ਨਸ਼ਾ ਫੜਨ ਗਈ ਪੁਲਸ ਪਾਰਟੀ ''ਤੇ ਹਮਲਾ ਕਰਨ ਵਾਲੇ 6 ਕਾਬੂ

Thursday, Dec 12, 2019 - 08:10 PM (IST)

ਨਸ਼ਾ ਫੜਨ ਗਈ ਪੁਲਸ ਪਾਰਟੀ ''ਤੇ ਹਮਲਾ ਕਰਨ ਵਾਲੇ 6 ਕਾਬੂ

ਭੁਲੱਥ/ਨਡਾਲਾ, (ਰਜਿੰਦਰ, ਸ਼ਰਮਾ)- ਬੁੱਧਵਾਰ ਦੇਰ ਸ਼ਾਮ ਹਮੀਰਾ ਵਿਚ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਗਈ ਐਸ. ਟੀ. ਐਫ. ਟੀਮ 'ਤੇ ਹਮਲਾ ਕਰਨ ਵਾਲੇ ਡੇਢ ਦਰਜ਼ਨ ਤੋਂ ਵਧੇਰੇ ਵਿਅਕਤੀਆਂ ਵਿਚੋਂ 6 ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਕੋਲੋਂ ਮੋਟਰ ਸਾਈਕਲ ਤੇ ਏ.ਐੱਸ.ਆਈ. ਦਾ ਖੋਹਿਆ ਪਿਸਟਲ ਰਿਕਵਰ ਕੀਤਾ ਗਿਆ ਹੈ । ਇਸੇ ਕਾਰਵਾਈ ਵਿਚ ਪੁਲਸ ਨੇ ਰੇਡ ਕੀਤੇ ਘਰ 'ਚੋਂ ਸਾਢੇ 13 ਲੱਖ ਦੀ ਡਰੱਗ ਮਨੀ ਤੇ ਇਕ ਕਿਲੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਇਸ ਮਾਮਲੇ ਸੰਬੰਧੀ ਨਡਾਲਾ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਜ਼ਿਲਾ ਕਪੂਰਥਲਾ ਦੇ ਐਸ. ਪੀ. (ਡੀ) ਮਨਪ੍ਰੀਤ ਸਿੰਘ ਢਿੱਲੋਂ ਤੇ ਏ.ਐੱਸ.ਪੀ. ਭੁਲੱਥ ਡਾ. ਸਿਮਰਤ ਕੌਰ ਆਈ.ਪੀ.ਐੱਸ. ਨੇ ਦੱਸਿਆ ਕਿ ਨਸ਼ਿਆਂ ਖਿਲਾਫ ਆਰੰਭੀ ਮੁਹਿੰਮ ਤਹਿਤ ਐਸ.ਟੀ.ਐਫ. ਕਪੂਰਥਲਾ ਟੀਮ ਵਲੋਂ ਸਬ ਇੰਸਪੈਕਟਰ ਹਰਜੀਤ ਸਿੰਘ ਦੀ ਅਗਵਾਈ ਹੇਠ ਬੁੱਧਵਾਰ ਦੇਰ ਸ਼ਾਮ ਥਾਣਾ ਸੁਭਾਨਪੁਰ ਅਧੀਂਨ ਪੈਂਦੇ ਪਿੰਡ ਹਮੀਰਾ ਵਿਚ ਹਰਜਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਦੇ ਘਰ ਛਾਪੇਮਾਰੀ ਕੀਤੀ। ਇਸ ਦੌਰਾਨ ਘਰ ਵਿਚ ਮੌਜੂਦ  18/19 ਵਿਅਕਤੀਆਂ ਨੇ ਪੁਲਸ ਪਾਰਟੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਕਾਰਨ ਇਕ ਮਹਿਲਾ ਕਾਂਸਟੇਬਲ ਸਮੇਤ 4 ਪੁਲਸ ਮੁਲਾਜ਼ਮ ਸਖਤ ਜਖਮੀ ਹੋ ਗਏ। ਇਸ ਦੌਰਾਨ ਦੋਸ਼ੀਆਂ ਨੇ ਕੁੱਟਮਾਰ ਕਰਦਿਆਂ ਏ. ਐੱਸ. ਆਈ. ਉਂਕਾਰ ਸ਼ਰਮਾਂ ਦਾ 9 ਐਮ. ਐਮ. ਦਾ ਪਿਸਤੌਲ ਵੀ ਖੋਹ ਲਿਆ। ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਸ ਦੀ ਸੂਚਨਾ ਮਿਲਣ 'ਤੇ ਥਾਣਾ ਸੁਭਾਨਪੁਰ ਤੋਂ ਵੱਡੀ ਗਿਣਤੀ ਵਿਚ ਪੁਲਸ ਫੋਰਸ ਮੌਕੇ 'ਤੇ ਪੁੱਜੀ ਅਤੇ ਪੂਰੇ ਘਰ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਇੱਕ ਕਿਲੋ ਨਸ਼ੀਲਾ ਪਦਾਰਥ ਅਤੇ ਡਰੱਗ ਮਨੀ ਦੇ 13 ਲੱਖ 50 ਹਜ਼ਾਰ 260 ਰੁਪਏ ਬਰਾਮਦ ਕੀਤੇ । ਇਸ ਸਾਰੀ ਵਾਰਦਾਤ ਸੰਬੰਧੀ ਐੱਸ.ਐੱਸ.ਪੀ. ਕਪੂਰਥਲਾ ਸਤਿੰਦਰ ਸਿੰਘ ਦੇ ਦਿਸ਼ਾਂ-ਨਿਰਦੇਸ਼ਾਂ 'ਤੇ ਐੱਸ.ਐੱਚ.ਓ. ਸੁਭਾਨਪੁਰ ਜਸਪਾਲ ਸਿੰਘ, ਐੱਸ.ਐੱਚ.ਓ. ਬੇਗੋਵਾਲ ਸ਼ਿਵਕੰਵਲ ਸਿੰਘ, ਐੱਸ.ਐੱਚ.ਓ. ਭੁਲੱਥ ਕਰਨੈਲ ਸਿੰਘ, ਐੱਸ.ਐੱਚ.ਓ. ਢਿੱਲਵਾਂ ਪਰਮਜੀਤ ਸਿੰਘ ਤੇ ਸੀ.ਆਈ.ਏ. ਸਟਾਫ ਕਪੂਰਥਲਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਵਲੋਂ ਤਲਾਸ਼ੀ ਮੁਹਿੰਮ ਅਰੰਭੀ ਗਈ। ਇਸ ਤਲਾਸ਼ੀ ਮੁਹਿੰਮ ਦੌਰਾਨ ਐੱਸ.ਐੱਚ.ਓ. ਸੁਭਾਨਪੁਰ ਜਸਪਾਲ ਸਿੰਘ ਨੇ ਸਮਸ਼ਾਨਘਾਟ ਹਮੀਰਾ ਨੇੜਿਓਂ ਬੂਟਾ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਨਵਾਂ ਮੁਰਾਰ , ਸੁਖਦੇਵ ਸਿੰਘ ਪੁੱਤਰ ਲਹੋਰਾ ਸਿੰਘ ਵਾਸੀ ਨਵਾਂ ਮੁਰਾਰ, ਬਲਦੇਵ ਸਿੰਘ ਪੁੱਤਰ ਲਹੋਰਾ ਸਿੰਘ ਵਾਸੀ ਨਵਾਂ ਮੁਰਾਰ ਥਾਣਾ ਸੁਭਾਨਪੁਰ, ਤਰਸੇਮ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਹਮੀਰਾ ਥਾਣਾ ਸੁਭਾਨਪੁਰ, ਸਤਨਾਮ ਸਿੰਘ ਪੁੱਤਰ ਰਾਮ ਸਿੰਘ ਵਾਸੀ ਮਾਡਲ ਟਾਊਨ ਥਾਣਾ ਭੁਲੱਥ ਜ਼ਿਲਾ ਕਪੂਰਥਲਾ ਅਤੇ ਮੰਗਾ ਪੁੱਤਰ ਬੱਗਾ ਵਾਸੀ ਅਲੀਪੁਰ ਅਰਾਈਆ ਥਾਣਾ ਅਨਾਜ ਮੰਡੀ ਪਟਿਆਲਾ ਹਾਲ ਵਾਸੀ ਹਮੀਰਾ ਨੂੰ ਗ੍ਰਿਫਤਾਰ ਕੀਤਾ ਤੇ ਇਨ੍ਹਾਂ ਕੋਲੋਂ ਪੁਲਸ ਪਾਰਟੀ ਨੇ ਏ.ਐੱਸ.ਆਈ. ਦਾ ਖੋਹਿਆ 9 ਐੱਮ.ਐੱਮ. ਪਿਸਟਲ, ਇਕ ਮੋਟਰ ਸਾਈਕਲ ਸਪਲੈਂਡਰ ਬਰਾਮਦ ਕੀਤੇ। ਐੱਸ.ਪੀ. ਮਨਪ੍ਰੀਤ ਸਿੰਘ ਢਿਲੋਂ ਨੇ ਦਸਿਆ ਕਿ ਇਨ੍ਹਾਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁਛਗਿੱਛ ਕੀਤੀ ਜਾਵੇਗੀ ,ਜਿਸ ਵਿਚ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।  ਉਨ੍ਹਾਂ ਦਸਿਆ ਕਿ ਮੁੱਖ ਦੋਸ਼ੀ ਹਰਜਿੰਦਰ ਸਿੰਘ ਤੇ ਦੋ ਔਰਤਾਂ ਸਮੇਤ ਇੱਕ ਦਰਜਨ ਤੋ ਵੱਧ ਵਿਅਕਤੀ ਫਰਾਰ ਹਨ, ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਐੱਸ.ਪੀ. ਡੀ ਨੇ ਦਸਿਆ ਕਿ ਹਰਜਿੰਦਰ ਸਿੰਘ ਖਿਲਾਫ ਪਹਿਲਾਂ ਵੀ ਐੱਨ.ਡੀ.ਪੀ.ਐੱਸ. ਐਕਟ ਦੇ ਤਿੰਨ ਮੁਕੱਦਮੇ ਦਰਜ ਹਨ ਤੇ ਇਸ ਤੋਂ ਪਹਿਲਾਂ ਵੀ ਇਹ ਵਿਅਕਤੀ ਐੱਸ.ਟੀ.ਐੱਫ. ਦੀ ਟੀਮ 'ਤੇ ਹਮਲਾ ਕਰ ਚੁੱਕਾ ਹੈ ਤੇ ਇਹ ਵਿਅਕਤੀ ਹੁਣ ਬੇਲ 'ਤੇ ਸੀ।


author

Bharat Thapa

Content Editor

Related News