ਜਲੰਧਰ ''ਚ ਮਾਡਲ ਟਾਊਨ ਸਬ-ਡਿਵੀਜ਼ਨ ਦੇ ਕਈ ਇਲਾਕਿਆਂ ’ਚ 7 ਘੰਟੇ ਰਿਹਾ ਬਲੈਕਆਊਟ, ਜਾਣੋ ਕੀ ਰਹੀ ਵਜ੍ਹਾ

09/11/2023 12:34:35 PM

ਜਲੰਧਰ (ਪੁਨੀਤ)-ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਅਤੇ ਆਲੇ-ਦੁਆਲੇ ਦੇ ਕਈ ਇਲਾਕਿਆਂ ’ਚ ਬਲੈਕਆਊਟ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਵੱਖ-ਵੱਖ ਇਲਾਕਿਆਂ ਵਿਚ 6-7 ਘੰਟੇ ਬਿਜਲੀ ਬੰਦ ਰਹਿਣ ਕਾਰਨ ਲੋਕਾਂ ਦੇ ਇਨਵਰਟਰ ਵੀ ਜਵਾਬ ਦੇ ਚੁੱਕੇ ਸਨ ਅਤੇ ਫਾਲਟ ਠੀਕ ਨਾ ਹੋਣ ਕਾਰਨ ਲੋਕਾਂ ਵਿਚ ਹਾਹਾਕਾਰ ਮਚੀ ਰਹੀ। ਇਸ ਕਾਰਨ ਲੋਕ ਪਾਵਰਕਾਮ ਦੀਆਂ ਨੀਤੀਆਂ ’ਤੇ ਸਵਾਲ ਉਠਾ ਰਹੇ ਸਨ। ਜਦੋਂ ਲੰਮੇ ਸਮੇਂ ਤਕ ਫਾਲਟ ਠੀਕ ਨਾ ਹੋਣ ਦੇ ਕਾਰਨਾਂ ਦਾ ਪਤਾ ਕੀਤਾ ਗਿਆ ਤਾਂ ਸੱਚਾਈ ਸਾਹਮਣੇ ਆਈ। ਮਾਡਲ ਟਾਊਨ ਸਬ-ਡਿਵੀਜ਼ਨ ਅਧੀਨ ਦੁਪਹਿਰ 3 ਤੋਂ ਰਾਤ 11 ਵਜੇ ਤੱਕ ਫੀਲਡ ਵਿਚ 4 ਕਰਮਚਾਰੀਆਂ ਦੀ ਡਿਊਟੀ ਸੀ ਪਰ ਇਨ੍ਹਾਂ ਵਿਚੋਂ 3 ਕਰਮਚਾਰੀ ਗੈਰ-ਹਾਜ਼ਰ ਰਹੇ, ਜਿਸ ਕਾਰਨ ਕਈ ਇਲਾਕਿਆਂ ਵਿਚ ਫਾਲਟ ਠੀਕ ਨਹੀਂ ਹੋ ਸਕੇ ਅਤੇ ਬਲੈਕਆਊਟ ਹੋ ਗਿਆ। ਡਿਊਟੀ ਵਾਲੇ ਕਰਮਚਾਰੀਆਂ ਦੇ ਗੈਰ-ਹਾਜ਼ਰ ਹੋਣ ਕਾਰਨ ਦੂਜੇ ਕਰਮਚਾਰੀਆਂ ਦਾ ਪ੍ਰਬੰਧ ਵੀ ਨਹੀਂ ਕੀਤਾ ਗਿਆ। ਵੱਖ-ਵੱਖ ਇਲਾਕਿਆਂ ਦੇ ਲੋਕਾਂ ਨੇ ਦੱਸਿਆ ਕਿ ਤਿੱਖੀ ਗਰਮੀ ਵਿਚ ਦੁਪਹਿਰ ਸਮੇਂ ਫਾਲਟ ਪੈ ਗਏ ਅਤੇ ਰਾਤ 11 ਵਜੇ ਤੱਕ ਬਿਜਲੀ ਸਪਲਾਈ ਚਾਲੂ ਨਹੀਂ ਹੋ ਸਕੀ। ਬਲੈਕਆਊਟ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਸਬ-ਡਿਵੀਜ਼ਨ ਅਧੀਨ ਪੈਂਦੇ ਇਲਾਕਿਆਂ ਵਿਚ ਦੁਪਹਿਰ ਤੋਂ ਸ਼ਾਮ ਤੱਕ 30 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ। ਫਾਲਟ ਪੈਣ ਕਾਰਨ ਜਿਹੜੇ ਇਲਾਕੇ ਬੰਦ ਹੋਏ, ਉਨ੍ਹਾਂ ਵਿਚ ਮਾਡਲ ਟਾਊਨ, ਨਿਊ ਮਾਡਲ ਟਾਊਨ, ਸੰਜੇ ਕਰਾਟੇ ਵਾਲੀ ਲਾਈਨ, ਕੇ. ਐੱਫ. ਸੀ. ਵਾਲੀ ਲਾਈਨ, ਮਿੱਠਾਪੁਰ ਦਾ ਇਲਾਕਾ, ਅਲੀਪੁਰ ਅਤੇ ਆਲੇ -ਦੁਆਲੇ ਦੇ ਇਲਾਕੇ ਸ਼ਾਮਲ ਸਨ। ਇਨ੍ਹਾਂ ’ਚੋਂ ਕਈ ਇਲਾਕਿਆਂ ’ਚ 5-6 ਘੰਟੇ ਜਾਂ ਇਸ ਤੋਂ ਵੀ ਵੱਧ ਸਮੇਂ ਤੱਕ ਬਿਜਲੀ ਸਪਲਾਈ ਬੰਦ ਰਹੀ। ਹਾਲਾਤ ਅਜਿਹੇ ਸਨ ਕਿ ਲੋਕਾਂ ਨੂੰ ਤਿੱਖੀ ਗਰਮੀ ਵਿਚ ਸਮਾਂ ਬਿਤਾਉਣ ਲਈ ਮਜਬੂਰ ਹੋਣਾ ਪਿਆ। ਲੋਕਾਂ ਨੇ ਦੱਸਿਆ ਕਿ ਕੁਝ ਇਲਾਕਿਆਂ ਵਿਚ ਫੀਲਡ ਸਟਾਫ਼ ਆਇਆ ਸੀ ਪਰ ਇਸ ਦੇ ਬਾਵਜੂਦ 12 ਵਜੇ ਤੋਂ ਬਾਅਦ ਵੀ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਚਾਲੂ ਨਹੀਂ ਹੋ ਸਕੀ ਸੀ। ਨੋਡਲ ਕੰਪਲੇਂਟ ਸੈਂਟਰ, ਮਾਡਲ ਟਾਊਨ ਵਿਖੇ ਮੌਜੂਦ ਕਰਮਚਾਰੀ ਅਮਿਤ ਨਾਲ ਗੱਲ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਇਸ ਬਾਰੇ ਸੀਨੀਅਰ ਅਧਿਕਾਰੀ ਹੀ ਕੁਝ ਦੱਸ ਸਕਦੇ ਹਨ।

ਇਹ ਵੀ ਪੜ੍ਹੋ- 90 ਸਾਲਾ ਬਜ਼ੁਰਗ ਮਾਂ ਦਾ ਚੁੱਪ-ਚੁਪੀਤੇ ਕਰ 'ਤਾ ਸਸਕਾਰ, ਫੁੱਲ ਚੁਗਣ ਵੇਲੇ ਪਰਿਵਾਰ 'ਚ ਪੈ ਗਿਆ ਭੜਥੂ, ਜਾਣੋ ਕਿਉਂ

ਸ਼ਹਿਰ ਦੇ ਪਾਸ਼ ਇਲਾਕੇ ਲਈ ਸਿਰਫ 2 ਟੀਮਾਂ ਤਾਇਨਾਤ
ਮਾਡਲ ਟਾਊਨ ਸਬ-ਡਿਵੀਜ਼ਨ ਵਿਚ ਮੋਤਾ ਸਿੰਘ ਮਾਰਕੀਟ ਤੋਂ ਲੈ ਕੇ ਜਲੰਧਰ ਹਾਈਟ-2 ਤੱਕ ਦਾ ਇਲਾਕਾ ਸ਼ਾਮਲ ਹੈ। ਇਸ ਵਿਚ ਮੁੱਖ ਤੌਰ ’ਤੇ ਅਰਬਨ ਅਸਟੇਟ, ਚੀਮਾ ਨਗਰ, ਚੀਮਾ ਚੌਕ, ਮਾਡਲ ਟਾਊਨ, 66 ਫੁੱਟੀ ਰੋਡ, ਮਿੱਠਾਪੁਰ, ਜੀ. ਟੀ. ਬੀ. ਨਗਰ, ਗੁਰੂ ਗੋਬਿੰਦ ਸਿੰਘ ਨਗਰ, ਮਾਲ ਰੋਡ, ਕੂਲ ਰੋਡ, ਕਲਗੀਧਰ ਐਵੇਨਿਊ, ਨਿਊ ਕਲਗੀਧਰ ਐਵੇਨਿਊ, ਗੁਰੂ ਨਗਰ, ਪੀ. ਪੀ. ਆਰ. ਮਾਲ, ਕੇਸ਼ਵ ਨਗਰ, ਗਾਰਡਨ ਕਾਲੋਨੀ, ਅਲੀਪੁਰ, ਐੱਮ. ਕੇ. ਸਕੂਲ ਦਾ ਇਲਾਕਾ, ਵ੍ਹਾਈਟ ਡਾਇਮੰਡ ਹੋਟਲ ਵਾਲਾ ਇਲਾਕਾ, ਵਿਜੇ ਨਗਰ ਸਮੇਤ ਕਈ ਅਹਿਮ ਇਲਾਕੇ ਸ਼ਾਮਲ ਹਨ। 

ਇਨ੍ਹਾਂ ਇਲਾਕਿਆਂ ਵਿਚ ਬਿਜਲੀ ਦੇ ਫਾਲਟ ਠੀਕ ਕਰਨ ਲਈ ਦੁਪਹਿਰ 3 ਤੋਂ ਰਾਤ 11 ਵਜੇ ਤੱਕ ਦੋ ਟੀਮਾਂ ਤਾਇਨਾਤ ਰਹਿੰਦੀਆਂ ਹਨ। ਹਰੇਕ ਟੀਮ ਵਿਚ 2 ਕਰਮਚਾਰੀ ਹੁੰਦੇ ਹਨ। ਇਸੇ ਲੜੀ ਤਹਿਤ ਐਤਵਾਰ 4 ਕਰਮਚਾਰੀਆਂ ਦੀ ਡਿਊਟੀ ਸੀ ਪਰ ਇਨ੍ਹਾਂ ਵਿਚੋਂ 3 ਕਰਮਚਾਰੀ ਅੱਜ ਡਿਊਟੀ ’ਤੇ ਨਹੀਂ ਆਏ। ਗੈਰ-ਹਾਜ਼ਰ ਕਰਮਚਾਰੀਆਂ ਵਿਚ 2 ਪੱਕੇ ਲਾਈਨਮੈਨ ਅਤੇ ਇਕ ਕੱਚਾ ਕਰਮਚਾਰੀ ਸ਼ਾਮਲ ਹਨ। ਇਸ ਕਾਰਨ ਫਾਲਟ ਠੀਕ ਕਰਨ ਲਈ ਸਿਰਫ਼ ਇਕ 1 ਕਰਮਚਾਰੀ ਮੌਜੂਦ ਸੀ। ਇਸ ਕਾਰਨ ਬਿਜਲੀ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਸਮੇਂ ਸਿਰ ਨਹੀਂ ਹੋ ਸਕਿਆ। ਲੋਕਾਂ ਨੇ ਕਿਹਾ ਕਿ ਸ਼ਹਿਰ ਦੇ ਇਕ ਪਾਸ਼ ਇਲਾਕੇ ਵਿਚ ਸਿਰਫ਼ 2 ਟੀਮਾਂ ਨੂੰ ਤਾਇਨਾਤ ਕੀਤਾ ਜਾਣਾ ਸਮਝ ਤੋਂ ਬਾਹਰ ਹੈ। ਇਥੇ ਫਾਲਟ ਜ਼ਿਆਦਾ ਰਹਿੰਦੇ ਹਨ, ਜਿਸ ਕਾਰਨ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਪੰਜਾਬ ਨੂੰ ਨਸ਼ਾ ਮੁਕਤ ਕਰਨ, ਵਾਤਾਵਰਣ ਤੇ ਧਰਤੀ ਨੂੰ ਬਚਾਉਣ ਲਈ ਲੋਕ ਲਹਿਰ ਦੀ ਲੋੜ: ਭਗਵੰਤ ਮਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News