ਕਪੂਰਥਲਾ ਪੁਲਸ ਦੀ ਵੱਡੀ ਸਫ਼ਲਤਾ, ਲੁੱਟਾਂ-ਖੋਹਾਂ ਕਰਨ ਵਾਲੇ ਅੰਤਰਰਾਜੀ ਗੈਂਗ ਦੇ 4 ਮੈਂਬਰ ਗ੍ਰਿਫ਼ਤਾਰ

3/28/2021 12:03:34 PM

ਕਪੂਰਥਲਾ (ਭੂਸ਼ਣ/ਮਹਾਜਨ)-ਕਪੂਰਥਲਾ ਪੁਲਸ ਨੇ ਸੂਬੇ ਭਰ ’ਚ ਪੈਂਦੇ ਨੈਸ਼ਨਲ ਹਾਈਵੇਅ ’ਤੇ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਕੇ ਭਾਰੀ ਦਹਿਸ਼ਤ ਫੈਲਾਉਣ ਵਾਲੇ ਇਕ ਅੰਤਰਰਾਜੀ ਅਪਰਾਧੀ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਗੈਂਗ ਦੇ ਨਾਲ ਜੁੜੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕੋਲੋਂ ਖੋਹੇ ਗਏ ਵਾਹਨ, 78 ਹਜ਼ਾਰ ਰੁਪਏ ਦੀ ਨਕਦੀ ਅਤੇ ਭਾਰੀ ਮਾਤਰਾ ’ਚ ਖਾਣ-ਪੀਣ ਵਾਲਾ ਸਾਮਾਨ ਬਰਾਮਦ ਕੀਤਾ ਗਿਆ ਹੈ। 

ਇਹ ਵੀ ਪੜ੍ਹੋ :  ਰਾਤ ਦੇ ਕਰਫ਼ਿਊ ਦੌਰਾਨ ਜਲੰਧਰ ’ਚ ਵੱਡੀ ਵਾਰਦਾਤ, ਜਸ਼ਨ ਮਨਾਉਂਦਿਆਂ ਨੌਜਵਾਨਾਂ ਨੇ ਦਾਗੇ ਫਾਇਰ

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਕੰਵਰਦੀਪ ਕੌਰ ਨੇ ਦੱਸਿਆ ਕਿ 18 ਮਾਰਚ 2021 ਨੂੰ ਓਮ ਪ੍ਰਕਾਸ਼ ਪੁੱਤਰ ਨਾਰੰਗ ਲਾਲ ਵਾਸੀ ਤੇਲੂ ਸਿੰਘ ਕਲੋਨੀ, ਘਰੋਂਡਾ, ਜ਼ਿਲ੍ਹਾ ਕਰਨਾਲ ਆਪਣੇ ਤਾਏ ਵਿਕਰਮ ਸਿੰਘ ਨਾਲ ਛੋਟੇ ਹਾਥੀ ਨੰਬਰ ਐੱਚ. ਆਰ-45 ਸੀ 8481 ’ਤੇ ਸਵਾਰ ਹੋ ਕੇ 91 ਬੋਰੇ ਲਸਣ ਕਰਨਾਲ ਮੰਡੀ ਤੋਂ ਲੈ ਕੇ ਅੰਮ੍ਰਿਤਸਰ ਦੀ ਰਾਜ ਟ੍ਰੇਡਿੰਗ ਕੰਪਨੀ ਨੂੰ ਦੇਣ ਜਾ ਰਿਹਾ ਸੀ। ਇਸ ਦੌਰਾਨ ਹਮੀਰਾ ਫੈਕਟਰੀ ਦੇ ਨੇੜੇ ਇਕ ਮਹਿੰਦਰਾ ਪਿਕਅਪ (ਬਿਨਾਂ ਨੰਬਰੀ) ’ਤੇ ਆਏ 4 ਲੁਟੇਰਿਆਂ, ਜਿਨ੍ਹਾਂ ’ਚੋਂ ਇਕ ਦੇ ਕੋਲ ਬੰਦੂਕ ਸੀ, ਨੇ ਆਪਣੀ ਗੱਡੀ ਸਾਡੇ ਛੋਟੇ ਹਾਥੀ ਦੇ ਅੱਗੇ ਲਗਾ ਦਿੱਤੀ। ਮੁਲਜ਼ਮ ਉਨ੍ਹਾਂ ਨੂੰ ਕੁੱਟਮਾਰ ਕਰਕੇ ਅਤੇ ਗੋਲੀ ਮਾਰਨ ਦੀਆਂ ਧਮਕੀਆਂ ਦੇ ਕੇ ਛੋਟੇ ਹਾਥੀ ਸਮੇਤ ਨੂਰਪੁਰ ਲੁਬਾਣਾ ਲੈ ਗਏ, ਜਿੱਥੇ ਇਕ ਟਿਊਬਵੈੱਲ ’ਚ ਉਨ੍ਹਾਂ ਨੂੰ ਬੰਦ ਕਰ ਕੇ ਸਾਰਾ ਲਸਣ ਲੁੱਟ ਕੇ ਲੈ ਗਏ। ਇਸ ਮਾਮਲੇ ਨੂੰ ਲੈ ਕੇ ਥਾਣਾ ਸੁਭਾਨਪੁਰ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਜਲੰਧਰ ਵਿਖੇ ਭਾਜਪਾ ਆਗੂ ਦੇ ਮੁੰਡੇ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਐੱਸ. ਪੀ. (ਡੀ.) ਵਿਸ਼ਾਲਜੀਤ ਸਿੰਘ, ਡੀ. ਐੱਸ. ਪੀ. ਭੁਲੱਥ ਸੰਦੀਪ ਸਿੰਘ ਮੰਡ ਦੀ ਨਿਗਰਾਨੀ ’ਚ ਇਕ ਵਿਸ਼ੇਸ਼ ਟੀਮ, ਜਿਸ ’ਚ ਐੱਸ. ਐੱਚ. ਓ. ਸੁਭਾਨਪੁਰ, ਸਬ ਇੰਸਪੈਕਟਰ ਅਮਨਦੀਪ ਨਾਹਰ ਤੇ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸ. ਪਰਮਜੀਤ ਸਿੰਘ ਸ਼ਾਮਲ ਸਨ, ਨੂੰ ਪੂਰੇ ਮਾਮਲੇ ਨੂੰ ਸੁਲਝਾਉਣ ਦੇ ਹੁਕਮ ਦਿੱਤੇ ਗਏ। ਪੁਲਸ ਟੀਮ ਨੇ ਮਿਲੇ ਸੁਰਾਗਾਂ ਦੇ ਤਹਿਤ ਛਾਪਾਮਾਰੀ ਕਰਦੇ ਹੋਏ ਮੁਲਜ਼ਮਾਂ ਲਿਆਕਤ ਅਲੀ ਪੁੱਤਰ ਮੁਹੰਮਦ ਇਸਰਾਈਲ ਵਾਸੀ ਨਗਰੀ, ਮੁਦੱਸਰ ਪੁੱਤਰ ਮੁਹੰਮਦ ਸਵੀ ਵਾਸੀ ਮਾਈਚੱਕ, ਲਿਆਕਤ ਅਲੀ ਪੁੱਤਰ ਮੁਹੰਮਦ ਸਫੀ ਵਾਸੀ ਮਾਈਚੱਕ (ਤਿੰਨੇ ਹੀ ਥਾਣਾ ਕਠੂਆ, ਜੰਮੂ), ਤੇ ਸੱਤਾ ਮਸੀਹ ਪੁੱਤਰ ਕਰਤਾਰ ਮਸੀਹ ਵਾਲੀ ਲੋਹਗੜ੍ਹ ਦੀਨਾਨਗਰ ਗੁਰਦਾਸਪੁਰ ਨੂੰ ਕਠੂਆ ਜੰਮੂ ਤੋਂ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਜਲੰਧਰ ’ਚ ਫਤਿਹ ਗਰੁੱਪ ਦੀ ਦਹਿਸ਼ਤ, ਸ਼ਰੇਆਮ ਪੁਲਸ ਨੂੰ ਇੰਝ ਦਿੱਤੀ ਚੁਣੌਤੀ

ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਪੰਜਾਬ ਤੇ ਹਿਮਾਚਲ ਦੇ ਨੈਸ਼ਨਲ ਹਾਈਵੇਅ ’ਤੇ ਖਾਣ ਪੀਣ ਵਾਲੇ ਤੇ ਪਸ਼ੂਆਂ ਨਾਲ ਲੱਦੇ ਵਾਹਨਾਂ ਦੀ ਲੁੱਟ ਖੋਹ ਕਰਦੇ ਹਨ। ਉਨ੍ਹਾਂ ਨੇ ਹੀ 19 ਮਾਰਚ ਤੇ 21 ਮਾਰਚ ਨੂੰ ਅੰਮ੍ਰਿਤਸਰ-ਦਿੱਲੀ ਰਾਸ਼ਟਰੀ ਰਾਜ ਮਾਰਗ ’ਤੇ ਥਾਣਾ ਸੁਭਾਨਪੁਰ ਦੇ ਅਧੀਨ ਪੈਂਦੇ ਏਰੀਏ ’ਚ ਹਥਿਆਰਾਂ ਦੀ ਨੋਕ ’ਤੇ ਲਸਣ ਤੇ ਮੱਛੀ ਨਾਲ ਲੱਦੀਆਂ ਗੱਡੀਆਂ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਲਿਆਕਤ ਅਲੀ ਇਨ੍ਹਾਂ ਦਾ ਗੈਂਗ ਲੀਡਰ ਸੀ, ਜੋ ਮੁਕੱਦਮਾ ਨੰਬਰ 183 ਅ.ਧ. 22 ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਥਾਣਾ ਸਦਰ ਫਗਵਾੜਾ ਦੀ ਪੁਲਸ ਨੂੰ ਲੋੜੀਂਦਾ ਹੈ। ਇਸ ਗੈਂਗ ਦੇ ਮੈਂਬਰ ਲੁੱਟੀਆਂ ਗਈਆਂ ਵਸਤਾਂ ਨੂੰ ਲੋਕਲ ਮੰਡੀਆਂ ’ਚ ਵੇਚ ਦਿੰਦੇ ਸਨ।

ਇਹ ਵੀ ਪੜ੍ਹੋ : ਬੈਡਮਿੰਟਨ ਖੇਡਦੇ-ਖੇਡਦੇ ਕਲੱਬ ’ਚ ਵਿਅਕਤੀ ਨੂੰ ਇੰਝ ਆਈ ਮੌਤ, ਵੇਖ ਲੋਕ ਵੀ ਹੋਏ ਹੈਰਾਨ

ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ 91 ਬੋਰੀਆਂ ਲਸਣ ’ਚੋਂ 81 ਬੋਰੇ ਲਸਣ 78 ਹਜ਼ਾਰ ਰੁਪਏ ’ਚ ਲੋਕਲ ਮਾਰਕੀਟ ’ਚ ਵੇਚ ਦਿੱਤੇ ਸਨ। ਪੁੱਛ-ਗਿੱਛ ਦੌਰਾਨ ਉਨ੍ਹਾਂ ਅਨੇਕਾਂ ਵਾਰਦਾਤਾਂ ’ਚ ਹੱਥ ਹੋਣਾ ਮੰਨਿਆ ਹੈ।ਪੁੱਛ-ਗਿੱਛ ਦੌਰਾਨ ਇਸ ਗਿਰੋਹ ਕੋਲੋਂ 2 ਛੋਟੇ ਹਾਥੀ, ਅਸ਼ੋਕਾ ਲੈਲੇਂਡ ਗੱਡੀ, ਮਹਿੰਦਰਾ ਪਿਕਅਪ, ਇਕ ਆਲਟੋ ਗੱਡੀ, 10 ਬੋਰੇ ਲਸਣ ਤੇ 78 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਤੇ 8 ਪੇਟੀਆਂ ਮੱਛੀ ਬਰਾਮਦ ਕੀਤੀਆਂ ਗਈਆਂ ਹਨ। ਮੁਲਜ਼ਮਾਂ ਨੇ ਬਿਆਸ, ਦੀਨਾਨਗਰ, ਬਟਾਲਾ, ਨੂਰਪੁਰ ਹਿਮਾਚਲ ਪ੍ਰਦੇਸ਼, ਗੁਰਦਾਸਪੁਰ, ਪਠਾਨਕੋਟ ਤੇ ਫਗਵਾੜਾ ’ਚ ਪਸ਼ੂਆਂ ਨਾਲ ਭਰੀਆਂ ਗੱਡੀਆਂ ਲੁੱਟਣ ਦੀਆਂ 8 ਵਾਰਦਾਤਾਂ ਨੂੰ ਅੰਜਾਮ ਦੇਣ ਦਾ ਖੁਲਾਸਾ ਕੀਤਾ ਹੈ। ਇਸ ਮੌਕੇ ਐੱਸ. ਪੀ. (ਡੀ) ਵਿਸ਼ਾਲਜੀਤ ਸਿੰਘ, ਡੀ. ਐੱਸ. ਪੀ. ਭੁਲੱਥ ਸੰਦੀਪ ਸਿੰਘ ਮੰਡ ਤੇ ਐੱਸ. ਐੱਚ. ਓ. ਸੁਭਾਨਪੁਰ ਅਮਨਦੀਪ ਨਾਹਰ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਲੁਧਿਆਣਾ: ਚਿਕਨ ਕਾਰਨਰ ਦੇ ਮਾਲਕ ਨੇ ਸਿਧਵਾਂ ਨਹਿਰ 'ਚ ਮਾਰੀ ਛਾਲ, ਸੁਸਾਈਡ ਨੋਟ ’ਚ ਦੱਸਿਆ ਮੌਤ ਦਾ ਕਾਰਨ


shivani attri

Content Editor shivani attri