ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਅਾਂ ਦੇ ਕੱਟੇ 30 ਚਲਾਨ
Friday, Nov 16, 2018 - 02:55 AM (IST)

ਰੂਪਨਗਰ, (ਵਿਜੇ)- ਰੂਪਨਗਰ ਸ਼ਹਿਰ ’ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਟ੍ਰੈਫਿਕ ਪੁਲਸ ਨੇ ਅੱਜ ਵਾਹਨਾਂ ਦੇ ਚਲਾਨ ਕੱਟੇ, ਜਦੋਂ ਕਿ ਵਾਹਨਾਂ ਨੂੰ ਜ਼ਬਤ ਵੀ ਕੀਤਾ ਗਿਆ।
ਜ਼ਿਲਾ ਪੁਲਸ ਮੁਖੀ ਸਵਪਨ ਸ਼ਰਮਾ ਨੇ ਸ਼ਹਿਰ ’ਚ ਟ੍ਰੈਫਿਕ ਵਿਵਸਥਾ ਦਾ ਜਾਇਜ਼ਾ ਲਿਆ। ਉਸ ਦੇ ਬਾਅਦ ਟ੍ਰੈਫਿਕ ਪੁਲਸ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਨਗਰ ’ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਤਾਂ ਕਿ ਸ਼ਹਿਰ ’ਚ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲ ਸਕੇ। ਅੱਜ ਟ੍ਰੈਫਿਕ ਪੁਲਸ ਨੇ ਪਹਿਲਾਂ ਇਕ ਜੀਪ ਨਾਲ ਸ਼ਹਿਰ ’ਚ ਸਪੀਕਰ ਦੁਆਰਾ ਅਨਾਊਂਸਮੈਂਟ ਕੀਤੀ ਕਿ ਲੋਕ ਗਲਤ ਪਾਰਕਿੰਗ ਨਾ ਕਰਨ ਅਤੇ ਨਾ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ। ਇਸ ਘੋਸ਼ਣਾ ਦੇ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ 30 ਵਾਹਨਾਂ ਦੇ ਚਲਾਨ ਕੱਟੇ ਤੇ 7 ਵਾਹਨਾਂ ਨੂੰ ਜ਼ਬਤ ਕੀਤਾ। ਚਲਾਨ ਕੱਟੇ ਜਾਣ ਦੀ ਇਹ ਕਾਰਵਾਈ ਟ੍ਰੈਫਿਕ ਪੁਲਸ ਵੱਲੋਂ ਸਥਾਨਕ ਹਸਪਤਾਲ ਰੋਡ, ਬੇਲਾ ਚੌਕ, ਲਹਿਰੀਸ਼ਾਹ ਮੰਦਰ ਰੋਡ, ਰਾਮਲੀਲਾ ਗਰਾਊਂਡ ਰੋਡ, ਕਲਿਆਣ ਸਿਨੇਮਾ ਮਾਰਗ ’ਤੇ ਅਮਲ ’ਚ ਲਿਆਂਦੀ। ਦੂਜੇ ਪਾਸੇ ਟ੍ਰੈਫਿਕ ਪੁਲਸ ਦੇ ਅਧਿਕਾਰੀ ਬਲਵੀਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਸ਼ਹਿਰ ’ਚ ਟ੍ਰੈਫਿਕ ਵਿਵਸਥਾ ਨੂੰ ਠੀਕ ਕਰਨ ਅਤੇ ਟ੍ਰੈਫਿਕ ਜਾਮ ਨੂੰ ਸਮਾਪਤ ਕਰਨ ਲਈ ਕੀਤੀ ਗਈ ਹੈ।