ਜ਼ਿਲੇ ਦੇ ਥਾਣਿਆਂ ’ਚ ਹੁਣ ਤੱਕ 2290 ’ਚੋਂ 1900 ਲਾਇਸੈਂਸੀ ਹਥਿਅਾਰ ਹੋਏ ਜਮ੍ਹਾ

12/26/2018 5:38:29 AM

ਕਪੂਰਥਲਾ,     (ਭੂਸ਼ਣ)-  ਜ਼ਿਲੇ ’ਚ ਹੋਣ ਵਾਲੀਅਾਂ ਪੰਚਾਇਤੀ ਚੋਣਾਂ ਦੇ  ਮੱਦੇਨਜ਼ਰ ਪੁਲਸ ਅਤੇ ਸਿਵਲ ਪ੍ਰਸ਼ਾਸਨ ਨੇ ਤਿਆਰੀਅਾਂ ਦਾ ਦੌਰ ਤੇਜ਼ ਕਰ ਦਿੱਤਾ ਹੈ।  ਉਥੇ ਹੀ ਕਾਨੂੰਨ ਵਿਵਸਥਾ ਨੂੰ ਕੰਟਰੋਲ ’ਚ ਰੱਖਣ  ਦੇ ਮਕਸਦ ਨਾਲ ਸਾਰੇ ਪੇਂਡੂ ਖੇਤਰਾਂ ’ਚ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਦਾ ਸਿਲਸਿਲਾ ਲਗਭਗ ਪੂਰਾ ਕਰ ਲਿਆ ਗਿਆ ਹੈ।  ਇਸ ਦੌਰਾਨ ਜਿਨ੍ਹਾਂ ਪਿੰਡਾਂ ’ਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਪ੍ਰਕਿਰਿਅਾ ਪੂਰੀ ਕਰ ਲਈ ਗਈ ਹੈ। ਉਨ੍ਹਾਂ ਪਿੰਡਾਂ ਨੂੰ ਫਿਲਹਾਲ ਇਸ ਪ੍ਰਕਿਰਿਅਾ ਤੋਂ ਬਾਹਰ ਰੱਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸੂਬੇ ’ਚ ਹੋਣ ਵਾਲੀਅਾਂ ਪੰਚਾਇਤੀ ਚੋਣਾਂ ਲਈ ਸਾਰੇ ਪਿੰਡਾਂ ’ਚ ਜਿਥੇ ਪੰਚਾਇਤੀ ਚੋਣਾਂ ਦੀਅਾਂ ਗਤੀਵਿਧੀਅਾਂ ’ਚ ਭਾਰੀ ਤੇਜ਼ੀ ਦੇਖਣ ਨੂੰ ਮਿਲੀ ਹੈ। ਉਥੇ ਹੀ ਇਨ੍ਹਾਂ ਪੰਚਾਇਤੀ ਚੋਣਾਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੰਨ ਕਰਵਾਉਣ  ਦੇ ਮਕਸਦ ਨਾਲ ਸਾਰੇ ਪਿੰਡਾਂ ’ਚ ਰਹਿੰਦੇ ਉਨ੍ਹਾਂ ਵਿਅਕਤੀਅਾਂ ਨੂੰ ਆਪਣੇ ਲਾਇਸੈਂਸੀ ਹਥਿਆਰ ਨਜ਼ਦੀਕੀ ਪੁਲਸ ਥਾਣਿਆਂ ’ਚ ਜਮ੍ਹਾ ਕਰਵਾਉਣ  ਦੇ ਹੁਕਮ ਦਿੱਤੇ ਗਏ ਹਨ, ਜੋ ਪੰਚਾਇਤੀ ਚੋਣਾਂ ਦੇ ਦਾਇਰੇ ’ਚ ਆਉਂਦੇ ਹਨ। ਇਸ ਵਾਰ ਚੋਣ ਕਮਿਸ਼ਨ  ਦੇ ਹੁਕਮਾਂ ’ਤੇ ਦੂਰ-ਦੁਰਾਡੇ  ਦੇ ਡੇਰਿਆਂ ਅਤੇ ਮੰਡ ਖੇਤਰਾਂ  ’ਚ ਰਹਿਣ ਵਾਲੇ ਲੋਕਾਂ ਨੂੰ ਵੀ ਆਪਣੇ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ  ਦੇ ਹੁਕਮ ਦਿੱਤੇ ਗਏ ਹਨ, ਤਾਂ ਕਿ ਪੰਚਾਇਤੀ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀਆਂ ਗੈਰ-ਕਾਨੂਨੀ ਗਤੀਵਿਧੀਅਾਂ ਨੂੰ ਰੋਕਿਆ ਜਾ ਸਕੇ।  ‘ਜਗ ਬਾਣੀ’ ਨੇ ਆਪਣੀ ਪਡ਼ਤਾਲ ’ਚ ਪਾਇਆ ਕਿ ਕਪੂਰਥਲਾ ਸਬ-ਡਵੀਜ਼ਨ  ਦੇ ਦਿਹਾਤੀ ਖੇਤਰ ’ਚ ਲਾਇਸੈਂਸੀ ਹਥਿਆਰਾਂ ਦੀ ਗਿਣਤੀ 510,  ਫਗਵਾਡ਼ਾ ਸਬ-ਡਵੀਜ਼ਨ ਦੇ ਦਿਹਾਤੀ ਖੇਤਰਾਂ ’ਚ ਲਾਇਸੈਂਸੀ ਹਥਿਆਰਾਂ ਦੀ ਗਿਣਤੀ 530,  ਸੁਲਤਾਨਪੁਰ ਲੋਧੀ ਸਬ-ਡਵੀਜ਼ਨ ’ਚ ਪੇਂਡੂ ਖੇਤਰਾਂ ਦੇ ਲਾਇਸੈਂਸੀ ਹਥਿਆਰਾਂ ਦੀ ਗਿਣਤੀ ਕਰੀਬ 700 ਅਤੇ ਭੁਲੱਥ ਸਬ-ਡਵੀਜ਼ਨ  ਦੇ ਪੇਂਡੂ ਖੇਤਰਾਂ ’ਚ ਲਾਇਸੈਂਸੀ ਹਥਿਆਰਾਂ ਦੀ ਗਿਣਤੀ ਕਰੀਬ 550 ਹੈ, ਜੋ ਕਿ ਪੂਰੇ ਜ਼ਿਲੇ  ਦੇ ਪੇਂਡੂ ਖੇਤਰਾਂ ’ਚ ਕੁੱਲ ਲਾਇਸੈਂਸੀ ਹਥਿਆਰਾਂ ਦੀ ਗਿਣਤੀ 2290 ਬਣਦੀ ਹੈ।  ਜਿਨ੍ਹਾਂ ’ਚੋਂ ਕਰੀਬ 1900 ਲਾਇਸੈਂਸੀ ਹਥਿਆਰ ਹੁਣ ਤੱਕ ਵੱਖ-ਵੱਖ ਥਾਣਿਆਂ ’ਚ ਜਮ੍ਹਾ ਹੋ ਚੁੱਕੇ ਹਨ, ਜਦ ਕਿ ਜ਼ਿਲੇ ’ਚ ਕਾਫ਼ੀ ਵੱਡੀ ਗਿਣਤੀ ’ਚ ਪੰਚਾਇਤਾਂ  ਦੀ ਚੋਣ ਸਰਬਸੰਮਤੀ ਨਾਲ ਹੋਣ  ਕਾਰਨ ਫਿਲਹਾਲ ਸਬੰਧਤ ਥਾਣਿਆਂ ਦੀ ਪੁਲਸ ਵੱਲੋਂ ਇਨ੍ਹਾਂ ਪਿੰਡਾਂ  ਦੇ ਮੋਹਤਬਰ  ਲੋਕਾਂ ਨਾਲ  ਸੰਪਰਕ ਕਰ ਕੇ ਇਨ੍ਹਾਂ ਨੂੰ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ’ਚ ਛੋਟ ਦਿੱਤੀ ਗਈ ਹੈ,  ਇਨਾਂ ’ਚੋਂ ਕਈ ਪਿੰਡਾਂ ਤੋਂ ਪਹਿਲਾਂ ਤੋਂ ਹੀ ਕਾਫ਼ੀ ਗਿਣਤੀ ’ਚ ਹਥਿਆਰ ਵੱਖ-ਵੱਖ ਥਾਣਿਆਂ ’ਚ ਜਮ੍ਹਾ ਹੋ ਚੁੱਕੇ ਹਨ। ਉਥੇ ਹੀ ਜ਼ਿਲੇ  ਦੇ ਸਾਰੇ ਪਿੰਡਾਂ ਤੋਂ ਜਮ੍ਹਾ ਕਰਵਾਏ ਗਏ ਲਾਇਸੈਂਸੀ ਹਥਿਆਰਾਂ ਦੀ ਗਿਣਤੀ ਨੂੰ ਲੈ ਕੇ ਜ਼ਿਲਾ ਪੁਲਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਲਗਾਤਾਰ ਮੀਟਿੰਗਾਂ ਕਰ ਕੇ ਹਰ ਰੋਜ਼ ਇਨ੍ਹਾਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਤਾਂਕਿ ਲਗਭਗ ਉਨ੍ਹਾਂ ਸਾਰੇ ਲਾਇਸੈਂਸੀ ਹਥਿਆਰਾਂ ਨੂੰ ਪੰਚਾਇਤੀ ਚੋਣਾਂ ਤੋਂ ਪਹਿਲਾਂ ਪਹਿਲਾਂ ਜਮ੍ਹਾ ਕਰਵਾ ਲਿਆ ਜਾਵੇ  । ਇਨ੍ਹਾਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜ਼ਿਲੇ ਦੇ ਸਾਰੇ ਸੰਵੇਦਨਸ਼ੀਲ ਪਿੰਡਾਂ ’ਚ ਇਸ ਪ੍ਰਕਿਰਿਅਾ ’ਤੇ ਖਾਸ ਨਜ਼ਰ  ਰੱਖੀ ਜਾ ਰਹੀ ਹੈ।   
 ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧ ’ਚ ਜਦੋਂ ਐੱਸ. ਐੱਸ. ਪੀ. ਸਤਿੰਦਰ ਸਿੰਘ  ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿਲੇ ’ਚ ਪੰਚਾਇਤੀ ਚੋਣਾਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੰਨ ਕਰਵਾਉਣ  ਦੇ ਮਕਸਦ ਨਾਲ ਜ਼ਿਲਾ ਪੁਲਸ ਨੇ ਸਾਰੇ ਪ੍ਰਬੰਧ ਪੂਰੇ ਕਰ ਲਏ ਹਨ।  ਉਥੇ ਹੀ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
 


Related News