ਗੁਰਦੁਆਰਾ ਸਾਹਿਬ ’ਚੋਂ ਨਕਦੀ ਚੋਰੀ ਕਰਨ ਤੇ ਗ੍ਰੰਥੀ ਨੂੰ ਕਮਰੇ ’ਚ ਬੰਦ ਕਰਨ ’ਤੇ 14 ਨਾਮਜ਼ਦ

06/11/2022 3:23:30 PM

ਕਪੂਰਥਲਾ (ਭੂਸ਼ਣ/ਮਹਾਜਨ)-ਸ਼ਹਿਰ ਦੇ ਇਕ ਗੁਰਦੁਆਰਾ ਸਾਹਿਬ ’ਚ ਵਡ਼ ਕੇ 27650 ਰੁਪਏ ਦੀ ਨਕਦੀ, ਗੁਰਦੁਆਰਾ ਸਾਹਿਬ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਨੂੰ ਚੋਰੀ ਕਰਨ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਕਮਰੇ ’ਚ ਬੰਦ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ 14 ਮੁਲਜ਼ਮਾਂ ਖਿਲਾਫ ਧਾਰਾ 458, 342, 380, 427, 148, 149 ਤੇ 120-ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਫਿਲਹਾਲ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਜਾਣਕਾਰੀ ਅਨੁਸਾਰ ਉੱਜਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਅਮਨ ਨਗਰ ਕਪੂਰਥਲਾ ਨੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਬਾਵਿਆਂ ਸੇਵਾ ਸੋਸਾਇਟੀ ਰਜਿ. ਕਪੂਰਥਲਾ ਦੇ ਪ੍ਰਧਾਨ ਹਨ। 6 ਜੂਨ 2022 ਨੂੰ ਉਹ ਆਪਣੇ ਘਰ ’ਚ ਮੌਜੂਦ ਸੀ। ਇਸ ਦੌਰਾਨ ਰਾਤ ਕਰੀਬ 9 ਵਜੇ ਮੈਨੂੰ ਜਾਗੀਰ ਸਿੰਘ ਸਿੱਧੂ ਪੁੱਤਰ ਸ਼ਰਨ ਸਿੰਘ ਵਾਸੀ ਅਰਬਨ ਅਸਟੇਟ ਦਾ ਫੋਨ ਆਇਆ, ਜਿਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਬਾਵਿਆਂ ਕਪੂਰਥਲਾ ’ਚ ਰਾਤ 8.30 ਵਜੇ 13-14 ਲੋਕ ਜਿਨ੍ਹਾਂ ’ਚ ਮਨਜੀਤ ਬਹਾਦਰ ਸਿੰਘ ਬਾਵਾ ਪੁੱਤਰ ਕ੍ਰਿਸ਼ਨ ਸਿੰਘ, ਦਵਿੰਦਰ ਪਾਲ ਕੌਰ ਪਤਨੀ ਮਨਜੀਤ ਬਹਾਦਰ ਸਿੰਘ ਬਾਵਾ, ਵੀਰ ਕਮਲਜੀਤ ਸਿੰਘ ਬਾਵਾ ਪੁੱਤਰ ਮਨਜੀਤ ਬਹਾਦਰ ਸਿੰਘ ਬਾਵਾ ਵਾਸੀ ਮੁਹੱਲਾ ਸਾਹਿਬਜ਼ਾਦਾ ਫਤਿਹ ਸਿੰਘ ਨਗਰ ਕਪੂਰਥਲਾ ਜੋ ਕਿ ਕਾਰ ’ਚ ਸਵਾਰ ਹੋ ਕੇ ਆਏ ਤੇ ਮਨਮੋਹਨ ਸਿੰਘ ਵਾਲੀਆ ਪੁੱਤਰ ਗੁਰਦਿਆਲ ਸਿੰਘ ਵਾਸੀ ਨਜ਼ਦੀਕ ਸ਼ੇਖੂਪੁਰ ਕਪੂਰਥਲਾ, ਪਰਮਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਮੁਹੱਲਾ ਗੁਰੂ ਨਾਨਕ ਨਗਰ ਕਪੂਰਥਲਾ ਤੇ ਸੁਰਜੀਤ ਸਿੰਘ ਉਰਫ ਵਿੱਕੀ ਪੁੱਤਰ ਸੁਰਿੰਦਰ ਸਿੰਘ ਵਾਸੀ ਸੀਨਪੁਰਾ ਚੌਕ ਥਾਣਾ ਸਿਟੀ ਕਪੂਰਥਲਾ ਆਏ ਹਨ ਤੇ ਲਡ਼ਾਈ-ਝਗਡ਼ਾ ਕਰ ਰਹੇ ਹਨ।

ਉੱਜਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਫੋਨ ਸੁਣ ਕੇ ਕਰੀਬ 9.30 ਵਜੇ ਰਾਤ ਨੂੰ ਗੁਰਦੁਆਰਾ ਸਾਹਿਬ ਪਹੁੰਚਿਆਂ ਤਾਂ ਦੇਖਿਆ ਕਿ ਉਕਤ ਵਿਅਕਤੀ ’ਚੋਂ ਮਨਜੀਤ ਬਹਾਦਰ ਸਿੰਘ ਬਾਵਾ ਦੇ ਹੱਥ ’ਚ ਕਿਰਪਾਨ ਸੀ ਤੇ ਵੀਰ ਕਮਲਜੀਤ ਸਿੰਘ ਦੇ ਹੱਥ ’ਚ ਵੀ ਕਿਰਪਾਨ ਸੀ ਤੇ ਦਵਿੰਦਰਪਾਲ ਕੌਰ ਪਤਨੀ ਮਨਜੀਤ ਬਹਾਦਰ ਸਿੰਘ ਬਾਵਾ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਆ ਕੇ ਗ੍ਰੰਥੀ ਕਰਮਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਕਾਂਜਲੀ ਥਾਣਾ ਕੋਤਵਾਲੀ ਦੇ ਕੋਲੋਂ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਤੇ ਉਸ ਦਾ ਮੋਬਾਇਲ ਲੈ ਲਿਆ। ਗ੍ਰੰਥੀ ਕਰਮਜੀਤ ਸਿੰਘ ਨੂੰ ਉਕਤ ਮੁਲਜ਼ਮਾਂ ਤੇ ਉਨ੍ਹਾਂ ਨਾਲ ਆਏ 7-8 ਵਿਅਕਤੀਆਂ ਨੇ ਕਮਰੇ ’ਚ ਬੰਦ ਕਰ ਦਿੱਤਾ ਤੇ ਗੁਰਦੁਆਰਾ ਸਾਹਿਬ ਦੇ ਦਫਤਰ ’ਚ ਰੱਖੀ 27650 ਰੁਪਏ ਦੀ ਨਕਦੀ ਤੇ ਗੁਰਦੁਆਰਾ ਸਾਹਿਬ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਨੂੰ ਚੋਰੀ ਕਰ ਕੇ ਇਨ੍ਹਾਂ ਦੇ ਨਾਲ ਆਏ ਵਿਅਕਤੀ ਲੈ ਗਏ ਤੇ ਗੁਰਦੁਆਰਾ ਸਾਹਿਬ ਦੇ ਦਫਤਰ ਦਾ ਰਿਕਾਰਡ ਵੀ ਇਨ੍ਹਾਂ ਵਿਅਕਤੀਆਂ ਨੇ ਕਬਜ਼ੇ ’ਚ ਲੈ ਲਿਆ।

ਉਨ੍ਹਾਂ ਕਿਹਾ ਕਿ ਇਹ ਘਟਨਾ ਕਿਸੇ ਵਿਅਕਤੀ ਦੀ ਸ਼ਹਿ ’ਤੇ ਕੀਤੀ ਗਈ ਹੈ, ਜੋ ਅੱਜ ਤੱਕ ਸਾਡੀ ਆਪਸ ’ਚ ਸਮਝੌਤੇ ਦੀ ਗੱਲ ਹੁੰਦੀ ਰਹੀ ਹੈ, ਕਿਸੇ ਕਾਰਨ ਸਮਝੌਤਾ ਸਿਰੇ ਨਹੀਂ ਚਡ਼੍ਹਿਆ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਉੱਜਲ ਸਿੰਘ ਦੀ ਸ਼ਿਕਾਇਤ ’ਤੇ ਮਨਜੀਤ ਬਹਾਦਰ ਸਿੰਘ ਬਾਵਾ, ਦਵਿੰਦਰ ਪਾਲ ਕੌਰ ਪਤਨੀ ਮਨਜੀਤ ਬਹਾਦਰ ਸਿੰਘ ਬਾਵਾ, ਵੀਰ ਕਮਲਜੀਤ ਸਿੰਘ ਬਾਵਾ ਪੁੱਤਰ ਮਨਜੀਤ ਬਹਾਦਰ ਸਿੰਘ ਬਾਵਾ, ਮਨਮੋਹਨ ਸਿੰਘ ਵਾਲੀਆ, ਪਰਮਜੀਤ ਸਿੰਘ, ਸੁਰਜੀਤ ਸਿੰਘ ਤੇ 7-8 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਗੌਰ ਹੋਵੇ ਕਿ ਮਨਜੀਤ ਬਹਾਦਰ ਸਿੰਘ ਬਾਵਾ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਪਾਲ ਸਿੰਘ ਦੇ ਪਿਤਾ, ਜਦਕਿ ਦਵਿੰਦਰਪਾਲ ਕੌਰ ਮਾਤਾ ਤੇ ਵੀਰ ਕਮਲਜੀਤ ਸਿੰਘ ਭਰਾ ਹੈ। ਇਸ ਸਬੰਧ ’ਚ ਜਦੋਂ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮੈਂ ਪਿਛਲੇ ਕਈ ਸਾਲਾਂ ਤੋਂ ਆਪਣੇ ਮਾਤਾ-ਪਿਤਾ ਤੋਂ ਅਲੱਗ ਰਹਿ ਰਿਹਾ ਹਾਂ। ਮੇਰਾ ਇਸ ਮਾਮਲੇ ’ਚ ਕੋਈ ਲੈਣਾ-ਦੇਣਾ ਨਹੀਂ ਹੈ।


Manoj

Content Editor

Related News