45 ਮਿੰਟ ਰਹੇ ਲੋਕਾਂ ''ਤੇ ਭਾਰੀ, ਬੇਗੋਵਾਲ ''ਚ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਵਾਪਰੀਆਂ 3 ਵਾਰਦਾਤਾਂ
Sunday, Sep 01, 2024 - 04:53 PM (IST)
ਬੇਗੋਵਾਲ (ਰਜਿੰਦਰ)- ਬੇਗੋਵਾਲ ਇਲਾਕੇ ਵਿਚ ਅੱਜ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਲੁੱਟ-ਖੋਹ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਦੁਪਹਿਰ ਦੇ ਕਰੀਬ ਸਾਢੇ 12 ਤੋਂ ਲੈ ਕੇ ਸਵਾ 1 ਤੱਕ ਲੁਟੇਰਿਆ ਨੇ ਇਥੇ ਲੁੱਟ-ਖੋਹ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਸ ਦੌਰਾਨ 45 ਮਿੰਟ ਤੱਕ ਲੁਟੇਰੇ ਲੋਕਾਂ 'ਤੇ ਭਾਰੀ ਰਹੇ। ਦੱਸਣਯੋਗ ਹੈ ਕਿ ਇਹ ਤਿੰਨੇ ਵਾਰਦਾਤਾਂ ਬੇਗੋਵਾਲ ਤੋਂ ਨਡਾਲਾ ਰੋਡ ਦੀਆਂ ਹਨ।
ਇਕੱਤਰ ਜਾਣਕਾਰੀ ਅਨੁਸਾਰ ਸੁਖਵਿੰਦਰ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਤਲਵੰਡੀ ਜੋ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਪਿੰਡ ਤਲਵੰਡੀ ਤੋਂ ਬੇਗੋਵਾਲ ਨੂੰ ਦਵਾਈ ਲੈਣ ਲਈ ਆ ਰਹੀ ਸੀ। ਜਦੋਂ ਉਹ ਬੇਗੋਵਾਲ ਸ਼ਹਿਰ ਨੇੜੇ ਹੀ ਸੀ ਤਾਂ ਪਿੱਛੋਂ ਮੋਟਰਸਾਈਕਲ 'ਤੇ ਆਏ ਦੋ ਨੌਜਵਾਨਾਂ ਨੇ ਉਸ ਦੇ ਚਿਹਰੇ 'ਤੇ ਸਪਰੇਅ ਕੀਤੀ, ਜਿਸ ਕਾਰਨ ਸੁਖਵਿੰਦਰ ਕੌਰ ਚਲਦੀ ਸਕੂਟਰੀ ਸਮੇਤ ਸੜਕ 'ਤੇ ਡਿੱਗ ਪਈ। ਇਸ ਮੌਕੇ ਲੁਟੇਰੇ ਨੌਜਵਾਨਾਂ ਨੇ ਸੁਖਵਿੰਦਰ ਕੌਰ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਖੋਹ ਲਈ ਅਤੇ ਬੇਗੋਵਾਲ ਸ਼ਹਿਰ ਵੱਲ ਨੂੰ ਫਰਾਰ ਹੋ ਗਏ। ਇਹ ਘਟਨਾ ਦੁਪਹਿਰ ਇਕ ਵਜੇ ਦੀ ਹੈ। ਇਸ ਘਟਨਾ ਦੌਰਾਨ ਸੁਖਵਿੰਦਰ ਕੌਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਮੌਕੇ 'ਤੇ ਰਾਹਗੀਰਾਂ ਅਤੇ ਨੇੜਲੇ ਪਿੰਡ ਦੇ ਮੋਹਤਬਰਾਂ ਵੱਲੋਂ ਸੁਖਵਿੰਦਰ ਕੌਰ ਨੂੰ ਬੇਗੋਵਾਲ ਦੇ ਕਰਤਾਰ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰ ਵੱਲੋਂ ਉਸ ਦੀ ਸੀਟੀ ਸਕੈਨ ਤੱਕ ਵੀ ਕਰਵਾਈ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਟਲਿਆ ਵੱਡਾ ਹਾਦਸਾ, ਖੜ੍ਹੀ ਟਰਾਲੀ ਨਾਲ ਟਕਰਾਈ ਟਰੇਨ, ਮਚਿਆ ਚੀਕ-ਚਿਹਾੜਾ
ਦੂਜੀ ਘਟਨਾ 'ਚ ਜਰਨੈਲ ਸਿੰਘ ਵਾਸੀ ਦੌਲੋਵਾਲ ਆਪਣੀ ਪਤਨੀ ਬਲਵਿੰਦਰ ਕੌਰ ਨਾਲ ਬੇਗੋਵਾਲ ਸ਼ਹਿਰ ਤੋਂ ਆਪਣੇ ਪਿੰਡ ਦੌਲੋਵਾਲ ਨੂੰ ਮੋਟਰਸਾਈਕਲ 'ਤੇ ਵਾਪਸ ਜਾ ਰਿਹਾ ਸੀ, ਜਦੋਂ ਉਹ ਪਿੰਡ ਸੀਕਰੀ ਸਕੂਲ ਨੇੜੇ ਪਹੁੰਚੇ ਤਾਂ ਪਿੱਛੋਂ ਮੋਟਰਸਾਈਕਲ 'ਤੇ ਆਏ ਦੋ ਨੌਜਵਾਨਾਂ ਨੇ ਉਸ ਦੀ ਪਤਨੀ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਨਡਾਲਾ ਵੱਲ ਨੂੰ ਫਰਾਰ ਹੋ ਗਏ। ਜਰਨੈਲ ਸਿੰਘ ਦਾ ਕਹਿਣਾ ਹੈ ਕਿ ਮੋਟਰਸਾਈਕਲ ਨੰਬਰ ਪਲੇਟ ਤੋਂ ਬਿਨਾਂ ਸੀ।
ਤੀਜੀ ਵਾਰਦਾਤ ਸਬੰਧੀ ਤਜਿੰਦਰਪਾਲ ਸਿੰਘ ਵਾਸੀ ਫਤਿਹਗੜ੍ਹ ਨੇ ਦੱਸਿਆ ਕਿ ਉਸ ਦੀ ਮਾਤਾ ਰਵੇਲ ਕੌਰ ਜਿਸ ਦੀ ਉਮਰ 87 ਸਾਲ ਹੈ, ਉਹ ਦਿਨ ਦੇ ਕਰੀਬ 12:30 ਵਜੇ ਘਰ ਦੇ ਮੂਹਰੇ ਵਾਲੀ ਗਲੀ ਵਿੱਚ ਸੀ, ਇਸ ਦੌਰਾਨ ਮੁੱਖ ਸੜਕ ਵੱਲੋਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ ਅਤੇ ਉਸ ਦੀ ਮਾਤਾ ਰਵੇਲ ਕੌਰ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਬੇਗੋਵਾਲ ਸ਼ਹਿਰ ਵਿਚ ਅੱਜ ਦਿਨ-ਦਿਹਾੜੇ ਵਾਪਰੀਆਂ ਇਨ੍ਹਾਂ ਵਾਰਦਾਤਾਂ ਨੂੰ ਲੈ ਕੇ ਲੋਕਾਂ ਵਿਚ ਖ਼ੌਫ਼ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕ ਤਾਂ ਇਹ ਚਰਚੇ ਕਰ ਰਹੇ ਹਨ ਕਿ ਹੁਣ ਤਾਂ ਦਿਨ ਸਮੇਂ ਵੀ ਘਰੋਂ ਨਿਕਲਣਾ ਔਖਾ ਹੋ ਗਿਆ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਏ ਦਿਨ ਹੀ ਬੇਗੋਵਾਲ ਵਿੱਚ ਲੁੱਟ-ਖੋਹਾਂ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਪਰ ਪੁਲਸ ਇਨ੍ਹਾਂ 'ਤੇ ਨਕੇਲ ਕੱਸਣ ਵਿਚ ਨਾਕਾਮਯਾਬ ਰਹੀ ਹੈ। ਲੋਕਾਂ ਦੀ ਮੰਗ ਹੈ ਕਿ ਸ਼ਹਿਰ ਵਿਚ ਨਾਕਾਬੰਦੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਸ਼ਰਮਸਾਰ ਹੋਈ ਇਨਸਾਨੀਅਤ, ਕੱਪੜੇ 'ਚ ਲਪੇਟੀ ਕਰੀਬ 7 ਦਿਨਾਂ ਦੀ ਬੱਚੀ ਬਰਾਮਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ