5 ਲੱਖ ਲੈ ਕੇ ਫੌਜ ''ਚ ਭਰਤੀ ਕਰਵਾਉਣ ਵਾਲੇ 5 ਗ੍ਰਿਫਤਾਰ

01/19/2019 6:22:17 PM

ਰੂਪਨਗਰ (ਵਿਜੇ)— ਰੂਪਨਗਰ ਸਿਟੀ ਪੁਲਸ ਨੇ ਭਾਰਤੀ ਸੈਨਾ 'ਚ ਵੱਡੇ ਭਰਤੀ ਘੋਟਾਲੇ ਦਾ ਪਰਦਾਫਾਸ਼ ਕੀਤਾ ਹੈ। ਜਿਸ 'ਚ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਜਾਅਲੀ ਦਸਤਾਵੇਜ਼ ਦੇ ਆਧਾਰ 'ਤੇ ਫੌਜ 'ਚ ਭਰਤੀ ਕਰਵਾਇਆ ਗਿਆ। ਪੁਲਸ ਨੇ ਇਸ ਘੋਟਾਲੇ ਦੇ ਸਰਗਨਾ ਸਮੇਤ 5 ਵਿਅਕਤੀਆਂ ਨੁੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕੋਲੋਂ ਪੁਲਸ ਨੇ 48 ਵਿਅਕਤੀਆਂ ਦੇ ਨਕਲੀ ਦਸਤਾਵੇਜ਼, ਵੱਖ-ਵੱਖ ਅਧਿਕਾਰੀਆਂ ਦੀਆਂ 63 ਮੋਹਰਾਂ, ਜਿਨ੍ਹਾਂ 'ਚ ਡਿਪਟੀ ਕਮਿਸ਼ਨਰ, ਐੱਸ. ਐੱਸ. ਪੀ, ਤਹਿਸੀਲਦਾਰ, ਮਿਊਂਸੀਪਲ ਕੌਂਸਲਰ ਆਦਿ ਦੀ ਜਾਅਲੀ ਰਬੜ ਸਟੈਂਡ ਸ਼ਾਮਲ ਹਨ, ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁਲਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਕਰੀਬ 8 ਲੱਖ ਰੁਪਏ ਅਤੇ ਇਕ ਕਾਰ ਬਰਾਮਦ ਕੀਤੀ ਹੈ।

ਜ਼ਿਲਾ ਪੁਲਸ ਮੁਖੀ ਸਵਪਨ ਸ਼ਰਮਾ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਦੱਸਿਆ ਕਿ ਇਹ ਭਰਤੀ ਘੋਟਾਲਾ ਸਾਲ 2014 ਤੋਂ ਚੱਲ ਰਿਹਾ ਹੈ। ਇਸ ਗਿਰੋਹ ਦਾ ਸਰਗਨਾ ਯੋਗੇਸ਼ ਨਿਵਾਸੀ ਸਲੇਮ ਤਬਰੀ ਲੁਧਿਆਣਾ ਹਨ, ਜਿਸ ਦੇ ਪਿਤਾ ਇਕ ਸਾਬਕਾ ਸੈਨਿਕ ਹਨ। ਇਹ ਪਹਿਲਾਂ ਸੈਨਿਕਾਂ ਦੇ ਸੰਪਰਕ 'ਚ ਆਇਆ ਅਤੇ ਉਨ੍ਹਾਂ ਦੇ ਛੋਟੇ ਮੋਟੇ ਕੰਮ ਕਰਵਾਉਂਦਾ ਸੀ। ਜਿਵੇਂ ਡਰਾਈਵਿੰਗ ਲਾਈਸੈਂਸ ਬਣਾਉਣਾ, ਰਾਸ਼ਨ ਕਰਾਡ ਆਦਿ। ਇਸ ਦੇ ਬਾਅਦ ਇਸ ਦਾ ਸੰਪਰਕ ਭਰਤੀ ਕਰਨ ਵਾਲੇ ਅਧਿਕਾਰੀਆਂ ਅਤੇ ਕਲਰਕਾਂ ਨਾਲ ਹੋਇਆ। ਯੋਗੇਸ਼ ਵਿਸੇਸ਼ ਤੌਰ 'ਤੇ ਹਰਿਆਣਾ ਨਿਵਾਸੀਆਂ ਨੂੰ ਪੰਜਾਬ 'ਚ ਭਰਤੀ ਕਰਵਾਉਂਦਾ ਸੀ। ਇਸ ਦਾ ਸਬੰਧ ਸ਼ਹਿਰ ਜੀਂਦ 'ਚ ਫੌਜੀ ਭਰਤੀ ਦੀ ਟ੍ਰੇਨਿੰਗ ਦੀ ਇਕ ਅਕੈਡਮੀ ਚਲਾਉਣ ਵਾਲੇ ਮਨਜੀਤ ਅਤੇ ਸੁਨੀਲ ਦੇ ਨਾਲ ਸੀ। ਉਨ੍ਹਾਂ ਨੇ ਕਰੀਬ 150 ਵਿਅਕਤੀਆਂ ਨੂੰ ਭਰਤੀ ਲਈ ਇਸ ਦੇ ਕੋਲ ਭੇਜਿਆ ਅਤੇ ਇਹ ਸੈਨਿਕ ਭਰਤੀ ਕੇਂਦਰ ਲੁਧਿਆਣਾ ਦੇ ਕੁਝ ਕਰਮਚਾਰੀਆਂ ਨਾਲ ਮਿਲੀ ਭੁਗਤ ਕਰ ਰਿਹਾ ਸੀ। ਉਨ੍ਹਾਂ ਨੇ ਰੂਪਨਗਰ ਨੂੰ ਇਸ ਲਈ ਚੁਣਿਆ ਕਿ ਰੂਪਨਗਰ ਇਕ ਅਰਧ ਨੀਮ ਪਹਾੜੀ ਖੇਤਰ ਹੈ ਅਤੇ ਇਥੇ ਨੌਜਵਾਨਾਂ ਨੂੰ ਫੌਜ 'ਚ ਭਰਤੀ ਲਈ 5 ਸੈਂਟੀਮੀਟਰ ਤੱਕ ਲੰਬਾਈ 'ਚ ਛੂਟ ਮਿਲਦੀ ਹੈ। ਇਹ ਗਿਰੋਹ ਭਰਤੀ ਹੋਣ ਵਾਲੇ ਉਮੀਦਵਾਰਾਂ ਲਈ ਰੂਪਨਗਰ ਖੇਤਰ ਤੋਂ ਜਾਅਲੀ ਨਿਵਾਸ ਪੱਤਰ ਬਣਾਉਂਦੇ ਸਨ ਅਤੇ ਜਾਅਲੀ ਸਰਟੀਫਿਕੇਟ ਵੀ ਜਾਅਲੀ ਤਿਆਰ ਕਰਦੇ ਸਨ। ਫਿਰ ਇਹ ਉਨ੍ਹਾਂ ਨੂੰ ਭਰਤੀ ਕਰਨ ਵਾਲੇ ਕਲਰਕਾਂ ਦੀ ਮਿਲੀ ਭੁਗਤ ਨਾਲ ਭਰਤੀ ਕਰਵਾ ਦਿੰਦੇ ਸੀ। ਜਿਸ ਦੇ ਲਈ ਇਹ 3 ਤੋਂ 5 ਲੱਖ ਰੁਪਏ ਪ੍ਰਤੀ ਉਮੀਦਵਾਰ ਲੈਂਦੇ ਸਨ। 

PunjabKesari

ਪਤਾ ਚੱਲਿਆ ਹੈ ਕਿ ਜਦੋਂ ਯੋਗੇਸ਼ ਕੁਝ ਉਮੀਦਵਾਰਾਂ ਦੀ ਪੁਲਸ ਵੈਰੀਫਿਕੇਸ਼ਨ ਲਈ ਸਾਂਝ ਕੇਂਦਰ ਸਿਟੀ ਥਾਣਾ ਰੂਪਨਗਰ 'ਚ ਆਇਆ ਤਾਂ ਉਥੇ ਬੈਠੇ ਅਧਿਕਾਰੀਆਂ ਨੂੰ ਇਸ ਦੀ ਬੋਲਚਾਲ ਕਾਰਨ ਇਸ 'ਤੇ ਸ਼ੱਕ ਹੋਇਆ ਕਿਉਂਕਿ ਇਹ ਹਰਿਆਣਵੀ ਬੋਲਦਾ ਸੀ ਅਤੇ ਰੂਪਨਗਰ ਦੇ ਖੇਤਰਾਂ ਦੇ ਨਾਮ ਸਹੀ ਨਾਲ ਨਹੀ ਦੱਸ ਰਿਹਾ ਸੀ। ਫਿਰ ਸਾਂਝ ਕੇਂਦਰ ਦੇ ਅਧਿਕਾਰੀਆਂ ਨੇ ਆਪਣੇ ਪੱਧਰ 'ਤੇ ਇਸ ਦੀ ਜਾਂਚ ਕੀਤੀ ਤਾਂ ਉਮੀਦਵਾਰਾਂ ਦੇ ਪਤੇ ਗਲਤ ਅਤੇ ਜਾਅਲੀ ਪਾਏ ਗਏ। ਜਿਸ ਤੋਂ ਬਾਅਦ ਸਾਂਝ ਕੇਂਦਰ ਦੇ ਅਧਿਕਾਰੀਆਂ ਨੇ ਐੱਸ. ਐੱਚ. ਓ. ਸਿਟੀ ਅਤੇ ਪੁਲਸ ਅਧਿਕਾਰੀਆਂ ਨੂੰ ਸੂਚਤ ਕੀਤਾ ਅਤੇ ਘੋਟਾਲੇ ਦਾ ਪਰਦਾਫਾਸ਼ ਹੋਇਆ। 

ਐੱਸ. ਐੱਸ. ਪੀ ਨੇ ਦੱਸਿਆ ਕਿ ਫਿਰੋਜ਼ਪੁਰ ਨਿਵਾਸੀ ਮਨੋਜ ਅਤੇ ਅਮਿਤ ਜ਼ਿਲਾ ਫਾਜ਼ਿਲਕਾ, ਮੋਗਾ, ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲਿਆਂ ਦੇ ਨੌਜਵਾਨਾਂ ਨੂੰ ਭਰਤੀ ਲਈ ਯੋਗੇਸ਼ ਦੇ ਕੋਲ ਭੇਜਦੇ ਸਨ। ਗਿਰੋਹ ਦੀ ਪੁੱਛਗਿੱਛ ਦੇ ਬਾਅਦ ਲੁਧਿਆਣਾ, ਗਵਾਲੀਅਰ, ਫਿਰੋਜਪੁਰ ਅਤੇ ਭੁਵਨੇਸ਼ਵਰ 'ਚ ਤਾਇਨਾਤ ਫੌਜੀ ਐੱਨ. ਸੀ. ਓ. ਦੇ ਨਾਮ ਸਾਹਮਣੇ ਆਏ ਹਨ ਜੋ ਭਰਤੀ ਅਥਾਰਿਟੀ ਅਤੇ ਫੌਜ 'ਚ ਸ਼ਾਮਲ ਹੋਣ ਲਈ ਚਾਰ ਉਮੀਦਵਾਰਾਂ 'ਚ ਕੜੀ ਦਾ ਕੰਮ ਕਰਦੇ ਸਨ। ਜ਼ਿਲਾ ਪੁਲਸ ਮੁਖੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਘੋਟਾਲੇ ਦੇ ਸੰਬੰਧ 'ਚ ਇਸ ਦੇ ਸਰਗਨਾ ਯੋਗੇਸ਼ ਅਤੇ ਇਸ ਦੇ ਸਾਥੀ ਜੀਂਦ ਨਿਵਾਸੀ ਮਨਜੀਤ, ਸੁਨੀਲ, ਫਿਰੋਜਪੁਰ ਨਿਵਾਸੀ ਮਨੋਜ ਅਤੇ ਅਮਿਤ ਨੂੰ ਧਾਰਾ 420/467/468/471 ਅਤੇ 320-ਬੀ ਦੇ ਅੰਤਰਗਤ ਗ੍ਰਿਫਤਾਰ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


shivani attri

Content Editor

Related News