅਕਾਲੀ ਜਨਤਾ ਨੂੰ ਗੁੰਮਰਾਹ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤ ਰਹੇ ਨੇ : ਗਿਲਜੀਆਂ

Tuesday, Aug 17, 2021 - 12:37 PM (IST)

ਗੜ੍ਹਦੀਵਾਲਾ (ਜਤਿੰਦਰ): ਪੰਜਾਬ ਸਰਕਾਰ ਵੱਲੋਂ ਸੜਕਾਂ ਦੇ ਨਿਰਮਾਣ 'ਤੇ ਕਰੋੜਾਂ ਰੁਪਏ ਖਰਚ ਕਰਕੇ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਵੱਲੋਂ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਫ਼ੇਜ਼-3 ਅਧੀਨ ਲਗਭਗ 8.15 ਕਰੋੜ ਰੁਪਏ ਦੀ ਲਾਗਤ ਨਾਲ 13.31 ਕਿਲੋਮੀਟਰ ਬਣਾਈ ਜਾ ਰਹੀ ਗੜ੍ਹਦੀਵਾਲਾ ਤੋਂ ਖੰਗਵਾੜੀ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੰਢੀ ਖ਼ੇਤਰ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਕਰੋੜਾਂ ਰੁਪਏ ਖਰਚ ਕਰਕੇ ਅਨੇਕਾਂ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੰਢੀ ਖ਼ੇਤਰ ਦੇ 48 ਪਿੰਡਾਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਲਗਭਗ 25 ਸਿੰਚਾਈ ਦੇ ਟਿਊਬਵੈੱਲ ਜਿਨ੍ਹਾਂ ਵਿੱਚੋਂ ਕੁਝ ਚਾਲੂ ਹਾਲਤ ਵਿੱਚ ਹਨ ਅਤੇ ਬਾਕੀਆਂ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਪਿੰਡਾਂ ਦੀਆਂ ਲਿੰਕ ਸੜਕਾਂ ਲਗਭਗ 112 ਕਿਲੋਮੀਟਰ ਬਣਾਈਆਂ ਗਈਆਂ ਹਨ। 

ਇਸ ਤੋਂ ਇਲਾਵਾ ਕੰਢੀ ਖ਼ੇਤਰ ਦੇ ਪਿੰਡ ਮਸਤੀਵਾਲ਼ ਵਿਖੇ ਸਰਕਾਰੀ ਆਈ. ਟੀ. ਆਈ. ਬਣਾਈ ਗਈ ਹੈ। ਇਸ ਤੋਂ ਇਲਾਵਾ ਸਰਕਾਰੀ ਡਿਸਪੈਂਸਰੀ ਗੜ੍ਹਦੀਵਾਲਾ ਨੂੰ 30 ਬੈੱਡ ਦਾ ਹਸਪਤਾਲ ਬਣਾਉਣ ਲਈ ਜਲਦ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਗੜ੍ਹਦੀਵਾਲਾ ਦੀ ਟਰੈਫਿਕ ਸਮੱਸਿਆ ਨਾਲ ਨਜਿੱਠਣ ਲਈ ਦਾਣਾ ਮੰਡੀ ਗੜ੍ਹਦੀਵਾਲਾ ਰੋਡ ਰਾਹੀਂ ਬਾਈਪਾਸ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦਾ ਆਰਥਿਕ ਢਾਂਚਾ ਪੂਰੀ ਤਰ੍ਹਾਂ ਬਰਬਾਦ ਕਰ ਕੇ ਰੱਖ ਦਿੱਤਾ ਹੈ ਅਤੇ ਦੇਸ਼ ਨੂੰ ਇਸ ਵਕਤ ਕੰਗਾਲੀ ਕਿਨਾਰੇ ਲਿਆ ਖੜ੍ਹਾ ਕਰ ਦਿੱਤਾ ਹੈ। ਜਿਸ ਕਾਰਨ ਅੱਜ ਦੇਸ਼ ਦਾ ਹਰ ਵਰਗ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਕਿਸਾਨਾਂ ਦੇ ਨਾਲ-ਨਾਲ ਹਰੇਕ ਵਰਗ ਸੜਕਾਂ 'ਤੇ ਰੁਲਣ ਲਈ ਮਜਬੂਰ ਹੋ ਗਿਆ ਹੈ।

ਉਨ੍ਹਾਂ ਅਕਾਲੀਆਂ ਅਤੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਵਲੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਹਰੇਕ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਹਨ। ਪਰ ਪੰਜਾਬ ਦੀ ਜਨਤਾ ਇਨ੍ਹਾਂ ਦੋਵਾਂ ਪਾਰਟੀਆਂ ਦੇ ਝਾਂਸੇ ਵਿੱਚ ਨਹੀਂ ਆਵੇਗੀ, ਕਿਉਂਕਿ ਸੂਬੇ ਦੀ ਜਨਤਾ ਪੂਰੀ ਤਰ੍ਹਾਂ ਇਨ੍ਹਾਂ ਦੀਆਂ ਚਾਲਾਂ ਨੂੰ ਸਮਝ ਚੁੱਕੀ ਹੈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ, ਪੀ. ਡਬਲਯੂ. ਡੀ. ਵਿਭਾਗ ਦੇ ਐਕਸੀਅਨ ਮਨਜੀਤ ਸਿੰਘ, ਐੱਸ. ਡੀ. ਓ. ਸਤਪਾਲ ਸਿੰਘ, ਜੇ. ਈ. ਯਾਦਵਿੰਦਰ ਸਿੰਘ ਸੋਢੀ ,ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ, ਸੰਮਤੀ ਮੈਂਬਰ ਰਣਜੀਤ ਸਿੰਘ ਫਤਿਹਪੁਰ, ਸਰਪੰਚ ਕੇਵਲ ਕ੍ਰਿਸ਼ਨ ਫਤਿਹਪੁਰ, ਸਰਪੰਚ ਅਵਤਾਰ ਸਿੰਘ, ਸਰਪੰਚ ਜੈਪਾਲ ਸ਼ਰਮਾ, ਸਰਪੰਚ ਕੁਲਵੀਰ ਸਿੰਘ ਭੱਟਲਾਂ, ਸਰਪੰਚ ਸ਼ਿਵ ਚਰਨ ਆਦਿ ਸਮੇਤ ਭਾਰੀ ਗਿਣਤੀ ਵਿੱਚ ਕੰਢੀ ਦੇ ਲੋਕ ਹਾਜ਼ਰ ਸਨ। 


Shyna

Content Editor

Related News