ਪਿਸਤੌਲ ਦੀ ਨੋਕ ’ਤੇ ਦੁਕਾਨਦਾਰ ਤੋਂ 10 ਹਜ਼ਾਰ ਲੁੱਟੇ
Monday, Nov 26, 2018 - 03:10 AM (IST)

ਭੋਗਪੁਰ, (ਸੂਰੀ)- ਸ਼ਨੀਵਾਰ ਰਾਤ ਨੇਡ਼ਲੇ ਪਿੰਡ ਬਿਨਪਾਲਕੇ ’ਚ ਮਿਗਲਾਨੀ ਮੈਡੀਕੋਜ਼ ਦੁਕਾਨ ਤੋਂ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ’ਤੇ 10 ਹਜ਼ਾਰ ਰੁਪਏ ਲੁੱਟਣ ਦੀ ਖਬਰ ਹੈ।
ਭੋਗਪੁਰ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਦੁਕਾਨ ਮਾਲਕ ਰਾਹੁਲ ਮਿਗਲਾਨੀ ਪੁੱਤਰ ਜਗਦੀਸ਼ ਕੁਮਾਰ ਵਾਸੀ ਪਿੰਡ ਚੱਕ ਝੰਡੂ ਨੇ ਦੱਸਿਆ ਹੈ ਕਿ ਸ਼ਨੀਵਾਰ ਦੇਰ ਸ਼ਾਮ ਉਹ ਕਿਸੇ ਕੰਮ ਗਿਆ ਸੀ ਅਤੇ ਉਸ ਦੇ ਪਿਤਾ ਜਗਦੀਸ਼ ਕੁਮਾਰ ਦੁਕਾਨ ’ਤੇ ਬੈਠੇ ਸਨ। ਰਾਤ 8.30 ਵਜੇ ਦੇ ਕਰੀਬ 2 ਨੌਜਵਾਨ ਆਏ, ਜਿਨ੍ਹਾਂ ਨੇ ਸਿਰ ’ਤੇ ਟੋਪੀਆਂ ਲਈਆਂ ਹੋਈਆਂ ਸਨ ਅਤੇ ਮੂੰਹ ਕੱਪਡ਼ੇ ਨਾਲ ਢਕੇ ਹੋਏ ਸਨ, ਮੈਡੀਕਲ ਸਟੋਰ ’ਚ ਆਏ ਅਤੇ ਜ਼ੁਕਾਮ ਦੀ ਦਵਾਈ ਮੰਗੀ। ਜਿਵੇਂ ਹੀ ਜਗਦੀਸ਼ ਕੁਮਾਰ ਉਨ੍ਹਾਂ ਨੂੰ ਦਵਾਈ ਦੇਣ ਲੱਗਾ ਤਾਂ ਇਕ ਨੌਜਵਾਨ ਨੇ ਜਗਦੀਸ਼ ਉੱਤੇ ਪਿਸਤੌਲ ਤਾਣ ਲਿਆ ਅਤੇ ਨਗਦੀ ਦੀ ਮੰਗ ਕੀਤੀ। ਜਗਦੀਸ਼ ਨੇ ਦੱਸਿਆ ਕਿ ਨਗਦੀ ਵਾਲਾ ਥੈਲਾ ਬਾਹਰ ਖੜ੍ਹੇ ਸਕੂਟਰ ’ਤੇ ਪਿਆ ਹੈ। ਲੁਟੇਰੇ ਬਾਹਰ ਨਿਕਲੇ ਅਤੇ ਥੈਲਾ ਚੁੱਕ ਕੇ ਫਰਾਰ ਹੋ ਗਏ। ਜਗਦੀਸ਼ ਕੁਮਾਰ ਨੇ ਵਾਰਦਾਤ ਸਬੰਧੀ ਅਾਪਣੇ ਪੁੱਤਰ ਨੂੰ ਦੱਸਿਆ। ਜਦੋਂ ਉਨ੍ਹਾਂ ਸਵੇਰੇ ਦੁਕਾਨ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਸਾਰੀ ਵਾਰਦਾਤ ਕੈਮਰੇ ਵਿਚ ਕੈਦ ਸੀ।
ਲੁਟੇਰਿਆਂ ਦੀ ਗਿਣਤੀ 6 ਦੇ ਕਰੀਬ ਸੀ ਅਤੇ ਤਿੰਨ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਸਨ। ਰਾਹੁਲ ਮਿਗਲਾਨੀ ਵੱਲੋਂ ਵਾਰਦਾਤ ਦੀ ਸ਼ਿਕਾਇਤ ਥਾਣਾ ਭੋਗਪੁਰ ਵਿਚ ਦਿੱਤੀ ਗਈ ਹੈ। ਮਾਮਲੇ ਦੇ ਜਾਂਚ ਅਧਿਕਾਰੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਰਾਤ ਇਸ ਸਡ਼ਕ ’ਤੇ ਹੀ ਗਸ਼ਤ ਕਰ ਰਹੇ ਸਨ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।