ਯੂਥ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਨੂੰ ਲੈ ਕੇ ਚੱਲ ਰਹੀ ਧੜੇਬੰਦੀ ਨੂੰ ਲੈ ਕੇ ਨਵਾਂ ਲੈਟਰ ਜਾਰੀ
Friday, Dec 02, 2022 - 04:53 PM (IST)

ਜਲੰਧਰ (ਚੋਪੜਾ)–ਜ਼ਿਲ੍ਹਾ ਯੂਥ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਨੂੰ ਲੈ ਕੇ ਚੱਲ ਰਹੀ ਧੜੇਬੰਦੀ ਅਤੇ ਚੁੱਕ-ਥਲ ਦੇ ਦੌਰ ਵਿਚ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਅਤੇ ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਮੁਖੀ ਅਜੇ ਚਿਕਾਰਾ ਨੇ ਇਕ ਪੱਤਰ ਜਾਰੀ ਕਰਕੇ ਇਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ ਅੰਗਦ ਦੱਤਾ ਨੂੰ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਮੁਕਤ ਕਰਦਿਆਂ ਦੀਪਕ ਖੋਸਲਾ ਨੂੰ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਨਾਲ ਪ੍ਰਧਾਨਗੀ ਅਹੁਦੇ ਨੂੰ ਲੈ ਕੇ ਸ਼ਸ਼ੋਪੰਜ ਦਾ ਦੌਰ ਪੂਰੀ ਤਰ੍ਹਾਂ ਖ਼ਤਮ ਹੋ ਗਿਆ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਯੂਥ ਕਾਂਗਰਸ ਦੀਆਂ ਸੰਗਠਨਾਤਮਕ ਚੋਣਾਂ ਵਿਚ ਚੁਣੇ ਹੋਏ ਪ੍ਰਧਾਨ ਅੰਗਦ ਦੱਤਾ ਨੇ ਵਿਧਾਨ ਸਭਾ ਚੋਣਾਂ ਦੇ ਬਾਅਦ ਤੋਂ ਪਾਰਟੀ ਪ੍ਰੋਗਰਾਮਾਂ ਤੋਂ ਦੂਰੀ ਬਣਾ ਰੱਖੀ ਸੀ, ਜਿਸ ਕਾਰਨ ਯੂਥ ਕਾਂਗਰਸ ਇਕ ਤਰ੍ਹਾਂ ਨਾਲ ਹਾਸ਼ੀਏ ’ਤੇ ਪਹੁੰਚ ਚੁੱਕੀ ਹੈ। ਦੱਤਾ ਆਪਣੀਆਂ ਘਰੇਲੂ ਅਤੇ ਕਾਰੋਬਾਰੀ ਪ੍ਰੇਸ਼ਾਨੀਆਂ ਕਾਰਨ ਪਾਰਟੀ ਪ੍ਰੋਗਰਾਮਾਂ ਨੂੰ ਕਰਵਾ ਨਾ ਸਕਣ ਦਾ ਕਾਰਨ ਦੱਸਦੇ ਆਏ ਹਨ। ਪਰ ਸੂਬਾ ਕਾਂਗਰਸ ਪ੍ਰਧਾਨ ਵਰਿੰਦਰ ਢਿੱਲੋਂ ਨੇ 28 ਅਕਤੂਬਰ 2022 ਨੂੰ ਅੰਗਦ ਦੱਤਾ ਦੇ ਸਥਾਨ ’ਤੇ ਦੀਪਕ ਖੋਸਲਾ ਨੂੰ ਜ਼ਿਲ੍ਹਾ ਯੂਥ ਕਾਂਗਰਸ ਸ਼ਹਿਰੀ ਦਾ ਵਰਕਿੰਗ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ, ਜਿਸ ਤਹਿਤ ਖੋਸਲਾ ਨੂੰ ਜ਼ਿਲ੍ਹਾ ਸ਼ਹਿਰੀ ਦੀਆਂ ਗਤੀਵਿਧੀਆਂ ਦੇ ਸੰਚਾਲਨ ਅਤੇ ਨਵੀਆਂ ਨਿਯੁਕਤੀਆਂ ਕਰਨ ਲਈ ਅਧਿਕਾਰਤ ਕੀਤਾ ਗਿਆ ਸੀ। ਵਰਿੰਦਰ ਢਿੱਲੋਂ ਨੇ ਦੱਸਿਆ ਕਿ ਜਲੰਧਰ ਹੀ ਨਹੀਂ, ਸਗੋਂ ਪਾਰਟੀ ਪ੍ਰੋਗਰਾਮਾਂ ਨੂੰ ਲੈ ਕੇ ਗੈਰ-ਸਰਗਰਮ ਭੂਮਿਕਾ ਅਦਾ ਕਰ ਰਹੇ ਫਤਿਹਗੜ੍ਹ, ਪਠਾਨਕੋਟ, ਫਰੀਦਕੋਟ, ਸੰਗਰੂਰ, ਮਾਨਸਾ, ਰੋਪੜ ਅਤੇ ਮੋਹਾਲੀ ਦੇ ਪ੍ਰਧਾਨਾਂ ਨੂੰ ਵੀ ਬਦਲਿਆ ਜਾ ਚੁੱਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਯੂਥ ਕਾਂਗਰਸ ਨੂੰ ਫਿਰ ਤੋਂ ਐਕਟਿਵ ਕਰਨ ਦੀ ਦਿਸ਼ਾ ਵਿਚ ਅਜਿਹੀ ਰੱਦੋ-ਬਦਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਰਿਵਾਰ ਦੀਆਂ ਖ਼ੁਸ਼ੀਆਂ ਹੋਈਆਂ ਤਬਾਹ, 20 ਸਾਲਾ ਨੌਜਵਾਨ ਨੇ ਸ਼ੱਕੀ ਹਾਲਾਤ 'ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਹਾਲਾਂਕਿ ‘ਜਗ ਬਾਣੀ’ਨੇ ਅੰਗਦ ਦੱਤਾ ਦੇ ਸਥਾਨ ’ਤੇ ਦੀਪਕ ਖੋਸਲਾ ਦੀ ਨਿਯੁਕਤੀ ਹੋਣ ਸਬੰਧੀ ਪਹਿਲਾਂ ਹੀ ਕਲੀਅਰ ਕਰ ਦਿੱਤਾ ਸੀ ਪਰ ਅੰਗਦ ਇਸ ਨਿਯੁਕਤੀ ਦੇ ਬਾਵਜੂਦ ਖੁਦ ਦੇ ਪ੍ਰਧਾਨ ਹੋਣ ਦਾ ਦਾਅਵਾ ਜਤਾਉਂਦੇ ਰਹੇ ਹਨ ਪਰ ਸੂਬਾ ਪ੍ਰਧਾਨ ਢਿੱਲੋਂ ਅਤੇ ਸੂਬਾ ਇੰਚਾਰਜ ਨੇ 16 ਨਵੰਬਰ ਨੂੰ ਸਥਾਨਕ ਕਾਂਗਰਸ ਭਵਨ ਵਿਚ ਆਯੋਜਿਤ ਇਕ ਬੈਠਕ ਉਪਰੰਤ ਪ੍ਰੈੱਸ ਕਾਨਫ਼ਰੰਸ ਵਿਚ ਦੋ-ਟੁਕ ਸ਼ਬਦਾਂ ਵਿਚ ਕਿਹਾ ਕਿ ਪਾਰਟੀ ਵਿਚ ਗੈਰ-ਸਰਗਰਮੀ ਅਤੇ ਅਨੁਸ਼ਾਸਨਹੀਣਤਾ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰੋਗਰਾਮਾਂ ਨੂੰ ਲੈ ਕੇ ਅੰਗਦ ਵੱਲੋਂ ਦਿਖਾਈ ਜਾ ਰਹੀ ਗੈਰ-ਸਰਗਰਮੀ ਕਾਰਨ ਹੀ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਅਤੇ ਖੋਸਲਾ ਹੀ ਜ਼ਿਲਾ ਸ਼ਹਿਰੀ ਦਾ ਕਾਰਜਭਾਰ ਸੰਭਾਲਣਗੇ। ਇਸਦੇ ਬਾਵਜੂਦ ਕੁਝ ਯੂਥ ਨੇਤਾ ਅਜਿਹੀਆਂ ਚਰਚਾਵਾਂ ਫੈਲਾਉਂਦੇ ਰਹੇ ਕਿ ਅੰਗਦ ਦੱਤਾ ਦੇ ਨਾਲ ਖੋਸਲਾ ਨੂੰ ਸਿਰਫ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਹੈ, ਜਦਕਿ ਪਹਿਲੇ ਦਿਨ ਹੀ ਸੂਬਾ ਪ੍ਰਧਾਨ ਨੇ ਖੋਸਲਾ ਦੀ ਨਿਯੁਕਤੀ ਵਰਕਿੰਗ ਪ੍ਰਧਾਨ ਵਜੋਂ ਕਰ ਦਿੱਤੀ ਸੀ।
ਅੰਗਦ ਦਾ ਦਾਅਵਾ : ਰਾਸ਼ਟਰੀ ਪ੍ਰਧਾਨ ਨੇ ਜਾਰੀ ਕੀਤਾ ਨਵਾਂ ਲੈਟਰ, ਫਿਰ ਕਿਹਾ-ਉਨ੍ਹਾਂ ਦਾ 3 ਸਾਲ ਦਾ ਕਾਰਜਕਾਲ ਪੂਰਾ ਹੋਇਆ
ਸੂਬਾ ਪ੍ਰਧਾਨ ਵੱਲੋਂ ਅਹੁਦਾ ਮੁਕਤ ਕਰਨ ਲਈ ਜਾਰੀ ਇਕ ਹੋਰ ਲੈਟਰ ਤੋਂ ਬਾਅਦ ਅੰਗਦ ਨੇ ਆਪਣਾ ਪੱਖ ਰੱਖਿਆ ਕਿ ਉਨ੍ਹਾਂ ਨੇ ਸਾਰਾ ਮਾਮਲਾ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਵੀ. ਸ਼੍ਰੀਨਿਵਾਸ ਦੇ ਸਾਹਮਣੇ ਰੱਖਿਆ ਹੈ, ਜਿਨ੍ਹਾਂ ਨੇ ਇਕ ਨਵਾਂ ਲੈਟਰ ਜਾਰੀ ਕਰਦਿਆਂ ਉਨ੍ਹਾਂ ਦੀ ਜ਼ਿਲਾ ਪ੍ਰਧਾਨਗੀ ਨੂੰ ਬਹਾਲ ਰੱਖਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਲੈਟਰ ਦਾ ਖੁਲਾਸਾ ਕੱਲ ਕਰਨਗੇ ਪਰ ਬਾਅਦ ਵਿਚ ਅੰਗਦ ਨੇ ਕਿਹਾ ਕਿ ਉਨ੍ਹਾਂ ਨੂੰ ਚੁਣੇ ਹੋਏ 3 ਸਾਲ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਕਾਰਜਕਾਲ ਪੂਰਾ ਹੋਣ ਕਾਰਨ ਹੀ ਖੋਸਲਾ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ।
ਕਾਂਗਰਸ ਭਵਨ ’ਚ ਯੂਥ ਕਾਂਗਰਸ ਦਫ਼ਤਰ ਦੇ ਬਾਹਰ ਅੰਗਦ ਅਤੇ ਖੋਸਲਾ ਦੋਵਾਂ ਦੀ ਲੱਗੀ ਰਹੀ ਨੇਮ ਪਲੇਟ
ਖੋਸਲਾ ਨੇ ਆਪਣੀ ਨਿਯੁਕਤੀ ਤੋਂ ਬਾਅਦ ਸਥਾਨਕ ਰਾਜਿੰਦਰ ਨਗਰ ਸਥਿਤ ਕਾਂਗਰਸ ਭਵਨ ਵਿਚ ਜ਼ਿਲ੍ਹਾ ਯੂਥ ਕਾਂਗਰਸ ਸ਼ਹਿਰੀ ਦੇ ਦਫਤਰ ਦੇ ਬਾਹਰ ਆਪਣੇ ਪ੍ਰਧਾਨ ਹੋਣ ਦੀ ਨੇਮ ਪਲੇਟ ਲਗਾ ਦਿੱਤੀ, ਜਿਥੇ ਪਹਿਲਾਂ ਅੰਗਦ ਦੱਤਾ ਦੀ ਨੇਮ ਪਲੇਟ ਲੱਗੀ ਹੋਈ ਸੀ ਪਰ ਬਾਅਦ ਵਿਚ ਪੈਦਾ ਹੋਏ ਵਿਵਾਦ ਕਾਰਨ ਦਫ਼ਤਰ ਦੇ ਐਂਟਰੀ ਗੇਟ ’ਤੇ ਦੋਵੇਂ ਨੇਮ ਪਲੇਟਾਂ ਲੱਗੀਆਂ ਰਹੀਆਂ। ਇਕ ਦਫ਼ਤਰ ਵਿਚ 2-2 ਪ੍ਰਧਾਨਾਂ ਦੀ ਨੇਮ ਪਲੇਟ ਲੱਗੇ ਹੋਣ ’ਤੇ ਸੂਬਾ ਇੰਚਾਰਜ ਦਾ ਕਹਿਣਾ ਸੀ ਕਿ ਖੋਸਲਾ ਦੀ ਨਿਯੁਕਤੀ ਹੋ ਚੁੱਕੀ ਹੈ। ਯੂਥ ਕਾਂਗਰਸ ਨੇਮ ਪਲੇਟ, ਪੋਸਟਰ ਪਾੜਨ ’ਤੇ ਵਿਸ਼ਵਾਸ ਨਹੀਂ ਰੱਖਦੀ।
ਇਹ ਵੀ ਪੜ੍ਹੋ : ਨਸ਼ੇ ਦੇ ਖ਼ਿਲਾਫ਼ ਮਿਸਾਲ ਬਣ ਕੇ ਉਭਰਿਆ ਜਲੰਧਰ ਦਾ ਪਿੰਡ ਰਾਣੀ ਭੱਟੀ, ਹੋ ਰਹੀਆਂ ਨੇ ਹਰ ਪਾਸੇ ਤਾਰੀਫ਼ਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।