ਤੜਕੇ ਸਵੇਰੇ 3 ਵਜੇ ਹੋਟਲ ਦੇ ਅੰਦਰ ਬਿਨਾਂ ਪਰਮਿਸ਼ਨ ਤੋਂ ਦਾਖਲ ਹੋਏ ਕਸ਼ਮੀਰੀ ਨੌਜਵਾਨ, ਹੰਗਾਮਾ

04/24/2019 3:55:34 PM

ਜਲੰਧਰ (ਜ.ਬ.)— ਮੰਗਲਵਾਰ ਸਵੇਰੇ 3 ਵਜੇ ਕੁਝ ਕਸ਼ਮੀਰੀ ਬੱਸ ਸਟੈਂਡ ਦੇ ਬਾਹਰ ਸਥਿਤ ਪ੍ਰਿੰਸ ਹੋਟਲ 'ਚ ਬਿਨਾਂ ਇਜਾਜ਼ਤ ਦੇ ਅੰਦਰ ਦਾਖਲ ਹੋ ਗਏ। ਉਨ੍ਹਾਂ ਦੇ ਦਾਖਲ ਹੋਣ ਤੋਂ ਪਹਿਲਾਂ ਹੀ ਇਕ ਕਸ਼ਮੀਰੀ ਨੌਜਵਾਨ ਤਿੰਨ ਦਿਨਾਂ ਤੋਂ ਹੋਟਲ 'ਚ ਰੁਕਿਆ ਹੋਇਆ ਸੀ। ਹੋਟਲ ਪ੍ਰਬੰਧਕਾਂ ਨੇ ਜਦੋਂ ਕਸ਼ਮੀਰੀਆਂ ਦਾ ਵਿਰੋਧ ਕੀਤਾ ਤਾਂ ਪਹਿਲਾਂ ਤਾਂ ਉਹ ਹੋਟਲ ਤੋਂ ਚਲੇ ਗਏ ਪਰ ਬਾਅਦ 'ਚ ਉਨ੍ਹਾਂ ਨੇ ਆਪਣੇ ਸਮਰਥਕਾਂ ਨਾਲ ਵਾਪਸ ਹੋਟਲ ਆ ਕੇ ਮਾਲਕ ਸਮੇਤ ਮੈਨੇਜਰ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਮਾਮਲਾ ਪੁਲਸ ਤੱਕ ਪਹੁੰਚਿਆ ਤਾਂ ਹੰਗਾਮੇ ਤੋਂ ਬਾਅਦ ਦੋਵੇਂ ਪੱਖਾਂ 'ਚ ਰਾਜ਼ੀਨਾਮਾ ਹੋ ਗਿਆ।

ਹੋਟਲ ਦੇ ਮਾਲਕ ਪ੍ਰਿੰਸ ਨੇ ਦੱਸਿਆ ਕਿ ਦੁੱਗਲ ਨਾਂ ਦੇ ਟ੍ਰੈਵਲ ਏਜੰਟ ਨੇ ਇਕ ਕਸ਼ਮੀਰੀ ਨੂੰ ਕੁਝ ਦਿਨਾਂ ਤੋਂ ਉਨ੍ਹਾਂ ਦੇ ਹੋਟਲ 'ਚ ਰੂਮ ਦਿਵਾਇਆ ਸੀ। ਉਹ ਕਿਸੇ ਵੀ ਕਸ਼ਮੀਰੀ ਨੂੰ ਪੁਲਸ ਅਧਿਕਾਰੀਆਂ ਦੇ ਕਹਿਣ 'ਤੇ ਰੂਮ ਨਹੀਂ ਦਿੰਦੇ ਪਰ ਏਜੰਟ ਨੇ ਉਨ੍ਹਾਂ ਨੂੰ ਆਪਣੀ ਜ਼ਿੰਮੇਦਾਰੀ 'ਤੇ ਰੂਮ ਦਿਵਾਇਆ ਸੀ। ਕਸ਼ਮੀਰੀ ਨੂੰ ਦੋਹਾ ਕਤਰ ਭੇਜਣ ਲਈ ਹੋਟਲ 'ਚ ਸਟੇਅ ਕਰਵਾਇਆ ਗਿਆ ਸੀ। ਪ੍ਰਿੰਸ ਦਾ ਕਹਿਣਾ ਹੈ ਕਿ ਮੰਗਲਵਾਰ ਕਸ਼ਮੀਰੀ ਦਾ ਭਰਾ ਅਤੇ ਹੋਰ ਰਿਸ਼ਤੇਦਾਰ ਵੀ ਜਲੰਧਰ ਪਹੁੰਚ ਗਏ ਅਤੇ ਹੋਟਲ ਦਾ ਗੇਟ ਖੜਕਾਉਣ ਲੱਗੇ। ਹੋਟਲ ਪ੍ਰਬੰਧਕਾਂ ਨੇ ਗੇਟ ਨਹੀਂ ਖੋਲ੍ਹਿਆ ਤਾਂ ਪਹਿਲਾਂ ਤੋਂ ਹੀ ਰੂਮ ਅੰਦਰ ਰਹਿ ਰਹੇ ਕਸ਼ਮੀਰੀ ਨੌਜਵਾਨ ਨੇ ਪੰਜਾਂ ਕਸ਼ਮੀਰੀਆਂ ਨੂੰ ਬਿਨਾਂ ਇਜਾਜ਼ਤ ਦੇ ਅੰਦਰ ਬੁਲਾ ਲਿਆ। 3 ਵਜੇ ਤੋਂ ਲੈ ਕੇ 9 ਵਜੇ ਤੱਕ ਉਹ ਹੋਟਲ 'ਚ ਰੁਕੇ।

ਪ੍ਰਿੰਸ ਦਾ ਕਹਿਣਾ ਹੈ ਕਿ ਉਹ ਜਦੋਂ ਹੋਟਲ ਪਹੁੰਚੇ ਤਾਂ ਉਨ੍ਹਾਂ ਨੇ ਸਾਰਿਆਂ ਨੂੰ ਬਾਹਰ ਕੱਢਿਆ। ਦੁੱਗਲ ਏਜੰਟ ਵੀ ਮੌਕੇ 'ਤੇ ਆ ਗਿਆ। ਦੁੱਗਲ ਨੇ ਬੱਸ ਸਟੈਂਡ ਦੇ ਕੋਲ ਸਾਰੇ ਹੋਟਲਾਂ ਵਿਚ ਰੂਮ ਦਾ ਪਤਾ ਕੀਤਾ ਪਰ ਕਸ਼ਮੀਰੀ ਹੋਣ ਕਾਰਨ ਕਿਸੇ ਨੇ ਰੂਮ ਨਾ ਦਿੱਤਾ। ਰੂਮ ਨਾ ਮਿਲਣ ਕਾਰਨ ਸਾਰੇ ਉਥੋਂ ਨਿਕਲ ਗਏ। ਕੁਝ ਸਮੇਂ ਬਾਅਦ ਵਾਪਸ ਹੋਟਲ 'ਚ ਆਪਣੇ ਸਮਰਥਕਾਂ ਨਾਲ ਪਹੁੰਚੇ ਤਾਂ ਉਨ੍ਹਾਂ ਨੇ ਹੋਟਲ ਪ੍ਰਬੰਧਕਾਂ ਨੂੰ ਧਮਕਾਇਆ ਅਤੇ ਵੀਡੀਓ ਬਣਾ ਦਿੱਤੀ। ਹੋਟਲ ਵਾਲਿਆਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਚੌਕੀ ਬੱਸ ਸਟੈਂਡ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਕਾਫੀ ਹੰਗਾਮੇ ਤੋਂ ਬਾਅਦ ਦੋਵਾਂ ਪੱਖਾਂ ਨੂੰ ਚੌਕੀ ਲਿਜਾਇਆ ਗਿਆ ਅਤੇ ਉਥੇ ਦੋਵਾਂ ਦਾ ਰਾਜ਼ੀਨਾਮਾ ਹੋ ਗਿਆ। ਚੌਕੀ ਬੱਸ ਸਟੈਂਡ ਦੇ ਇੰਚਾਰਜ ਮਦਨ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਪੱਖਾਂ ਵਿਚ ਰਾਜ਼ੀਨਾਮਾ ਹੋਣ ਕਰਨ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।


Related News