ਗ਼ਰੀਬ ਵਿਅਕਤੀ ਦਾ ਫੋਨ ਵਾਪਸ ਦਿਵਾਉਣਾ ਮੰਦਰ ਦੇ ਸੇਵਾਦਾਰ ਨੂੰ ਪਿਆ ਮਹਿੰਗਾ, ਪੁੱਜਾ ਹਸਪਤਾਲ
Monday, Jan 15, 2024 - 12:59 PM (IST)
ਜਲੰਧਰ (ਰਮਨ)-ਗ਼ਰੀਬ ਵਿਅਕਤੀ ਨੂੰ ਉਸ ਦਾ ਮੋਬਾਇਲ ਫੋਨ ਹਮਲਾਵਰਾਂ ਕੋਲੋਂ ਵਾਪਸ ਦਿਵਾਉਣਾ ਮੰਦਰ ਦੇ ਸੇਵਾਦਾਰ ਨੂੰ ਮਹਿੰਗਾ ਪੈ ਗਿਆ। ਤੇਜ਼ਧਾਰ ਹਥਿਆਰਾਂ ਨਾਲ ਲੈਸ 7-8 ਹਮਲਾਵਰਾਂ ਨੇ ਮੰਦਰ ’ਚ ਜਾ ਕੇ ਸੇਵਾਦਾਰ ਅਮਨ ਠਾਕੁਰ ਪੁੱਤਰ ਅਸ਼ਵਨੀ ਕੁਮਾਰ ਵਾਸੀ ਕੋਟ ਕਿਸ਼ਨ ਚੰਦ ’ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਤੌਰ ’ਤੇ ਜ਼ਖ਼ਮੀ ਕਰ ਦਿੱਤਾ। ਹਮਲਾਵਰ ਜਾਂਦੇ ਹੋਏ ਪੀੜਤ ਦੀ ਗੱਡੀ ਦੇ ਸ਼ੀਸ਼ੇ ਤੋੜ ਕੇ ਗੱਡੀ ’ਚ ਰੱਖੀ 20 ਹਜ਼ਾਰ ਦੀ ਨਕਦੀ ਅਤੇ ਜ਼ਰੂਰੀ ਸਾਮਾਨ ਚੋਰੀ ਕਰ ਕੇ ਲੈ ਗਏ। ਮੰਦਰ ’ਚ ਮੌਜੂਦ ਲੋਕਾਂ ਨੇ ਪੀੜਤ ਦੇ ਪਰਿਵਾਰ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਲਹੂ-ਲੁਹਾਨ ਦੀ ਹਾਲਤ ’ਚ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਥਾਣਾ 3 ਦੀ ਪੁਲਸ ਸਿਵਲ ਹਸਪਤਾਲ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਸਿਵਲ ਹਸਪਤਾਲ ’ਚ ਜ਼ਖ਼ਮੀ ਹਾਲਤ ’ਚ ਅਮਨ ਕੁਮਾਰ ਨੇ ਦੱਸਿਆ ਕਿ ਉਹ ਅਤੇ ਅਸ਼ੋਕ ਦੋਵੇਂ ਬ੍ਰਹਮਕੁੰਡ ਮੰਦਰ ’ਚ ਸੇਵਾਦਾਰ ਹਨ ਜੋ ਗ਼ਰੀਬ ਵਿਅਕਤੀ ਹੈ। ਅਸ਼ੋਕ ਨੇ ਉਸ ਨੂੰ ਦੱਸਿਆ ਕਿ ਉਕਤ ਹਮਲਾਵਰਾਂ ਨੇ ਉਸ ਦੇ ਘਰੋਂ ਉਸ ਦਾ ਮੋਬਾਇਲ ਫੋਨ ਚੋਰੀ ਕਰ ਲਿਆ ਹੈ। ਅਸ਼ੋਕ ਨੂੰ ਜਦੋਂ ਕਿਸੇ ਨੇ ਦੱਸਿਆ ਕਿ ਉਸ ਦਾ ਫੋਨ ਉਕਤ ਹਮਲਾਵਰਾਂ ਕੋਲ ਹੈ ਤਾਂ ਉਹ ਕਈ ਵਾਰ ਉਨ੍ਹਾਂ ਕੋਲੋਂ ਫੋਨ ਵਾਪਸ ਲੈਣ ਲਈ ਗਿਆ ਪਰ ਉਹ ਉਸ ਨੂੰ ਡਰਾ-ਧਮਕਾ ਕੇ ਭਜਾ ਦਿੰਦੇ ਸਨ। ਗਰੀਬ ਦਾ ਫੋਨ ਦਿਵਾਉਣ ਲਈ ਜਦੋਂ ਇਕ ਦਿਨ ਉਸ ਨੇ ਦੌਲਤਪੁਰੀ ਮੁਹੱਲੇ ਦੇ ਰਹਿਣ ਵਾਲੇ ਨੌਜਵਾਨ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਅਸ਼ੋਕ ਦਾ ਫੋਨ ਵਾਪਸ ਕਰ ਦੇਣਗੇ ਪਰ ਫੋਨ ਵਾਪਸ ਨਹੀਂ ਕੀਤਾ। ਬੁੱਧਵਾਰ ਦੁਬਾਰਾ ਫੋਨ ਵਾਪਸ ਕਰਨ ਸਬੰਧੀ ਗੱਲਬਾਤ ਕੀਤੀ ਤਾਂ ਕਿਹਾ ਸ਼ਾਮ ਨੂੰ ਵਾਪਸ ਕਰ ਦੇਣਗੇ।
ਇਹ ਵੀ ਪੜ੍ਹੋ : ਜਲੰਧਰ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਨਗਰ ਕੀਰਤਨ ਅੱਜ, ਟ੍ਰੈਫਿਕ ਰਹੇਗੀ ਡਾਇਵਰਟ
ਇਲਾਜ ਅਧੀਨ ਅਮਨ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਵੀਰਵਾਰ ਸ਼ਾਮ 6 ਵਜੇ ਮੰਦਰ ’ਚ ਸੇਵਾ ਕਰ ਰਹੇ ਸਨ ਤਦ ਰਾਜਵੀਰ ਦੇ ਪਰਿਵਾਰ ਦੀਆਂ ਔਰਤਾਂ ਸਮੇਤ ਕਾਲੂ, ਸੂਰਜ ਅਤੇ 7-8 ਹਮਲਾਵਰਾਂ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੋਸ਼ ਲਾਇਆ ਕਿ ਪਹਿਲਾਂ ਔਰਤ ਨੇ ਉਸ ’ਤੇ ਹਮਲਾ ਕੀਤਾ। ਹਮਲਾਵਰਾਂ ਨੇ ਸ਼ਰੇਆਮ ਮੰਦਰ ’ਚ ਆ ਕੇ ਗੁੰਡਾਗਰਦੀ ਕੀਤੀ ਅਤੇ ਉਸ ਨੂੰ ਗੰਭੀਰ ਹਾਲਤ ’ਚ ਲਹੂ-ਲੁਹਾਨ ਕਰਕੇ ਉਸ ਦੀ ਗੱਡੀ ਤੋੜ ਦਿੱਤੀ ਅਤੇ ਗੱਡੀ ’ਚ ਪਏ 20 ਹਜ਼ਾਰ ਰੁਪਏ ਅਤੇ ਜ਼ਰੂਰੀ ਸਾਮਾਨ ਚੋਰੀ ਕਰ ਲਿਆ ਅਤੇ ਕਿਹਾ ਕਿ ਦੋਬਾਰਾ ਫੋਨ ਮੰਗਿਆ ਤਾਂ ਮਾਰ ਦੇਵਾਂਗੇ। ਮੰਦਰ ’ਚ ਮੌਜੂਦ ਲੋਕਾਂ ਨੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਅਤੇ ਕਿਸੇ ਤਰ੍ਹਾਂ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ।
ਇਹ ਵੀ ਪੜ੍ਹੋ : ਠੰਡ ਦੇ ਮੱਦੇਨਜ਼ਰ ਲਿਆ ਗਿਆ ਵੱਡਾ ਫ਼ੈਸਲਾ, ਫਿਰ ਤੋਂ ਵਧੀਆਂ ਸਕੂਲਾਂ 'ਚ ਛੁੱਟੀਆਂ
ਪੀੜਤ ਨੇ ਦੱਸਿਆ ਕਿ ਹਮਲਾਵਰ ਖ਼ੁਦ ਆਪਣੇ ਆਪ ਨਕਲੀ ਸੱਟ ਲਾ ਕੇ ਸਿਵਲ ਹਸਪਤਾਲ ਪਹੁੰਚ ਗਏ ਅਤੇ ਉੱਥੇ ਵੀ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਹਮਲਾਵਰ ਸ਼ਰਾਰਤੀ ਕਿਸਮ ਦੇ ਹਨ, ਜਿਨ੍ਹਾਂ ’ਤੇ ਪਹਿਲਾਂ ਵੀ ਚੋਰੀ, ਕੁੱਟਮਾਰ ਕਰਨ ਦੇ ਮੁਕੱਦਮੇ ਦਰਜ ਹਨ ਜੋ ਚੋਰੀ ਦਾ ਸਾਮਾਨ ਵੇਚਦੇ ਹਨ। ਪੀੜਤ ਨੇ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਅਪੀਲ ਕੀਤੀ ਹੈ ਕਿ ਹਮਲਾਵਰਾਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਸ ਦੀ ਜਾਨ ਦੀ ਸੁਰੱਖਿਆ ਕੀਤੀ ਜਾਵੇ। ਇਲਾਕੇ ’ਚ ਉਨ੍ਹਾਂ ਦਾ ਕਿਸੇ ਦੇ ਨਾਲ ਕਦੀ ਕੋਈ ਲੜਾਈ-ਝਗੜਾ ਨਹੀਂ ਹੋਇਆ। ਉਹ ਤਾਂ ਸਿਰਫ਼ ਗਰੀਬ ਦਾ ਫੋਨ ਵਾਪਸ ਦਿਵਾਉਣਾ ਚਾਹੁੰਦਾ ਸੀ। ਥਾਣਾ 3 ਦੀ ਪੁਲਸ ਨੇ ਦੱਸਿਆ ਕਿ ਅਮਨ ਦੀ ਐੱਮ. ਐੱਲ. ਆਰ. ਦੀ ਕਾਪੀ ਉਨ੍ਹਾਂ ਕੋਲ ਪਹੁੰਚੀ ਹੈ। ਪੀੜਤ ਇਲਾਜ ਅਧੀਨ ਹੈ। ਘਟਨਾ ਵਾਲੀ ਥਾਂ ਦੇ ਨੇੜੇ-ਤੇੜੇ ਦੀ ਸੀ. ਸੀ. ਟੀ. ਵੀ. ਫੁਟੇਜ ਕਢਵਾਈ ਜਾ ਰਹੀ ਹੈ। ਸ਼ਿਕਾਇਤ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਗੁ. ਸ੍ਰੀ ਬੇਰ ਸਾਹਿਬ ਦੇ ਮੁਲਾਜ਼ਮ ਦੀ ਸ਼ੱਕੀ ਹਾਲਾਤ 'ਚ ਮੌਤ, ਕਮਰੇ 'ਚੋਂ ਮਿਲੀ ਲਾਸ਼, ਦੋ ਭੈਣਾਂ ਦਾ ਸੀ ਇਕਲੌਤਾ ਭਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।