ਨਗਰ ਨਿਗਮ ਦੀ ਜਨਰਲ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਲਈ 25 ਕਰੋੜ ਰੁਪਏ ਦੇ ਕੰਮ ਹੋਏ ਪਾਸ : ਜਿੰਪਾ
Wednesday, Dec 28, 2022 - 02:31 AM (IST)
 
            
            ਹੁਸ਼ਿਆਰਪੁਰ (ਘੁੰਮਣ) : ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਮੰਗਲਵਾਰ ਨਗਰ ਨਿਗਮ ਹੁਸ਼ਿਆਰਪੁਰ ਦੀ ਹੋਈ ਜਨਰਲ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਤਹਿਤ ਸਾਰੇ ਵਾਰਡਾਂ ਲਈ ਲਗਭਗ 25 ਕਰੋੜ ਰੁਪਏ ਦੇ ਕੰਮ ਪਾਸ ਕੀਤੇ ਗਏ। ਇਨ੍ਹਾਂ ਕੰਮਾਂ 'ਚ ਵੱਖ-ਵੱਖ ਪ੍ਰੋਜੈਕਟਾਂ ਸਮੇਤ ਸ਼ਹਿਰ ਦੇ ਰੱਖ-ਰਖਾਅ ਅਤੇ ਸਾਫ਼-ਸਫ਼ਾਈ ਆਦਿ ਦੇ ਕੰਮ ਸ਼ਾਮਲ ਹਨ, ਜਿਹੜੇ ਕਿ ਕਾਫੀ ਲੰਬੇ ਸਮੇਂ ਤੋਂ ਲਟਕੇ ਹੋਏ ਸਨ। ਇਸ ਤੋਂ ਇਲਾਵਾ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਸਫ਼ਾਈ ਸੇਵਕਾਂ ਦੀ ਭਲਾਈ ਲਈ ਵੀ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਉਪਰ ਉਠ ਕੇ ਸਭਨਾਂ ਦੇ ਸਹਿਯੋਗ ਨਾਲ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ। ਸ਼ਹਿਰ ਦੀ ਬਿਹਤਰੀ ਲਈ ਹੋ ਰਹੇ ਵਧੀਆ ਕੰਮਾਂ ਦਾ ਸਾਨੂੰ ਰਾਜਨੀਤੀ ਤੋਂ ਉਪਰ ਉੱਠ ਕੇ ਸਵਾਗਤ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਦਿੱਲੀ ਦੇ ਹਸਪਤਾਲਾਂ 'ਚੋਂ ਲਾਸ਼ਾਂ ਮਿਲਣ 'ਚ ਹੁਣ ਨਹੀਂ ਹੋਵੇਗੀ ਦੇਰੀ, ਰਾਤ ਨੂੰ ਵੀ ਹੋਣਗੇ ਪੋਸਟਮਾਰਟਮ
ਨਗਰ ਨਿਗਮ ਦੀ ਮੀਟਿੰਗ ਉਪਰੰਤ ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਦੇ ਫਾਇਰ ਬ੍ਰਿਗੇਡ ਨੂੰ ਮੁਹੱਈਆ ਕਰਵਾਈ ਗਈ ਨਵੀਂ ਮਿੰਨੀ ਐਡਵਾਂਸ ਰੈਸਕਿਊ ਟੈਂਡਰ ਨੂੰ ਝੰਡੀ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਕਰੀਬ ਪੌਣੇ 2 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਅਤਿ-ਆਧੁਨਿਕ ਗੱਡੀ ਦੇ ਆਉਣ ਨਾਲ ਹੁਸ਼ਿਆਰਪੁਰ ਵਾਸੀਆਂ ਦੀ ਸੁਰੱਖਿਆ ਹੋਰ ਯਕੀਨੀ ਬਣੇਗੀ। ਇਹ ਗੱਡੀ ਅੱਗ, ਭੂਚਾਲ, ਹੜ੍ਹ ਅਤੇ ਹੋਰਨਾਂ ਹੰਗਾਮੀ ਹਾਲਤਾਂ 'ਚ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਹੁਸ਼ਿਆਰਪੁਰ ਵਾਸੀਆਂ ਨੂੰ ਇਹ ਗੱਡੀ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਜਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਤੰਗ ਸੜਕਾਂ ਅਤੇ ਗਲੀਆਂ ਲਈ ਅਜਿਹੀਆਂ ਛੋਟੀਆਂ ਜੀਪਾਂ ਦੀ ਵੀ ਮੰਗ ਕੀਤੀ ਗਈ ਹੈ, ਜੋ ਕਿ ਜਲਦ ਹੀ ਹੁਸ਼ਿਆਰਪੁਰ ਨੂੰ ਮਿਲਣਗੀਆਂ।
ਇਹ ਵੀ ਪੜ੍ਹੋ : CBSE ਦਾ ਫਰਮਾਨ, ਪ੍ਰੀਖਿਆਵਾਂ 'ਚ ਇਸ ਹੁਕਮ ਦੀ ਨਾ ਹੋਈ ਪਾਲਣਾ ਤਾਂ ਹੋਵੇਗਾ ਭਾਰੀ ਜੁਰਮਾਨਾ
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਤੋਂ ਇਲਾਵਾ ਸਮੂਹ ਕੌਂਸਲਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            