8 ਲੱਖ ਦੀ ਨਕਦੀ ਅਤੇ ਭਾਰੀ ਮਾਤਰਾ ''ਚ ਨਸ਼ੇ ਵਾਲੇ ਪਦਾਰਥ ਸਮੇਤ 2 ਸਮੱਗਲਰ ਗ੍ਰਿਫਤਾਰ

08/19/2018 3:08:05 PM

ਕਪੂਰਥਲਾ (ਭੂਸ਼ਣ)— ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਕਰੀਬ 8 ਲੱਖ ਰੁਪਏ ਦੀ ਨਕਦੀ, ਨਸ਼ੇ ਵਾਲੇ ਪਦਾਰਥ ਅਤੇ ਇਕ ਸਵਿੱਫਟ ਕਾਰ ਸਮੇਤ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਗ੍ਰਿਫਤਾਰ ਮੁਲਜ਼ਮਾਂ 'ਚੋਂ ਇਕ ਸਮੱਗਲਰ ਹਵਾਈ ਜਹਾਜ਼ ਤੋਂ ਜੰਮੂ ਤੋਂ ਫਲਾਈਟ ਲੈ ਕੇ ਅੰਮ੍ਰਿਤਸਰ ਪਹੁੰਚਿਆ ਸੀ ।ਸ਼ਨੀਵਾਰ ਨੂੰ ਸੀ. ਆਈ. ਏ. ਸਟਾਫ ਕਪੂਰਥਲਾ 'ਚ ਬੁਲਾਏ ਪੱਤਰਕਾਰ ਸੰੰਮੇਲਨ ਨੂੰ ਸੰਬੋਧਨ ਕਰਦੇ ਹੋਏ ਐੱਸ. ਪੀ. ਡੀ. ਸਤਨਾਮ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਦੇ ਹੁਕਮਾਂ 'ਤੇ ਜ਼ਿਲਾ ਭਰ 'ਚ ਡਰਗ ਮਾਫੀਆ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਡੀ. ਐੱਸ. ਪੀ. ਡੀ. ਮਨਪ੍ਰੀਤ ਸਿੰਘ ਢਿੱਲੋਂ ਦੀ ਨਿਗਰਾਨੀ 'ਚ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਸੁਖਪਾਲ ਸਿੰਘ ਨੇ ਨਕੋਦਰ ਮਾਰਗ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਸੀ. ਆਈ. ਏ. ਟੀਮ ਨੂੰ ਸੂਚਨਾ ਮਿਲੀ ਕਿ ਡਰੱਗ ਸਮੱਗਲਰ ਨਜ਼ੀਰ ਅਹਿਮਦ ਗਨੀ ਪੁੱਤਰ ਬਸ਼ੀਰ ਅਹਿਮਦ ਗਨੀ ਵਾਸੀ ਪਿੰਡ ਸਰਾਵਲੀ ਥਾਣਾ ਚਰਸ਼ਰੀਫ ਜ਼ਿਲਾ ਬੜਗਾਂਵ ਜੰਮੂ ਕਸ਼ਮੀਰ ਅਤੇ ਮੁਹੰਮਦ ਅਸਲਮ ਮਲਿਕ ਪੁੱਤਰ ਗੁਲਜ਼ਾਰ ਅਹਿਮਦ ਮਲਿਕ ਵਾਸੀ ਪਿੰਡ ਹੋਮਨੁਮਾ ਥਾਣਾ ਜੈਨਪੁਰਾ ਜ਼ਿਲਾ ਸ਼ੋਪੀਆ ਜੰਮੂ ਕਸ਼ਮੀਰ ਜੋ ਕਿ ਜ਼ਿਲਾ ਅੰਮ੍ਰਿਤਸਰ, ਕਪੂਰਥਲਾ ਅਤੇ ਜਲੰਧਰ 'ਚ ਵੱਡੇ ਪੱਧਰ 'ਤੇ ਨਸ਼ੇ ਵਾਲੇ ਪਦਾਰਥਾਂ ਦੀ ਸਪਲਾਈ ਕਰਦੇ ਹਨ ਅਤੇ ਹੁਣ ਉਕਤ ਦੋਵੇਂ ਸਮੱਗਲਰ ਆਪਣੀ ਸਵਿੱਫਟ ਕਾਰ ਨੰਬਰ ਜੇ. ਕੇ 22 - 6288 'ਤੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਤੇ ਨਕਦੀ ਦੇ ਨਾਲ ਆ ਰਹੇ ਹਨ ।

ਜਿਸ ਦੌਰਾਨ ਉਹ ਡਰੱਗ ਸਮੱਗਲਰ ਕੁਲਦੀਪ ਸਿੰਘ ਬੇਂਜਾ ਪੁੱਤਰ ਬਲਦੇਵ ਸਿੰਘ ਵਾਸੀ ਬੱਕਰਖਾਨਾ ਚੌਕ ਕਪੂਰਥਲਾ, ਗੁਰਮੀਤ ਸਿੰਘ ਪੁੱਤਰ ਕਿਰਪਾਲ ਸਿੰਘ ਅਤੇ ਬਲਜਿੰਦਰ ਸਿੰਘ ਦੋਵੇਂ ਵਾਸੀ ਪਿੰਡ ਲਾਟੀਆਂਵਾਲ ਜ਼ਿਲਾ ਕਪੂਰਥਲਾ ਨਸ਼ੇ ਵਾਲੇ ਪਦਾਰਥਾਂ ਦੀ ਸਪਲਾਈ ਕਰਨ ਅਤੇ ਉਨ੍ਹਾਂ ਨੂੰ ਪਹਿਲਾਂ ਤੋਂ ਦਿੱਤੇ ਗਏ ਨਸ਼ੇ ਵਾਲੇ ਪਦਾਰਥਾਂ ਦੀ ਰਕਮ ਲੈਣ ਲਈ ਆਏ ਹੋਏ ਹਨ। ਜਿਸ 'ਤੇ ਸੀ. ਆਈ. ਏ. ਸਟਾਫ ਟੀਮ ਨੇ ਨਾਕਾਬੰਦੀ ਦੌਰਾਨ ਦੋਵੇਂ ਡਰੱਗ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਜਦੋਂ ਉਨ੍ਹਾਂ ਦੀ ਕਾਰ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਕਰੀਬ 7.90 ਲੱਖ ਰੁਪਏ ਦੀ ਨਕਦੀ ਅਤੇ 260 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ । ਪੁੱਛਗਿਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ਨਜ਼ੀਰ ਅਹਿਮਦ ਗਨੀ ਜੰਮੂ ਤੋਂ ਫਲਾਈਟ ਲੈ ਕੇ ਹਵਾਈ ਜਹਾਜ਼ ਤੋਂ ਅੰਮ੍ਰਿਤਸਰ ਆਇਆ ਸੀ ਅਤੇ ਮੁਹੰਮਦ ਅਸਲਮ ਮਲਿਕ ਕਾਰ ਤੋਂ ਜੰਮੂ ਕਸ਼ਮੀਰ ਤੋਂ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ ਸੀ ਜੋ ਉਸ ਨੂੰ ਏਅਰਪੋਰਟ ਤੋਂ ਆਪਣੇ ਨਾਲ ਲੈ ਕੇ ਆਇਆ ਸੀ। ਪੁੱਛਗਿਛ ਦੌਰਾਨ ਖੁਲਾਸਾ ਹੋਇਆ ਕਿ ਗ੍ਰਿਫਤਾਰ ਮੁਲਜ਼ਮਾਂ ਨੂੰ ਨਸ਼ੇ ਵਾਲੇ ਪਦਾਰਥ ਵੇਚਣ ਅਤੇ ਰਕਮ ਦੀ ਵਸੂਲੀ ਕਰਨ 'ਚ ਮੁਲਜ਼ਮ ਸਮੱਗਲਰ ਬੇਂਜਾ ਦੀ ਪਤਨੀ ਦਾ ਪੂਰਾ ਹੱਥ ਹੈ । ਉਥੇ ਹੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਡਰੱਗ ਸਮੱਗਲਰ ਕੁਲਦੀਪ ਸਿੰਘ ਬੇਂਜਾ ਖਿਲਾਫ ਵੱਖ-ਵੱਖ ਥਾਣਿਆਂ ਵਿਚ ਚੋਰੀ, ਲੜਾਈ-ਝਗੜੇ ਅਤੇ ਐੱਨ. ਡੀ. ਪੀ. ਐੱਸ. ਦੇ 16 ਮਾਮਲੇ ਦਰਜ ਹਨ। ਦੋਵਾਂ ਮੁਲਜ਼ਮਾਂ ਤੋਂ ਪੁੱਛਗਿਛ ਜਾਰੀ ਹੈ ਪੁੱਛਗਿਛ ਦੌਰਾਨ ਮੁਲਜ਼ਮਾਂ ਨਾਲ ਜੁੜੇ ਹੋਰ ਵੀ ਕਈ ਵੱਡੇ ਸਮੱਗਲਰਾਂ ਦੇ ਸਬੰਧ 'ਚ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


Related News