ਮੱਝਾਂ ਚੋਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
Thursday, Feb 20, 2025 - 05:14 PM (IST)

ਨੂਰਪੁਰਬੇਦੀ (ਭੰਡਾਰੀ)-ਨੂਰਪੁਰਬੇਦੀ ਖੇਤਰ ਦੇ ਪਿੰਡ ਗੋਪਾਲਪੁਰ ਵਿਖੇ 6 ਦਿਨ ਪਹਿਲਾਂ ਇਕ ਕਿਸਾਨ ਦੀਆਂ 3 ਕੀਮਤੀ ਮੱਝਾਂ ਚੋਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਸਥਾਨਕ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਗਿਰੋਹ ’ਚ ਸ਼ਾਮਲ ਚੋਰੀ ਕਰਨ ਵਾਲੇ 3 ਵਿਅਕਤੀਆਂ ’ਚੋਂ ਰਾਹੋਂ ਸ਼ਹਿਰ ਦੇ 2 ਸਕੇ ਭਰਾਵਾਂ ਅਤੇ ਉਨ੍ਹਾਂ ਦੇ ਹਰਿਆਣਾ ਸੂਬੇ ਦੇ ਕੈਥਲ ਸ਼ਹਿਰ ਨਾਲ ਸਬੰਧਤ ਇਕ ਸਾਥੀ ਤੋਂ ਇਲਾਵਾ ਚੋਰੀ ਦੀਆਂ ਮੱਝਾਂ ਖ਼ਰੀਦ ਕੇ ਅੱਗੇ ਕਿਸੇ ਹੋਰ ਵਿਅਕਤੀ ਨੂੰ ਵੇਚਣ ਵਾਲੇ ਨਵਾਂਸ਼ਹਿਰ ਨਾਲ ਸਬੰਧਤ 2 ਵਿਅਕਤੀਆਂ ਨੂੰ ਪੁਲਸ ਨੇ ਕਾਬੂ ਕੀਤਾ ਹੈ | ਜ਼ਿਕਰਯੋਗ ਹੈ ਕਿ ਬੀਤੀ 13-14 ਫਰਵਰੀ ਦੀ ਰਾਤ ਨੂੰ ਨੂਰਪੁਰਬੇਦੀ ਤੋਂ ਮਾਤਰ 1 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਗੋਪਾਲਪੁਰ ਵਿਖੇ ਚੋਰ ਗਿਰੋਹ ਵੱਲੋਂ ਡੇਅਰੀ ਦਾ ਧੰਦਾ ਕਰਦੇ ਕਿਸਾਨ ਜਸਵੰਤ ਸਿੰਘ ਪੁੱਤਰ ਭਗਤ ਰਾਮ ਦੇ ਬਾੜੇ ’ਚੋਂ 3 ਕੀਮਤੀ ਮੱਝਾਂ ਜਿਨ੍ਹਾਂ ਦੀ ਕੀਮਤ ਕਰੀਬ 4.5 ਲੱਖ ਰੁਪਏ ਸੀ ਚੋਰੀ ਕਰ ਲਈਆਂ ਗਈਆਂ ਸਨ। ਉਸੇ ਦਿਨ ਤੋਂ ਪੁਲਸ ਵੱਖ-ਵੱਖ ਪਹਿਲੂਆਂ ’ਤੇ ਇਸ ਚੋਰੀ ਦੀ ਘਟਨਾ ਨੂੰ ਹੱਲ ਕਰਨ ਲਈ ਜਾਂਚ ’ਚ ਜੁਟੀ ਹੋਈ ਸੀ, ਜਿਸ ਨੂੰ ਦੇਰ ਰਾਤ ਸਫ਼ਲਤਾ ਹੱਥ ਲੱਗੀ। ਇਸ ਘਟਨਾ ਦੀ ਏ. ਐੱਸ. ਆਈ. ਪ੍ਰਦੀਪ ਸ਼ਰਮਾ ’ਤੇ ਆਧਾਰਤ ਪੁਲਸ ਪਾਰਟੀ ਵੱਲੋਂ ਕੀਤੀ ਗਈ ਸਮੁੱਚੀ ਜਾਂਚ ਅਤੇ ਗਿਰੋਹ ਨੂੰ ਕਾਬੂ ਕੀਤੇ ਜਾਣ ’ਚ ਹਾਸਲ ਕੀਤੀ ਸਫ਼ਲਤਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਨੂਰਪੁਰਬੇਦੀ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੇ ਕਿ ਪੁਲਸ ਨੇ 6 ਦਿਨਾਂ ’ਚ ਹੀ ਉਕਤ ਮਸਲਾ ਸੁਲਝਾ ਕਰਕੇ ਕਥਿਤ ਚੋਰ ਗਿਰੋਹ ਨੂੰ ਕਾਬੂ ਕੀਤਾ ਹੈ |
ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਬਾਰਿਸ਼ ਨਾਲ ਹੋ ਰਹੀ ਗੜੇਮਾਰੀ, ਜਾਣੋ ਅਗਲੇ ਦਿਨਾਂ ਦਾ ਹਾਲ
ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਦੌਰਾਨ ਰਾਹੋਂ ਸ਼ਹਿਰ ਦੇ 2 ਸਕੇ ਭਰਾਵਾਂ ਲਤੀਫ਼ ਪੁੱਤਰ ਅਬਦੁੱਲ ਸ਼ਫੀ, ਪਿੰਡ ਮੱਕਣ, ਥਾਨਾ ਤੀਸਾ, ਜ਼ਿਲਾ ਚੰਬਾ (ਹਿਮਾਚਲ ਪ੍ਰਦੇਸ਼) ਅਤੇ ਅਬਦੁੱਲ ਰਸ਼ੀਦ ਉਰਫ ਵਸ਼ੀਰ ਪੁੱਤਰ ਅਬਦੁੱਲ ਸ਼ਫੀ ਨੇ ਹਰਿਆਣਾ ਸੂਬੇ ਨਾਲ ਸਬੰਧਤ ਆਪਣੇ ਇਕ ਹੋਰ ਸਾਥੀ ਸਿਆਲ ਪੁੱਤਰ ਕਾਸ਼ਮ, ਨਿਵਾਸੀ ਪਿੰਡ ਸਰਿਆਲ ਕਲਾਂ, ਥਾਣਾ ਚੱਬੇਵਾਲ, ਜ਼ਿਲ੍ਹਾ ਹੁਸ਼ਿਆਰਪੁਰ, ਹਾਲ ਵਾਸੀ ਪਿੰਡ ਪਿਓਦਾ, ਥਾਣਾ ਤਿਤਰਮ, ਜ਼ਿਲਾ ਕੈਥਲ ਨਾਲ ਮਿਲ ਕੇ ਪਹਿਲਾਂ ਤਾਂ ਕਿਸਾਨ ਦੇ ਬਾੜੇ ਦੀ ਰੇਕੀ ਕੀਤੀ ਉਪਰੰਤ 13-14 ਫਰਵਰੀ ਦੀ ਰਾਤ ਨੂੰ 3 ਮੱਝਾਂ ਨੂੰ ਗੱਡੀ ’ਚ ਲੱਦ ਦੇ ਰਫੂਚੱਕਰ ਹੋ ਗਏ।
ਥਾਣਾ ਮੁਖੀ ਢਿੱਲੋਂ ਨੇ ਦੱਸਿਆ ਕਿ ਉਕਤ ਤਿੰਨੋਂ ਵਿਅਕਤੀਆਂ ਨੇ ਬਾਅਦ ’ਚ ਨਵਾਂਸ਼ਹਿਰ ਵਿਖੇ ਰਹਿੰਦੇ 2 ਵਿਅਕਤੀਆਂ ਅਸਲਮ ਪੁੱਤਰ ਯੂਸਿਫ ਨਿਵਾਸੀ ਅਤੇ ਮੁਹੰਮਦ ਅਸੀਨ ਪੁੱਤਰ ਮੁਹੰਮਦ ਬਾਬੂ ਨਿਵਾਸੀ ਨੇੜੇ ਮੋਲਵੀ ਸਾਹਿਬ, ਕੈਲਾਸ਼ਪੁਰ, ਜ਼ਿਲ੍ਹਾ ਸਹਾਰਨਪੁਰ (ਯੂ. ਪੀ), ਹਾਲ ਵਾਸੀ ਨੇੜੇ ਬੰਗਾ ਫਾਟਕ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਚੋਰੀ ਕੀਤੀਆਂ ਮੱਝਾਂ ਵੇਚ ਦਿੱਤੀਆਂ ਅਤੇ ਜਿਨ੍ਹਾਂ ਬਾਅਦ ’ਚ ਅੱਗੇ ਉਕਤ ਮੱਝਾਂ ਨੂੰ ਉੱਤਰ ਪ੍ਰਦੇਸ਼ ਦੇ ਸ਼ਹਿਰ ਸਹਾਰਨਪੁਰ ਵਿਖੇ ਵੇਚ ਦਿੱਤਾ। ਉਨ੍ਹਾਂ ਆਖਿਆ ਕਿ ਪੁਲਸ ਟੀਮ ਦੇ ਮੈਂਬਰਾਂ ਨੇ ਤਕਨੀਕੀ ਪਹਿਲੂਆਂ ਦੇ ਆਧਾਰ ’ਤੇ ਜਾਂਚ ਕਰ ਕੇ ਕਥਿਤ ਦੋਸ਼ੀਆਂ ਨੂੰ ਵੱਖ-ਵੱਖ ਸਥਾਨਾਂ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਿਨ੍ਹਾਂ ਦਾ ਰਿਮਾਂਡ ਹਾਸਿਲ ਕਰਨ ਲਈ ਅੱਜ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ’ਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲ 'ਚ ਰੂਹ ਕੰਬਾਊ ਘਟਨਾ, ਜਨਰੇਟਰ 'ਚ ਵਾਲ ਫਸਣ ਕਾਰਨ ਔਰਤ ਦੀ ਦਰਦਨਾਕ ਮੌਤ
ਉਨ੍ਹਾਂ ਆਖਿਆ ਰਿਮਾਂਡ ਉਪਰੰਤ ਉਕਤ ਵਿਅਕਤੀਆਂ ਤੋਂ ਗੱਡੀ ਅਤੇ ਚੋਰੀ ਹੋਈਆਂ ਮੱਝਾਂ ਸਬੰਧੀ ਹੋਰ ਅਹਿਮ ਵੇਰਵੇ ਮਿਲਣ ਦੀ ਆਸ ਹੈ। ਉਨ੍ਹਾਂ ਆਖਿਆ ਕਿ ਸਹਾਰਨਪੁਰ ਵਿਖੇ ਮੱਝਾਂ ਖਰੀਦਣ ਵਾਲੇ ਵਿਅਕਤੀਆਂ ਦਾ ਵੀ ਪਤਾ ਕਰ ਕੇ ਬਾਅਦ ’ਚ ਉਨ੍ਹਾਂ ਨੂੰ ਵੀ ਮਾਮਲੇ ’ਚ ਨਾਮਜ਼ਦ ਕੀਤਾ ਜਾਵੇਗਾ ਅਤੇ ਮੱਝਾਂ ਦੀ ਬਰਾਮਦੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਥਾਣਾ ਮੁੱਖੀ ਢਿੱਲੋਂ ਨੇ ਅਹਿਮ ਖੁਲਾਸਾ ਕਰਦਿਆਂ ਦੱਸਿਆ ਕਿ ਕਾਬੂ ਕੀਤੇ ਗਏ 5 ਦੋਸ਼ੀਆਂ ’ਚੋਂ ਰਾਹੋਂ ਕਸਬੇ ’ਚ ਰਹਿ ਰਹੇ 2 ਵਿਅਕਤੀ ਹਿਮਾਚਲ ਪ੍ਰਦੇਸ਼ ਨਾਲ ਜਦਕਿ ਇਕ ਹਰਿਆਣਾ ਸੂਬੇ ਨਾਲ ਜਦਕਿ ਨਵਾਂਸ਼ਹਿਰ ਕਸਬੇ ’ਚ ਰਹਿ ਰਹੇ 2 ਦੋਸ਼ੀ ਉੱਤਰ ਪ੍ਰਦੇਸ਼ ਸੂਬੇ ਨਾਲ ਸਬੰਧਤ ਹਨ।
ਉਕਤ ਕਾਬੂ ਕੀਤੇ ਗਏ ਦੋਸ਼ੀਆਂ ’ਚ ਸ਼ਾਮਲ ਸਿਆਲ ਪੁੱਤਰ ਕਾਸ਼ਮ ਨਿਵਾਸੀ ਪਿੰਡ ਸਰਿਆਲ ਕਲਾਂ, ਥਾਣਾ ਚੱਬੇਵਾਲ ਹੁਸ਼ਿਆਰਪੁਰ, ਹਾਲ ਵਾਸੀ ਪਿੰਡ ਪਿਓਦਾ, ਥਾਣਾ ਤਿਤਰਮ, ਜ਼ਿਲ੍ਹਾ ਕੈਥਲ, ਅਸਲਮ ਪੁੱਤਰ ਯੂਸਿਫ ਨਿਵਾਸੀ ਨੇੜੇ ਮੋਲਵੀ ਸਾਹਿਬ, ਕੈਲਾਸ਼ਪੁਰ, ਜ਼ਿਲਾ ਸਹਾਰਨਪੁਰ (ਯੂ. ਪੀ), ਮੁਹੰਮਦ ਅਸੀਨ ਪੁੱਤਰ ਮੁਹੰਮਦ ਬਾਬੂ ਨਿਵਾਸੀ ਨੇੜੇ ਮੋਲਵੀ ਸਾਹਿਬ, ਕੈਲਾਸ਼ਪੁਰ, ਹਾਲ ਵਾਸੀ ਨੇੜੇ ਬੰਗਾ ਫਾਟਕ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਲਤੀਫ਼ ਪੁੱਤਰ ਅਬਦੁੱਲ ਸ਼ਫੀ, ਪਿੰਡ ਮੱਕਣ, ਥਾਨਾ ਤੀਸਾ, ਜ਼ਿਲ੍ਹਾ ਚੰਬਾ (ਹਿਮਾਚਲ ਪ੍ਰਦੇਸ਼) ਅਤੇ ਅਬਦੁੱਲ ਰਸ਼ੀਦ ਉਰਫ਼ ਵਸ਼ੀਰ ਪੁੱਤਰ ਅਬਦੁੱਲ ਸ਼ਫੀ, ਪਿੰਡ ਮੱਕਣ, ਜ਼ਿਲ੍ਹਾ ਚੰਬਾ, ਹਾਲ ਨਿਵਾਸੀ ਪਿੰਡ ਸ਼ੌਕਰਾਂ, ਥਾਣਾ ਰਾਹੋਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Birthday ਪਾਰਟੀ ਤੋਂ ਪਰਤਦੇ 2 ਦੋਸਤਾਂ ਨਾਲ ਰੂਹ ਕੰਬਾਊ ਹਾਦਸਾ, ਸਿਰ ਤੋਂ ਲੰਘੀਆਂ ਗੱਡੀਆਂ, ਦੋਹਾਂ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e