ਲਾਵਾਰਸ ਵਿਅਕਤੀ ਦੀ ਭੇਤਭਰੇ ਹਾਲਾਤ ’ਚ ਮੌਤ
Monday, Dec 30, 2024 - 02:12 PM (IST)
ਡੇਰਾਬੱਸੀ (ਵਿਕਰਮਜੀਤ) : ਇੱਥੋਂ ਦੇ ਨਜ਼ਦੀਕੀ ਪਿੰਡ ਮੀਰਪੁਰ ਵਿਖੇ ਇਕ ਲਾਵਾਰਸ ਵਿਅਕਤੀ ਦੀ ਭੇਤਭਰੀ ਹਾਲਾਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਲਾਸ਼ ਨੂੰ ਮੁਰਦਾਘਰ ’ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਜਗਤਪਾਲ ਨੇ ਦੱਸਿਆ ਕਿ ਮੀਰਪੁਰ ’ਚ ਇਕ ਲਾਵਾਰਸ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ। ਉਨ੍ਹਾਂ ਮੌਕੇ ’ਤੇ ਜਾ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਦੱਸਿਆ ਕਿ ਉਕਤ ਲਾਵਾਰਸ ਵਿਅਕਤੀ ਸ਼ਰਾਬ ਪੀਣ ਦਾ ਆਦੀ ਸੀ। ਐਤਵਾਰ 12 ਵਜੇ ਦੇ ਕਰੀਬ ਧੁੱਪ ਨਿਕਲੀ ਅਤੇ ਉਹ ਧੁੱਪ ’ਚ ਬੈਠ ਗਿਆ ਅਤੇ ਬੈਠਾ ਹੀ ਰਹਿ ਗਿਆ। ਉਸ ਦੀ ਭੇਤਭਰੇ ਹਾਲਤ ’ਚ ਮੌਤ ਹੋ ਗਈ ਹੈ। ਉਸ ਦੀ ਉਮਰ ਕਰੀਬ 65 ਸਾਲ ਦੇ ਕਰੀਬ ਲੱਗ ਰਹੀ ਹੈ। ਜਾਣਕਾਰੀ ਮੁਤਾਬਕ ਉਕਤ ਮ੍ਰਿਤਕ ਲਾਵਾਰਸ ਵਿਅਕਤੀ ਅੰਮ੍ਰਿਤਸਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਸ ਨੇ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ।