ਜ਼ਿਲੇ ''ਚੋਂ ਹੁਣ ਤਕ 1826 ਪ੍ਰਵਾਸੀ ਆਪਣੇ ਸੂਬਿਆਂ ਲਈ ਰਵਾਨਾ

Thursday, May 21, 2020 - 08:39 PM (IST)

ਜ਼ਿਲੇ ''ਚੋਂ ਹੁਣ ਤਕ 1826 ਪ੍ਰਵਾਸੀ ਆਪਣੇ ਸੂਬਿਆਂ ਲਈ ਰਵਾਨਾ

ਨਵਾਂਸ਼ਹਿਰ, (ਤ੍ਰਿਪਾਠੀ)— ਪੰਜਾਬ ਸਰਕਾਰ ਵਲੋਂ ਦੂਜੇ ਸੂਬਿਆਂ ਦੇ ਪ੍ਰਵਾਸੀਆਂ ਵਲੋਂ ਘਰ ਜਾਣ ਦੀ ਪ੍ਰਗਟਾਈ ਇੱਛਾ ਤਹਿਤ ਉਨ੍ਹਾਂ ਨੂੰ ਘਰ ਭੇਜਣ ਦੀ ਮੁਹਿੰਮ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚੋਂ ਵੀਰਵਾਰ ਤਕ 1826 ਪ੍ਰਵਾਸੀ ਆਪਣੇ ਸੂਬਿਆਂ ਨੂੰ ਰਵਾਨਾ ਹੋ ਚੁੱਕੇ ਹਨ।
ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜ) ਦੀਪਜੋਤ ਕੌਰ ਨੇ ਵੀਰਵਾਰ ਇੱਥੇ ਦੱਸਿਆ ਕਿ ਹੁਣ ਤਕ 429 ਵਿਅਕਤੀ ਜੰਮੂ-ਕਸ਼ਮੀਰ, 536 ਵਿਅਕਤੀ ਉੱਤਰ ਪ੍ਰਦੇਸ਼, 716 ਵਿਅਕਤੀ ਬਿਹਾਰ, 55 ਵਿਅਕਤੀ ਮੱਧ ਪ੍ਰਦੇਸ਼, 51 ਵਿਅਕਤੀ ਪੱਛਮੀ ਬੰਗਾਲ, 5 ਵਿਅਕਤੀ ਮਹਾਂਰਾਸ਼ਟਰ ਅਤੇ 8 ਵਿਅਕਤੀ ਕੇਰਲਾ/ਤਾਮਿਲਨਾਡੂ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੱਸਾਂ ਰਾਹੀਂ ਪਟਿਆਲਾ, ਮੋਹਾਲੀ, ਫ਼ਤਹਿਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨਾਂ ਤਕ ਜਾਣ ਦੀ ਸਹੂਲਤ ਮੁਹੱਈਆਂ ਕਰਵਾਈ ਗਈ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਕੱਲ ਕੁਝ ਵਿਅਕਤੀ ਵਲੋਂ ਗੋਰਖਪੁਰ ਜਾਣ ਦੀ ਕੀਤੀ ਮੰਗ ਦੇ ਮੱਦੇਨਜ਼ਰ ਉਨ੍ਹਾਂ ਨੂੰ ਪਟਿਆਲਾ ਦੇ ਰੇਲਵੇ ਸਟੇਸ਼ਨ 'ਤੇ ਭਲਕੇ ਭੇਜਣ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਜ਼ਿਲ੍ਹੇ 'ਚ ਆਪਣੇ ਰਾਜਾਂ ਨੂੰ ਜਾਣ ਦੇ ਚਾਹਵਾਨ 8 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਪਰ ਹੁਣ ਕੰਮ-ਕਾਰ ਖੁੱਲ੍ਹਣ ਤੋਂ ਬਾਅਦ ਕਈਆਂ ਨੇ ਜਾਣ ਦਾ ਮਨ ਬਦਲ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਉਸ ਵਿਅਕਤੀ ਜੋ ਕਿ ਕਰਫ਼ਿਊ/ਲਾਕਡਾਊਨ ਕਾਰਨ ਜ਼ਿਲ੍ਹੇ 'ਚ ਫਸਿਆ ਹੋਇਆ ਹੈ ਜਾਂ ਬਾਹਰ ਕਿਸੇ ਰਾਜ 'ਚ ਜ਼ਿਲ੍ਹੇ ਦਾ ਕੋਈ ਵਿਅਕਤੀ ਫ਼ਸਿਆ ਹੋਇਆ ਹੈ, ਨੂੰ ਉਸ ਦੀ ਇੱਛਾ ਮੁਤਾਬਿਕ ਉਸ ਦੇ ਰਾਜ ਭੇਜਣ ਜਾਂ ਜ਼ਿਲੇ 'ਚ ਲਿਆਉਣ ਲਈ ਵਚਨਬੱਧ ਹੈ।


author

KamalJeet Singh

Content Editor

Related News