ਕੂੜਾ ਢੋਣ ’ਚ ਹੋ ਰਹੇ ਫਰਜ਼ੀਵਾੜੇ ਦੀ ਰਿਪੋਰਟ ਇਕ ਮਹੀਨੇ ਬਾਅਦ ਵੀ ਨਹੀਂ ਦੇ ਸਕੇ ਨਿਗਮ ਦੇ 3 ਵੱਡੇ ਅਧਿਕਾਰੀ

Friday, May 12, 2023 - 12:27 PM (IST)

ਜਲੰਧਰ (ਖੁਰਾਣਾ)– ਪਿਛਲੇ ਲੰਮੇ ਸਮੇਂ ਤੋਂ ਜਲੰਧਰ ਸ਼ਹਿਰ ਕੂੜੇ-ਕਰਕਟ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ। ਸਵੱਛ ਭਾਰਤ ਮਿਸ਼ਨ ਅਤੇ ਸਮਾਰਟ ਸਿਟੀ ਮਿਸ਼ਨ ਜ਼ਰੀਏ ਜਲੰਧਰ ਨਿਗਮ ਨੂੰ ਸਾਫ਼-ਸਫ਼ਾਈ ਵਿਵਸਥਾ ਸੁਧਾਰਨ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਪ੍ਰਾਪਤ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਨਿਗਮ ਦੇ ਅਧਿਕਾਰੀ ਸ਼ਹਿਰ ਨੂੰ ਸਾਫ਼ ਅਤੇ ਸਵੱਛ ਨਹੀਂ ਬਣਾ ਸਕੇ। ਨਿਗਮ ਅਧਿਕਾਰੀਆਂ ਵਿਚ ਵਿਜ਼ਨ ਦੀ ਘਾਟ ਕਾਰਨ ਸ਼ਹਿਰ ਵਿਚ ਅੱਜ ਤੱਕ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਨਹੀਂ ਲੱਗ ਸਕਿਆ ਅਤੇ ਵਰਿਆਣਾ ਡੰਪ ਦਾ ਪੁਰਾਣਾ ਕੂੜਾ ਖ਼ਤਮ ਕਰਨ ਲਈ ਬਾਇਓ-ਮਾਈਨਿੰਗ ਪਲਾਂਟ ਵੀ ਲੱਗਣ ਤੋਂ ਪਹਿਲਾਂ ਹੀ ਫਾਈਲਾਂ ਵਿਚ ਦਫਨ ਹੋ ਗਿਆ। ਕੂੜੇ ਨੂੰ ਮੈਨੇਜ ਕਰਨ ਦੇ ਮਾਮਲੇ ਵਿਚ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਕਿਸ ਤਰ੍ਹਾਂ ਲਾਪ੍ਰਵਾਹ ਰਵੱਈਆ ਧਾਰਨ ਕੀਤਾ ਹੋਇਆ ਹੈ, ਇਸ ਦੀ ਮਿਸਾਲ ਇਸੇ ਗੱਲ ਤੋਂ ਮਿਲ ਜਾਂਦੀ ਹੈ ਕਿ ਜਲੰਧਰ ਨਿਗਮ ਦੇ 3 ਵੱਡੇ ਅਧਿਕਾਰੀ ਸ਼ਹਿਰ ਦਾ ਕੂੜਾ ਢੋਣ ਵਿਚ ਹੋ ਰਹੇ ਫਰਜ਼ੀਵਾੜੇ ਦੀ ਰਿਪੋਰਟ ਇਕ ਮਹੀਨੇ ਬਾਅਦ ਵੀ ਨਗਰ ਨਿਗਮ ਕਮਿਸ਼ਨਰ ਨੂੰ ਨਹੀਂ ਸੌਂਪ ਸਕੇ। ਇਸ ਦਾ ਮਤਲਬ ਸਾਫ਼ ਆਂਕਿਆ ਜਾ ਰਿਹਾ ਹੈ ਕਿ ਨਿਗਮ ਦੇ ਅਧਿਕਾਰੀ ਵਿੱਤੀ ਗੜਬੜੀ ਨਾਲ ਜੁੜੇ ਮਾਮਲਿਆਂ ਨੂੰ ਵੀ ਗੰਭੀਰਤਾ ਨਾਲ ਨਹੀਂ ਲੈਂਦੇ। ਨਿਗਮ ਦੇ ਅਧਿਕਾਰੀ ਅਜੇ ਤੱਕ ਇਹ ਪਤਾ ਨਹੀਂ ਲਾ ਸਕੇ ਕਿ ਇਸ ਫਰਜ਼ੀਵਾੜੇ ਕਾਰਨ ਕਿੰਨੀ ਪੇਮੈਂਟ ਨਿਗਮ ਦੇ ਖਜ਼ਾਨੇ ਤੋਂ ਹੋ ਚੁੱਕੀ ਹੈ ਅਤੇ ਕਿੰਨੀ ਕਲੇਮ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ: ਪੰਜਾਬ ਦਾ ਇਹ ਜ਼ਿਲ੍ਹਾ ਤਪਸ਼ ਵਧਣ ਨਾਲ ਰਹਿ ਸਕਦੈ ਸਭ ਤੋਂ ਜ਼ਿਆਦਾ ਗਰਮ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

ਅਜੇ ਤੱਕ ਤੱਥ ਜੁਟਾਉਣ ’ਚ ਵੀ ਲੱਗੇ ਹੋਏ ਹਨ ਤਿੰਨੋਂ ਅਧਿਕਾਰੀ
‘ਜਗ ਬਾਣੀ’ ਨੇ ਪਿਛਲੇ ਮਹੀਨੇ 7 ਅਪ੍ਰੈਲ ਨੂੰ ਵਿਸਥਾਰ ਨਾਲ ਖਬਰ ਛਾਪੀ ਸੀ ਕਿ ਨਿਗਮ ਦਾ ਕੂੜਾ ਢੋਣ ਲਈ ਪ੍ਰਾਈਵੇਟ ਠੇਕੇਦਾਰ ਦੀਆਂ ਜਿਹੜੀਆਂ ਗੱਡੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੇ ਜਿਹੜੇ ਬਿੱਲ ਬਣ ਰਹੇ ਹਨ, ਉਨ੍ਹਾਂ ਵਿਚ ਗੱਡੀਆਂ ਦੇ ਜਿਹੜੇ ਨੰਬਰ ਦਿੱਤੇ ਗਏ ਹਨ, ਉਹ ਸਕੂਟਰਾਂ ਦੇ ਹਨ। ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਇਸ ਸਕੈਂਡਲ ਦੀ ਜਾਂਚ ਦਾ ਜ਼ਿੰਮਾ ਅਸਿਸਟੈਂਟ ਕਮਿਸ਼ਨਰ ਰਾਜੇਸ਼ ਖੋਖਰ, ਡੀ. ਸੀ. ਐੱਫ਼. ਏ. ਪੰਕਜ ਕਪੂਰ ਅਤੇ ਹੈਲਥ ਆਫਿਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਨੂੰ ਸੌਂਪਿਆ ਸੀ ਪਰ ਹੈਰਾਨੀਜਨਕ ਗੱਲ ਇਹ ਹੈ ਕਿ ਲੱਖਾਂ ਰੁਪਏ ਨਾਲ ਜੁੜੇ ਇਸ ਸਕੈਂਡਲ ਦੀ ਜਾਂਚ ਇਕ ਮਹੀਨੇ ਵਿਚ ਵੀ ਪੂਰੀ ਨਹੀਂ ਹੋ ਸਕੀ ਅਤੇ ਅਜੇ ਤੱਕ ਤਿੰਨੋਂ ਹੀ ਅਫ਼ਸਰ ਸਿਰਫ਼ ਤੱਥ ਜੁਟਾਉਣ ਵਿਚ ਹੀ ਲੱਗੇ ਹੋਏ ਹਨ। ਖ਼ਾਸ ਗੱਲ ਇਹ ਹੈ ਕਿ ਇਸ ਸਕੈਂਡਲ ਵਿਚ ਸ਼ਾਮਲ ਗੱਡੀਆਂ, ਜਿਸ ਪ੍ਰਾਈਵੇਟ ਠੇਕੇਦਾਰ ਦੀਆਂ ਦੱਸੀਆਂ ਜਾ ਰਹੀਆਂ ਹਨ, ਉਸੇ ਠੇਕੇਦਾਰ ਤੋਂ ਇਹੀ ਨਿਗਮ ਅਧਿਕਾਰੀ ਦੁਬਾਰਾ ਕੰਮ ਲੈ ਰਹੇ ਹਨ ਅਤੇ ਉਸ ਕੰਮ ਦੇ ਵੀ ਲੱਖਾਂ ਰੁਪਏ ਦੇ ਬਿੱਲ ਦੁਬਾਰਾ ਬਣਾਏ ਜਾਣੇ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਇਕ ਸਕੈਂਡਲ ਦੀ ਜਾਂਚ ਕੀਤੇ ਬਿਨਾਂ ਉਸੇ ਠੇਕੇਦਾਰ ਤੋਂ ਦੁਬਾਰਾ ਕੰਮ ਕਰਵਾਉਣਾ ਅਤੇ ਬਿੱਲ ਬਣਵਾਉਣਾ ਕੀ ਉਚਿਤ ਹੈ?

ਹੁਣ ਕੂੜਾ ਤੋਲਣ ਦੇ ਬਾਅਦ ਹੀ ਵਰਿਆਣਾ ਡੰਪ ’ਤੇ ਜਾ ਰਹੀਆਂ ਹਨ ਗੱਡੀਆਂ
‘ਜਗ ਬਾਣੀ’ ਵੱਲੋਂ ਕੂੜੇ ਦੀ ਲਿਫਟਿੰਗ ਵਿਚ ਹੋ ਰਹੇ ਫਰਜ਼ੀਵਾੜੇ ਬਾਰੇ ਵਿਸਥਾਰ ਨਾਲ ਖਬਰ ਛਾਪਣ ਦਾ ਅਸਰ ਇਹ ਹੋਇਆ ਹੈ ਕਿ ਹੁਣ ਨਿਗਮ ਦੀਆਂ ਸਾਰੀਆਂ ਗੱਡੀਆਂ ਨਾਲ ਚੁੱਕਿਆ ਕੂੜਾ ਬਸਤੀ ਬਾਵਾ ਖੇਲ ਦੇ ਊਸ਼ਾ ਧਰਮਕੰਡੇ ’ਤੇ ਤੋਲਿਆ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਹੀ ਵਰਿਆਣਾ ਡੰਪ ’ਤੇ ਸੁੱਟਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੂੜੇ ਦੀ ਲਿਫਟਿੰਗ ਵਿਚ ਹੋ ਰਹੀ ਗੜਬੜੀ ਨੂੰ ਦੇਖਦੇ ਹੋਏ ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਨਿਗਮ ਦੇ ਸਾਰੇ 16 ਸੈਨੇਟਰੀ ਇੰਸਪੈਕਟਰਾਂ ਦੀ ਡਿਊਟੀ ਲਾਈ ਹੈ ਕਿ ਉਹ 3-3 ਦਿਨ ਊਸ਼ਾ ਧਰਮਕੰਡੇ ’ਤੇ ਬੈਠ ਕੇ ਕੂੜੇ ਨੂੰ ਤੋਲਣ ਦੇ ਕੰਮ ਦੀ ਨਿਗਰਾਨੀ ਕਰਿਆ ਕਰਨਗੇ। ਨਿਗਮ ਕਮਿਸ਼ਨਰ ਨੇ ਹੁਕਮ ਜਾਰੀ ਕਰ ਕੇ ਸੈਨੇਟਰੀ ਇੰਸ. ਵਿਕ੍ਰਾਂਤ ਸਿੱਧੂ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ, ਅਮਨਦੀਪ ਧਵਨ, ਗੁਰਦਿਆਲ ਸੈਣੀ, ਨਰੇਸ਼ ਕੁਮਾਰ, ਸੰਜੀਵ ਕੁਮਾਰ, ਪਵਨ ਕੁਮਾਰ, ਜਗਸੀਰ ਿਸੰਘ, ਰਾਜ ਕੁਮਾਰ, ਧੀਰਜ ਕੁਮਾਰ, ਬੰਟੂ ਸੱਭਰਵਾਲ, ਨੀਰਜ ਕੁਮਾਰ, ਰਿੰਪੀ ਕਲਿਆਣ, ਰਾਜਿੰਦਰ ਕੁਮਾਰ ਅਤੇ ਰਾਜੇਸ਼ ਕੁਮਾਰ ਦੀ ਡਿਊਟੀ ਲਾਈ ਹੈ।

ਇਸ ਮਾਮਲੇ ਵਿਚ ਚੀਫ ਸੈਨੇਟਰੀ ਇੰਸ. ਹਿਤੇਸ਼ ਅਗਰਵਾਲ ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ, ਜਿਹੜੇ ਰੋਜ਼ਾਨਾ ਕੂੜੇ ਦੀ ਲਿਫਟਿੰਗ ਅਤੇ ਤੋਲ ਸਬੰਧੀ ਰਿਪੋਰਟ ਪੇਸ਼ ਕਰਿਆ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਵੀ ਸ਼ਹਿਰ ਵਿਚੋਂ ਨਿਕਲਣ ਵਾਲੇ ਕੂੜੇ ਨੂੰ ਤੋਲਣ ਦਾ ਕੰਮ ਸ਼ੁਰੂ ਹੋਇਆ ਸੀ ਪਰ ਕੁਝ ਦਿਨਾਂ ਬਾਅਦ ਹੀ ਉਸ ਨੂੰ ਬੰਦ ਕਰਨਾ ਪਿਆ ਸੀ। ਹੁਣ ਵੇਖਣਾ ਹੈ ਕਿ ਨਿਗਮ ਕਮਿਸ਼ਨਰ ਦੀ ਇਹ ਕੋਸ਼ਿਸ਼ ਕਿੰਨੇ ਦਿਨ ਸਫ਼ਲ ਰਹਿੰਦੀ ਹੈ।

ਇਹ ਵੀ ਪੜ੍ਹੋ: ਸ. ਪ੍ਰਕਾਸ਼ ਸਿੰਘ ਬਾਦਲ ਦਾ ਜਿੱਥੇ ਹੋਇਆ ਸੀ ਅੰਤਿਮ ਸੰਸਕਾਰ, ਉੱਥੇ ਹੁਣ ਯਾਦਗਾਰ ਬਣਾਉਣ ਦੀ ਤਿਆਰੀ ’ਚ ਅਕਾਲੀ ਦਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


shivani attri

Content Editor

Related News