ਸਾਬਕਾ ਫੌਜੀ ਦਾ ਏ. ਟੀ. ਐੱਮ. ਬਦਲ ਕੇ ਕਢਵਾਏ 1 ਲੱਖ 47 ਹਜ਼ਾਰ

05/16/2019 1:47:46 AM

ਟਾਂਡਾ, (ਜਸਵਿੰਦਰ)- ਫੌਜ ’ਚੋਂ ਰਿਟਾਇਰ ਹੋਣ ਉਪਰੰਤ ਆਪਣੇ ਪਿੰਡ ਪਰਤੇ ਨਾਇਕ ਦਰਸ਼ਨ ਸਿੰਘ ਨੂੰ ਬੀਤੇ ਦਿਨ ਏ. ਟੀ. ਐੱਮ. ’ਚੋਂ ਪੈਸੇ ਕੱਢਵਾਉਣ ਸਮੇਂ ਇਕ ਠੱਗ ਦੀ ਲੁੱਟ ਦਾ ਸ਼ਿਕਾਰ ਹੋਣਾ ਪਿਆ। ਅੱਜ ਆਪਣੇ ਪਰਿਵਾਰ ਸਮੇਤ ਪ੍ਰੈੱਸ ਕੋਲ ਪਹੁੰਚੇ ਦਰਸ਼ਨ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਆਪਣਾ ਘਰ ਬਣਾਉਣ ਲਈ ਸਟੇਟ ਬੈਂਕ ’ਚ ਲੋਨ ਲਈ ਅਪਲਾਈ ਕੀਤਾ ਸੀ। ਲੋਨ ਪਾਸ ਹੋਣ ’ਤੇ ਮੇਰੇ ਖਾਤੇ ’ਚ 2 ਲੱਖ 35 ਹਜ਼ਾਰ ਰੁਪਏ ਆ ਗਏ, ਜਿਸ ’ਚੋਂ ਮੈਂ ਲੋਡ਼ ਅਨੁਸਾਰ ਪੈਸੇ ਕੱਢਵਾਉਂਦਾ ਰਿਹਾ। ਬੀਤੇ ਦਿਨ ਜਦ ਮੈਂ ਬੈਂਕ ਦੇ ਏ. ਟੀ. ਐੱਮ. ’ਚੋਂ ਪੈਸੇ ਕੱਢਵਾਉਣ ਲੱਗਾ ਤਾਂ ਏ. ਟੀ. ਐੱਮ. ’ਚ ਖ਼ਰਾਬੀ ਕਾਰਨ 11 ਹਜ਼ਾਰ ਰੁਪਏ ਹੀ ਨਿਕਲੇ। ਉਸ ਸਮੇਂ ਏ. ਟੀ. ਐੱਮ. ’ਚ ਪਹੁੰਚੇ ਇਕ ਅਣਪਛਾਤੇ ਵਿਅਕਤੀ ਨੇ ਆਪਣੇ ਆਪ ਨੂੰ ਬੈਂਕ ਕਰਮਚਾਰੀ ਦੱਸਦੇ ਹੋਏ ਮੇਰਾ ਏ. ਟੀ. ਐੱਮ. ਕਾਰਡ ਲੈ ਕੇ ਮਸ਼ੀਨ ਠੀਕ ਕਰਨ ਦਾ ਬਹਾਨਾ ਬਣਾਉਂਦੇ ਹੋਏ ਮੇਰਾ ਏ. ਟੀ. ਐੱਮ. ਕਾਰਡ ਬਦਲ ਲਿਅਾ ਤੇ ਮੇਰੇ ਹੱਥ ਕੋਈ ਦੂਜਾ ਏ. ਟੀ. ਐੱਮ. ਫਡ਼ਾ ਦਿੱਤਾ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦ ਮੈਂ ਦੂਜੇ ਦਿਨ ਪੈਸੇ ਕੱਢਵਾਉਣ ਲੱਗਾ ਤਾਂ ਏ. ਟੀ. ਐੱਮ. ਨਾ ਚੱਲਣ ਦੀ ਸੂਰਤ ’ਚ ਜਦ ਮੈਂ ਬੈਂਕ ਅੰਦਰ ਜਾ ਕੇ ਦੱਸਿਆ ਤਾਂ ਉਨ੍ਹਾਂ ਮੈਨੂੰ ਏ. ਟੀ. ਐੱਮ. ਕਾਰਡ ਬਦਲੇ ਜਾਣ ਅਤੇ ਉਸ ’ਚੋਂ ਮੇਰੇ 1 ਲੱਖ 47 ਹਜ਼ਾਰ ਰੁਪਏ ਕੱਢਵਾਏ ਜਾਣ ਦੀ ਗੱਲ ਕਹੀ। ਜਦ ਮੈਂ ਇਸ ਸਬੰਧੀ ਬੈਂਕ ਮੈਨੇਜਰ ਨੂੰ ਦੱਸਿਆ ਤਾਂ ਉਨ੍ਹਾਂ ਮੈਨੂੰ ਡਾਂਟਣਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਥਾਣਾ ਟਾਂਡਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Bharat Thapa

Content Editor

Related News