ਏਅਰਲਾਈਨ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 90 ਹਜ਼ਾਰ ਠੱਗੇ, ਮਾਮਲਾ ਦਰਜ

Tuesday, Dec 11, 2018 - 01:57 AM (IST)

ਏਅਰਲਾਈਨ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ  90 ਹਜ਼ਾਰ  ਠੱਗੇ, ਮਾਮਲਾ ਦਰਜ

ਟਾਂਡਾ ਉਡ਼ਮੁਡ਼, (ਪੰਡਿਤ)- ਨਜ਼ਦੀਕੀ ਪਿੰਡ ਗਿੱਦਡ਼ਪਿੰਡੀ ਦਾ ਇਕ ਨੌਜਵਾਨ ਨਿੱਜੀ ਏਅਰਲਾਈਨ ’ਚ ਨੌਕਰੀ ਪਾਉਣ ਦੀ ਚਾਹਤ ਵਿਚ ਗਾਜ਼ੀਆਬਾਦ ਨਿਵਾਸੀ ਸ਼ਾਤਰ ਦਿਮਾਗ ਜਾਅਲਸਾਜ਼ ਕੋਲੋਂ 90 ਹਜ਼ਾਰ ਰੁਪਏ ਲੁਟਾ ਬੈਠਾ। ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਸਿਮਰਨਜੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਹੁਣ ਟਾਂਡਾ ਪੁਲਸ ਨੇ ਠੱਗੀ ਮਾਰਨ ਵਾਲੇ ਰਾਜ ਸ਼ਰਮਾ ਪੁੱਤਰ ਕੁਲਦੀਪ ਸ਼ਰਮਾ ਨਿਵਾਸੀ ਬ੍ਰਹਮਪੁਰੀ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਇਹ ਉਹ ਵਿਅਕਤੀ ਸੀ ਜੋ ਉਸ ਕੰਪਨੀ ਨਾਲ ਸਬੰਧਤ ਨਹੀਂ ਸੀ।   
ਕਿਵੇਂ ਬਣਾਇਆ ਠੱਗੀ ਦਾ ਸ਼ਿਕਾਰ :  ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਬੀ. ਸੀ. ਏ. ਪਾਸ ਸਿਮਰਨਜੀਤ ਸਿੰਘ ਦੱਸਿਆ ਕਿ ਜੂਨ ਮਹੀਨੇ ਉਸਨੂੰ ਇੰਟਰਨੈੱਟ ਰਾਹੀਂ ਵਿਸਤਾਰਾ ਏਅਰਲਾਈਨ ਕੰਪਨੀ ਗੁਡ਼ਗਾਂਵਾ (ਗੁਰੂਗਰਾਮ) ’ਚ ਕਰਮਚਾਰੀਆਂ ਦੀ ਲੋਡ਼ ਦੀ ਸੂਚਨਾ ਮਿਲਣ ’ਤੇ ਅਰਜ਼ੀਆਂ ਦੀ ਮੰਗ ਦੇਖਦੇ ਹੋਏ ਉਸਨੇ ਆਨਲਾਈਨ ਅਪਲਾਈ ਕਰ ਦਿੱਤਾ। ਅਪਲਾਈ ਕਰਦੇ ਸਮੇਂ ਦਿੱਤੀ ਨਿੱਜੀ ਜਾਣਕਾਰੀ ਤੋਂ ਹਾਸਲ ਕੀਤੇ ਉਸਦੇ ਫੋਨ ਨੰਬਰ ’ਤੇ ਹਫਤੇ ਬਾਅਦ ਉਸਨੂੰ ਫੋਨ ਆਇਆ। ਵਿਸਤਾਰਾ  ਏਅਰਲਾਈਨ ਦਾ ਹਵਾਲਾ ਦਿੰਦੇ ਫੋਨ ’ਤੇ ਗੱਲ ਕਰਨ ਵਾਲੇ ਵਿਅਕਤੀ ਨੇ ਆਪਣਾ ਨਾਂ ਅਕਸ਼ਿਤ ਗੁਪਤਾ ਦੱਸਦੇ ਹੋਏ ਸਿਮਰਨਜੀਤ  ਨਾਲ ਠੱਗੀ ਦਾ ਸਿਲਸਿਲਾ ਸ਼ੁਰੂ ਕਰਦੇ ਕਿਹਾ ਕਿ ਉਸਨੇ ਜੋ ਨੌਕਰੀ ਲਈ ਅਪਲਾਈ ਕੀਤਾ ਹੈ ਉਸਦੀ ਇੰਟਰਵਿਊ 25 ਜੂਨ ਨੂੰ ਗੁਡ਼ਗਾਂਵ ਹੋਣੀ ਹੈ। ਇਸ ਲਈ ਉਹ ਸਕਿਓਰਿਟੀ ਵਜੋਂ ਰਾਜ ਸ਼ਰਮਾ ਨਾਂ ਵਾਲੇ ਬੈਂਕ ਖਾਤੇ ਵਿਚ 9880 ਰੁਪਏ ਜਮ੍ਹਾ ਕਰਵਾਏ। ਸਿਮਰਨ ਨੇ ਉਸਦੇ ਕਹਿਣ ’ਤੇ ਇਹ ਰਕਮ ਜਮ੍ਹਾ ਕਰਵਾ ਦਿੱਤੀ। ਕੁਝ ਦਿਨ ਬਾਅਦ ਫਿਰ ਉਸੇ ਵਿਅਕਤੀ ਦਾ ਫੋਨ ਆਇਆ ਤੇ ਉਸਨੇ ਕਿਹਾ ਕਿ ਯੋਗਤਾ ਦੇਖਦੇ ਹੋਏ ਤੁਹਾਡੀ ਚੋਣ ਹੋ ਗਈ ਹੈ ਅਤੇ ਹੁਣ ਇੰਟਰਵਿਊ ਸਿਰਫ ਨਾ ਮਾਤਰ ਹੈ। ਨਾਲ ਹੀ ਉਸਨੇ ਉਸਨੂੰ ਮੇਲ ਰਾਹੀਂ ਜੋਆਈਨਿੰਗ ਲੈਟਰ ਵੀ ਭੇਜਦੇ ਹੋਏ ਅੰਮ੍ਰਿਤਸਰ ਹਵਾਈ ਅੱਡੇ ’ਤੇ ਹੋਣ ਵਾਲੀ  ਟ੍ਰੇਨਿੰਗ ਲਈ 50 ਹਜ਼ਾਰ ਦੀ ਮੰਗ ਕੀਤੀ। ਸਿਮਰਨ ਨੇ ਦੋ ਕਿਸ਼ਤਾਂ ਵਿਚ 50 ਹਜ਼ਾਰ ਵੀ ਉਕਤ ਖਾਤੇ ਵਿਚ ਜਮ੍ਹਾ ਕਰਵਾਏ ਤੇ ਉਸਦੇ ਕਹਿਣ ’ਤੇ 18 ਜੂਨ ਨੂੰ ਬੀਮੇ ਲਈ 30 ਹਜ਼ਾਰ ਵੀ ਜਮ੍ਹਾ ਕਰਵਾ ਦਿੱਤੇ। ਬਾਅਦ ’ਚ  ਉਕਤ ਨਾਂ ਦੇ ਵਿਅਕਤੀ ਨੇ ਜਦੋਂ ਵਿਦੇਸ਼ ’ਚ ਵੀ ਟ੍ਰੇਨਿੰਗ ਲਈ 90 ਹਜ਼ਾਰ ਦੀ  ਮੰਗ ਕੀਤੀ ਤਾਂ ਉਸਨੂੰ ਸ਼ੱਕ ਹੋ ਗਿਆ। ਸਿਮਰਨ ਜਦੋਂ ਆਪਣੀ ਇੰਟਰਵਿਊ ਤੋਂ ਪਹਿਲਾਂ 22 ਜੂਨ ਨੂੰ ਗੁਡ਼ਗਾਂਵ ਉਕਤ ਕੰਪਨੀ ਦੇ ਦਫਤਰ ਪਹੁੰਚਿਆ ਤਾਂ ਉਸਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਜਦੋਂ ਉਸਨੂੰ ਪਤਾ ਲੱਗਾ ਕਿ ਅਕਸ਼ਿਤ ਗੁਪਤਾ ਤੇ ਰਾਜ ਸ਼ਰਮਾ ਨਾਂ ਦਾ ਕੋਈ ਵੀ ਵਿਅਕਤੀ ਕੰਪਨੀ ਵਿਚ ਕੰਮ ਹੀ ਨਹੀਂ ਕਰਦਾ ਤੇ ਨਾ ਹੀ ਕੰਪਨੀ ਨੇ ਨੌਕਰੀ ਲਈ ਕੋਈ ਅਰਜ਼ੀਆਂ ਦੀ ਮੰਗ ਕੀਤੀ ਹੈ। ਸਿਮਰਨ ਨੇ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਕੰਪਨੀ ਦੇ ਆਫ਼ਰ ਲੈਟਰਾਂ ਦੀ ਦੁਰਵਰਤੋਂ ਕਰ ਕੇ ਉਸ ਨਾਲ 90 ਹਜ਼ਾਰ ਦੀ ਠੱਗੀ ਕੀਤੀ ਹੈ। 
ਸਿਮਰਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੁਡ਼ਗਾਂਵ ਗਿਆ ਸੀ ਤਾਂ ਉਸਨੂੰ ਪਤਾ ਲੱਗਾ ਕਿ ਕੰਪਨੀ ਦੇ ਨਾਂ ’ਤੇ ਅਜਿਹੀਆਂ ਠੱਗੀਆਂ ਦੇ ਕੇਸ ਪਹਿਲਾਂ ਵੀ ਸਾਹਮਣੇ ਆਏ ਸਨ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News