6 ਰੋਜ਼ਗਾਰ ਮੇਲਿਆਂ ''ਚ 12,000 ਨੌਜਵਾਨਾਂ ਨੂੰ ਮਿਲਣਗੇ ਰੋਜ਼ਗਾਰ ਦੇ ਮੌਕੇ

09/17/2019 2:00:15 AM

ਜਲੰਧਰ (ਪੁਨੀਤ)-ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਲਾਏ ਜਾ ਰਹੇ 6 ਰੋਜ਼ਗਾਰ ਮੇਲਿਆਂ ਵਿਚ 12000 ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ। 19 ਤੋਂ 30 ਸਤੰਬਰ ਤਕ ਲੱਗਣ ਵਾਲੇ ਇਨ੍ਹਾਂ ਮੇਲਿਆਂ ਵਿਚ ਵੱਡੀਆਂ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਵੱਧ ਤੋਂ ਵੱਧ ਨੌਜਵਾਨਾਂ ਤਕ ਇਹ ਮੌਕਾ ਪਹੁੰਚਾਉਣ ਲਈ ਪ੍ਰਸ਼ਾਸਨ ਵਲੋਂ ਸਿੱਖਿਆ ਵਿਭਾਗ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਮੇਲਿਆਂ ਨੂੰ ਸਫਲ ਬਣਾਉਣ 'ਤੇ ਜ਼ੋਰ ਦਿੱਤਾ ਗਿਆ ਹੈ।

ਡੀ. ਸੀ. ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਵਿਚ 150 ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਡੀ. ਸੀ. ਵਰਿੰਦਰ ਸ਼ਰਮਾ ਨੇ ਦੱਸਿਆ ਕਿ ਪਹਿਲਾ ਜਾਬ ਮੇਲਾ 19 ਸਤੰਬਰ ਨੂੰ ਸੀ. ਟੀ. ਪਾਲੀਟੈਕਨਿਕ ਦੇ ਸ਼ਾਹਪੁਰ ਕੈਂਪਸ 'ਚ ਲੱਗੇਗਾ। 21 ਸਤੰਬਰ ਨੂੰ ਸਰਕਾਰੀ ਆਈ. ਟੀ. ਆਈ. ਮਹਿਤਪੁਰ ਰੋਡ ਨਕੋਦਰ ਵਿਚ, 24 ਸਤੰਬਰ ਨੂੰ ਡੇਵੀਏਟ ਇੰਸਟੀਚਿਊਟ, 26 ਨੂੰ ਡੀ. ਏ. ਵੀ. ਯੂਨੀਵਰਸਿਟੀ, 28 ਸਤੰਬਰ ਨੂੰ ਲਾਇਲਪੁਰ ਖਾਲਸਾ ਕਾਲਜ ਜਦੋਂਕਿ 30 ਸਤੰਬਰ ਨੂੰ ਜ਼ਿਲਾ ਉਦਯੋਗਿਕ ਕੇਂਦਰ ਵਿਚ 6ਵਾਂ ਮੇਲਾ ਲੱਗੇਗਾ।
ਨੌਜਵਾਨਾਂ ਨੂੰ ਪੈਂਫਲੇਟਸ, ਕਾਲਜਾਂ ਵਿਚ ਪੋਸਟਰ ਲਾ ਕੇ ਇਸ ਬਾਰੇ ਜਾਗਰੂਕ ਕੀਤਾ ਜਾਵੇਗਾ। ਡੀ. ਸੀ. ਨੇ ਸਿੱਖਿਆ, ਸਿਹਤ, ਉਦਯੋਗ, ਲੀਡ ਬੈਂਕਾਂ ਨੂੰ ਇਸ ਬਾਰੇ ਵੱਡੇ ਪੱਧਰ 'ਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਕਿਹਾ। ਏ. ਡੀ. ਸੀ. ਕੁਲਵੰਤ ਸਿੰਘ ਨੇ ਕਿਹਾ ਕਿ ਇਨ੍ਹਾਂ ਮੇਲਿਆਂ ਵਿਚ ਅੰਡਰ ਮੈਟ੍ਰਿਕ, ਮੈਟ੍ਰਿਕ, 12ਵੀਂ, ਗਰੈਜੂਏਟ, ਪੋਸਟ ਗ੍ਰੈਜੂਏਟ, ਆਈ. ਟੀ. ਆਈ. ਡਿਪਲੋਮਾ ਹੋਲਡਰਾਂ ਸਣੇ ਹੋਰ ਫੀਲਡ ਦੇ ਮਾਹਿਰ ਹਿੱਸਾ ਲੈ ਸਕਦੇ ਹਨ। ਇਸ ਮੌਕੇ ਡਿਪਟੀ ਡਾਇਰੈਕਟਰ ਸੁਨੀਤਾ ਕਲਿਆਣ, ਜ਼ਿਲਾ ਸਿੱਖਿਆ ਅਧਿਕਾਰੀ ਹਰਿੰਦਰਪਾਲ ਸਿੰਘ, ਮੁੱਖ ਖੇਤੀ ਅਧਿਕਾਰੀ ਡਾ. ਨਾਜਰ ਸਿੰਘ, ਡਾ. ਮਹਿੰਦਰਪਾਲ ਬੰਗੜ ਸਣੇ ਵੱਡੀ ਗਿਣਤੀ ਵਿਚ ਅਧਿਕਾਰੀ ਮੌਜੂਦ ਰਹੇ।


Karan Kumar

Content Editor

Related News