ਤਨਖ਼ਾਹ ਨੂੰ ਤਰਸੇ ਸਿਵਲ ਹਸਪਤਾਲ ’ਚ ਤਾਇਨਾਤ ਠੇਕੇ ’ਤੇ ਭਰਤੀ 38 ਸਫ਼ਾਈ-ਸੇਵਕ

Sunday, Jun 16, 2024 - 06:02 PM (IST)

ਤਨਖ਼ਾਹ ਨੂੰ ਤਰਸੇ ਸਿਵਲ ਹਸਪਤਾਲ ’ਚ ਤਾਇਨਾਤ ਠੇਕੇ ’ਤੇ ਭਰਤੀ 38 ਸਫ਼ਾਈ-ਸੇਵਕ

ਜਲੰਧਰ (ਸ਼ੋਰੀ)- ਸਿਵਲ ਹਸਪਤਾਲ ’ਚ ਤਾਇਨਾਤ ਠੇਕੇ ’ਤੇ ਭਰਤੀ ਸਫ਼ਾਈ ਸੇਵਕਾਂ ’ਚ ਇਨ੍ਹੀਂ ਦਿਨੀਂ ਰੋਸ ਦੇਖਣ ਨੂੰ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਸਫ਼ਾਈ ਸੇਵਕਾਂ ਨੂੰ ਲਗਭਗ 10,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਦੀ ਹੈ। ਇੰਨੇ ਥੋੜ੍ਹੇ ਪੈਸਿਆਂ ਨਾਲ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਹਨ। ਸਫ਼ਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਮਹੀਨੇ ਦੀ 7 ਤਰੀਕ ਦੇ ਆਸ-ਪਾਸ ਤਨਖ਼ਾਹ ਮਿਲਦੀ ਹੈ ਪਰ ਉਨ੍ਹਾਂ ਨੂੰ ਪਿਛਲੇ ਮਹੀਨੇ ਤੇ ਹੁਣ ਤੱਕ ਵੀ ਤਨਖ਼ਾਹ ਨਹੀਂ ਮਿਲੀ।

ਉਨ੍ਹਾਂ ਦੀ 8 ਘੰਟੇ ਸਖਤ ਡਿਊਟੀ ਲਈ ਜਾਂਦੀ ਹੈ ਅਤੇ ਉਹ ਪੂਰੀ ਮਿਹਨਤ ਨਾਲ ਆਪਣਾ ਕੰਮ ਕਰਦੇ ਹਨ ਪਰ ਇਸ ਦੇ ਬਾਵਜੂਦ ਜੇਕਰ ਉਨ੍ਹਾਂ ਨੂੰ ਤਨਖ਼ਾਹ ਨਾ ਮਿਲੇ ਤਾਂ ਉਨ੍ਹਾਂ ਦੇ ਦਿਲਾਂ ’ਤੇ ਕੀ ਬੀਤਦੀ ਹੋਵੇਗੀ? ਘਰ ਦਾ ਰਾਸ਼ਨ ਅਤੇ ਹੋਰ ਖ਼ਰਚਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਵਿਆਜ ’ਤੇ ਕਿਸੇ ਤੋਂ ਪੈਸੇ ਉਧਾਰ ਲੈਣੇ ਪੈਂਦੇ ਹਨ। ਹੁਣ ਵਿਆਜ ਦੀ ਰਕਮ ਅਦਾ ਕਰਨਾ ਅਤੇ ਘਰ ਦਾ ਗੁਜ਼ਾਰਾ ਚਲਾਉਣਾ ਦੋਵੇਂ ਹੀ ਮੁਸ਼ਕਲ ਹਨ।

ਇਹ ਵੀ ਪੜ੍ਹੋ- ਹਾਜੀਪੁਰ 'ਚ ਵਾਪਰੇ ਹਾਦਸੇ ਨੇ ਉਜਾੜ 'ਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਜਵਾਨ ਪੁੱਤ ਦੀ ਦਰਦਨਾਕ ਮੌਤ

ਸੰਪਰਕ ਕਰਨ ’ਤੇ ਇਕ ਸਫ਼ਾਈ ਕਰਮਚਾਰੀ ਨੇ ਦੱਸਿਆ ਕਿ ਉਹ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈ, ਜੇਕਰ ਹੁੰਦਾ ਤਾਂ ਉਸ ਦੀ ਤਨਖ਼ਾਹ ਵੀ ਸਮੇਂ ਸਿਰ ਆ ਜਾਂਦੀ। ਫਿਰ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ? ਸਫ਼ਾਈ ਕਰਮਚਾਰੀਆਂ ਦੀ ਮੰਗ ਹੈ ਕਿ ਉਨ੍ਹਾਂ ਦੀਆਂ ਤਨਖ਼ਾਹਾਂ ਉਨ੍ਹਾਂ ਦੇ ਖ਼ਾਤਿਆਂ ’ਚ ਜਲਦੀ ਜਮ੍ਹਾਂ ਕਰਵਾਈਆਂ ਜਾਣ। ਗੌਰਤਲਬ ਹੈ ਕਿ ਹਸਪਤਾਲ ’ਚ ਸਫ਼ਾਈ ਦਾ ਠੇਕਾ 2 ਪ੍ਰਾਈਵੇਟ ਕੰਪਨੀਆਂ ਕੋਲ ਹੈ ਤੇ 38 ਦੇ ਕਰੀਬ ਸਫ਼ਾਈ ਕਰਮਚਾਰੀ ਠੇਕੇ ’ਤੇ ਕੰਮ ਕਰਦੇ ਹਨ।

ਇਹ ਵੀ ਪੜ੍ਹੋ- ਅਨਮੋਲ ਗਗਨ ਮਾਨ ਦੇ ਵਿਆਹ 'ਚ ਪਹੁੰਚੇ CM ਭਗਵੰਤ ਮਾਨ, ਇਸ ਅੰਦਾਜ਼ 'ਚ ਦਿੱਤੀਆਂ ਨਵੇਂ ਵਿਆਹੇ ਜੋੜੇ ਨੂੰ ਵਧਾਈਆਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News