ਘਰਵਾਲੀ ਨੇ ਸਹੇਜੀਆਂ ਗੀਤਾਂ ਵਿੱਚ ਚਿੜੀਆਂ ਘਰਵਾਲੇ ਨੇ ਸੰਭਾਲੀਆਂ ਰੁੱਖਾਂ 'ਤੇ ਚਿੜੀਆਂ

06/05/2020 10:46:24 AM

ਗੀਤਾਂ ’ਚੋਂ ਲੱਭਦੀ ਜ਼ਿੰਦਗੀ ਦੀ ਤਰਾਸ਼ ਵੀਰਪਾਲ ਕੌਰ ਅਤੇ ਪੰਛੀ ਬੂਟੇ ਆਲ੍ਹਣਿਆਂ ਸੰਗ ਜ਼ਿੰਦਗੀ ਨੂੰ ਜ਼ਿੰਦਗੀ ਬਣਾਉਣ ਦਾ ਉੱਦਮ ਕਰਦਾ ਸੰਦੀਪ ਸਿੰਘ ਧੌਲਾ 

ਹਰਪ੍ਰੀਤ ਸਿੰਘ ਕਾਹਲੋਂ 

ਵਣ-ਸਣ ਪੀਲਾਂ ਪੱਕੀਆਂ ਨੀਂ ਮੇਰੀ ਰਾਣੀਏ ਮਾਏ, 
ਕੋਈ ਹੋਈਆਂ ਲਾਲੋ ਲਾਲ ਨੀ ਪਲੀਏ !

ਪੰਜਾਬੀ ਲੋਕਧਾਰਾ ਦੇ ਇਹ ਲੋਕ ਗੀਤ ਮਾਵਾਂ ਧੀਆਂ ਦੀਆਂ ਗੱਲਾਂ ਬਾਤਾਂ ਹਨ। ਪੰਜਾਬੀ ਜ਼ਿੰਦਗੀ ਵਿਚ ਜਨਮ ਤੋਂ ਲੈ ਕੇ ਮੌਤ ਤੱਕ ਦੇ ਗੀਤ ਹਨ। ਇਨ੍ਹਾਂ ਗੀਤਾਂ ਨੂੰ ਸੁਰਾਂ ਵਿਚ ਗਾਉਂਦੇ ਹੋਏ ਅਸੀਂ ਜ਼ਿੰਦਗੀ ਨੂੰ ਕੁਦਰਤ ਦੇ ਨਾਲ ਇਕ ਮਿੱਕ ਕਰਦੇ ਹਾਂ। ਸਾਡੀਆਂ ਮਾਵਾਂ-ਭੈਣਾਂ ਚਾਦਰਾਂ ’ਤੇ ਚਿੜੀਆਂ, ਫੁੱਲ-ਬੂਟੇ, ਪੰਛੀ ਜਨੌਰ ਦੀਆਂ ਕਢਾਈਆਂ ਕੱਢਦੀਆਂ ਆਪਣੇ ਪਹਿਰਾਵੇ ਅਤੇ ਘਰ ਦਾ ਸਮਾਨ ਤਿਆਰ ਕਰਦੀਆਂ ਰਹਿੰਦੀਆਂ ਸਨ। ਹੁਣ ਸਾਡੇ ਗੀਤਾਂ ਵਿੱਚ ਚਿੜੀਆਂ ਨਹੀਂ, ਸਾਡੀਆਂ ਚਾਦਰਾਂ ’ਤੇ ਉਕਰੇ ਪੰਛੀ ਨਹੀਂ ਤਾਂ ਸਾਡੀ ਜ਼ਿੰਦਗੀ ਵਿਚ ਕੁਦਰਤ ਦੇ ਮਾਇਨੇ ਹੀ ਨਹੀਂ। ਕੁਦਰਤ ਦੀ ਅਹਿਮੀਅਤ ਤਾਂ ਅਸੀਂ ਸੱਭਿਆਚਾਰ ਦੀਆਂ ਅਜਿਹੀਆਂ ਗੱਲਾਂ ਬਾਤਾਂ ਵਿਚੋਂ ਸਹਿਜੇ ਹੀ ਸਿੱਖਦੇ ਸਾਂ। ਇਨ੍ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਬੰਦ ਹੋਣ ਦੇ ਨਾਲ ਅਸੀਂ ਕੁਦਰਤ ਤੋਂ ਵੀ ਟੁੱਟ ਗਏ।

ਵੋ ਵੋ ਕਿ ਚਾਦਰ ਚਿੜੀਆਂ ਦੀ,
ਜਿੰਦ ਨੀ ਰੌਣਕ ਕੁੜੀਆਂ ਦੀ ! 

ਪੰਜਾਬ ਦੇ ਫ਼ਲਸਫ਼ਿਆਂ ਵਿੱਚ ਗੁਰੂਆਂ ਦੀ ਛੋਹ ਨਾਲ ਪ੍ਰਣਾਈ ਗੁਰਬਾਣੀ ਵੀ ਵਾਰ-ਵਾਰ ਕੁਦਰਤ ਅਤੇ ਸੱਭਿਆਚਾਰ ਦੀ ਗੱਲ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 434 ਵਿੱਚ ਕੁਦਰਤ ਦੇ ਅਜਿਹੇ ਹੀ ਦਰਸ਼ਨ ਮਿਲਣਗੇ।

ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥
ਕੁਦਰਤਿ ਖਾਣਾ ਪੀਣਾ ਪੈਨਣੁ ਕੁਦਰਤਿ ਸਰਬ ਪਿਆਰੁ ॥

ਲੋਕ ਗੀਤਾਂ ਵਿੱਚ ਕੁਦਰਤ ਨੂੰ ਲੱਭਦੀ ਵੀਰਪਾਲ ਕੌਰ

2020 ਦੇ ਆਲਮੀ ਵਾਤਾਵਰਨ ਦਿਹਾੜੇ ਦਾ ਨਾਅਰਾ ਹੈ ਕਿ ਵੰਨ-ਸੁਵੰਨਤਾ ਦਾ ਜਸ਼ਨ ਮਨਾਓ। ਪੰਜਾਬੀ ਜ਼ਿੰਦਗੀ ਵਿਚ ਸੱਭਿਆਚਾਰ ਇਸੇ ਕੁਦਰਤ ਨਾਲ ਹੀ ਤਾਂ ਪ੍ਰਣਾਇਆ ਹੈ ! 

ਇੱਕ ਪਰਿਵਰ ਦੇ ਜੀਆਂ ਦੇ ਰੂਪ ਵਿੱਚ ਵੀਰਪਾਲ ਕੌਰ ਅਤੇ ਸੰਦੀਪ ਸਿੰਘ ਧੌਲਾ ਦੀ ਕਹਾਣੀ ਇਸੇ ਵੰਨ-ਸੁਵੰਨਤਾ ਦਾ ਬਿਆਨ ਹੈ।

ਵੀਰਪਾਲ ਕੌਰ ਬਜ਼ੁਰਗਾਂ ਤੋਂ ਲੋਕ ਗੀਤਾਂ ਨੂੰ ਇਕੱਠੇ ਕਰਦਿਆਂ ਸਿਖਦਿਆਂ ਸਿਖਾਉਂਦਿਆਂ ਇਸੇ ਸਿਲਸਿਲੇ ਨੂੰ ਸਮਝਾਉਂਦੀ ਹੈ। ਵੀਰਪਾਲ ਕੌਰ ਕਹਿੰਦੇ ਨੇ ਕਿ ਪਹਿਲਾਂ ਸਾਡੇ ਸੱਭਿਆਚਾਰ ਵਿੱਚ ਕੁਦਰਤ ਦੀਆਂ ਨਿੱਕੀਆਂ-ਨਿੱਕੀਆਂ ਛੋਹਾਂ ਮੌਜੂਦ ਸਨ। ਹੁਣ ਸਾਨੂੰ ਇਹ ਵੀ ਅਹਿਸਾਸ ਨਹੀਂ ਰਿਹਾ ਅਸੀਂ ਵੀ ਕੁਦਰਤ ਹਾਂ। ਇਸ ਅਹਿਸਾਸ ਦੇ ਟੁੱਟਣ ਦਾ ਨਤੀਜਾ ਇਹ ਹੈ ਕਿ ਇਸ ਸਮੇਂ ਪ੍ਰਦੂਸ਼ਣ, ਗੰਧਲੇ ਪਾਣੀ, ਪਲੀਤ ਆਬੋ-ਹਵਾ ਅਤੇ ਮਾੜੀਆਂ ਖੁਰਾਕਾਂ ਹਨ। ਇਨ੍ਹਾਂ ਸਦਕੇ ਅਸੀਂ ਆਪਣੀ ਕੁਦਰਤੀ ਜ਼ਿੰਦਗੀ ਸਰੀਰਕ ਅਤੇ ਮਾਨਸਿਕ ਰੂਪ ਵਿਚ ਬੀਮਾਰ ਕਰ ਬੈਠੇ ਹਾਂ। ਅਸੀਂ ਖ਼ਵਾਜੇ ਦਾ ਮੱਥਾ ਟੇਕਦੇ ਸਾਂ। ਸਾਡੇ ਬਾਬੇ ਫਸਲਾਂ ਨਾਲ ਗੱਲਾਂ ਕਰਦੇ ਹੁੰਦੇ ਸੀ। ਸਾਡੇ ਅਖਾਣ ਸੀ ਕਿ ਖੇਤ ਅਤੇ ਕਿਸਾਨ ਦਾ ਰਿਸ਼ਤਾ ਮਾਂ-ਪੁੱਤ ਦਾ ਰਿਸ਼ਤਾ ਹੈ। ਸਾਡੇ ਗੀਤਾਂ ਵਿੱਚ ਕੁਦਰਤ ਬੋਲਦੀ ਸੀ ਅਤੇ ਸਾਡੇ ਸਭਿਆਚਾਰ ਵਿਚ ਬੰਦੇ ਵੀ ਕੁਦਰਤੀ ਸਨ। ਹੁਣ ਸਾਡੇ ਗੀਤਾਂ ਵਿੱਚ ਨਸ਼ੇ ਬੋਲਦੇ ਹਨ ਅਤੇ ਅਸੀਂ ਵੀ ਨਸ਼ੇੜੀ ਹੋ ਗਏ ਹਾਂ। 

ਵੀਰਪਾਲ ਕੌਰ ਇਹੋ ਕਹਿੰਦੇ ਹਨ ਕੁਦਰਤ ਨੂੰ ਸਮਝਣ ਲਈ ਸੱਭਿਆਚਾਰ ਵਿੱਚ ਕੁਦਰਤ ਨਾਲ ਪਿਆਰ ਵਧਾਉਂਦੇ ਕਾਰਜ ਮੁੜ ਤੋਂ ਕਰਨੇ ਪੈਣਗੇ। ਵੰਨ-ਸੁਵੰਨਤਾ ਦਾ ਜਸ਼ਨ ਅਸੀਂ ਤਾਂ ਹੀ ਮਨਾ ਸਕਦੇ ਹਾਂ ਜੇ ਸਾਡਾ ਕੁਦਰਤ ਨਾਲ ਪਿਆਰ ਜਾਗੇ।

ਪੰਛੀਆਂ ਦੀ ਮਜਲਿਸ ਦਾ ਮਿੱਤਰ ਸੰਦੀਪ ਸਿੰਘ ਧੌਲਾ
ਸੰਦੀਪ ਸਿੰਘ ਦੱਸਦੇ ਨੇ ਕਿ ਉਨ੍ਹਾਂ ਦੇ ਨਾਨਕੇ ਪਿੰਡ ਵਿਰਕ ਕਲਾਂ ਬਠਿੰਡਾ ਵੇਖੋ ਮੋਰਾਂ ਦਾ ਵੱਡਾ ਇਕੱਠ ਉਹ ਨਿੱਕੇ ਹੁੰਦਿਆਂ ਤੋਂ ਵੇਖਦੇ ਆਏ ਹਨ। ਉਨ੍ਹਾਂ ਦੇ ਪੜਨਾਨਾ ਹੱਥਾਂ ਵਿੱਚ ਆਟੇ ਦੀਆਂ ਗੋਲੀਆਂ ਲੈ ਕੇ ਮੋਰਾਂ ਨੂੰ ਖਵਾਉਂਦੇ ਸਨ। ਨਿੰਬੂਆਂ ਦਾ ਬਾਗ ਅਤੇ ਆਲੇ ਦੁਆਲੇ ਦਰੱਖ਼ਤ ਹੀ ਦਰੱਖ਼ਤ, ਪੰਛੀਆਂ ਨਾਲ ਦੋਸਤੀ ਪੈਣ ਦੀ ਇਹ ਪਹਿਲੀ ਘਟਨਾ ਸੀ। 

ਸੰਦੀਪ ਸਿੰਘ 2008 ਤੋਂ ਪੰਜਾਬ ਦੇ ਰਵਾਇਤੀ ਰੁੱਖਾਂ ਨੂੰ ਲਾਉਂਦੇ ਆ ਰਹੇ ਹਨ। ਇਸ ਤੋਂ ਇਲਾਵਾ ਸੰਦੀਪ ਸਿੰਘ ਅਤੇ ਉਨ੍ਹਾਂ ਦੀ ਖੇਤੀ ਪ੍ਰੇਮੀ ਸੁਸਾਇਟੀ ਬਰਨਾਲਾ 20000 ਤੋਂ ਵੱਧ ਆਲ੍ਹਣੇ ਅਤੇ ਪੰਛੀਆਂ ਦੇ ਪਾਣੀ ਪੀਣ ਲਈ ਕੁੱਜੇ ਬਣਾ ਚੁੱਕੇ ਹਨ। 

ਪੰਜਾਬ ਦੇ ਰਵਾਇਤੀ ਰੁੱਖਾਂ ਨੂੰ ਲਾਉਂਣ ਪਿੱਛੇ ਸੰਦੀਪ ਸਿੰਘ ਦੱਸਦੇ ਨੇ ਕਿ ਸਾਨੂੰ ਇਹ ਸਮਝਣ ਦੀ ਲੋੜ ਹੈ ਕਿਸੇ ਵੀ ਧਰਾਤਲ ਦੇ ਮੌਸਮ ਦੇ ਹਿਸਾਬ ਨਾਲ ਹੀ ਸਾਨੂੰ ਦਰੱਖਤ ਲਾਉਣੇ ਚਾਹੀਦੇ ਹਨ। ਕਿਸੇ ਵੀ ਧਰਤੀ ਦੇ ਮੌਸਮ ਨੇ ਆਪਣੇ ਹਿਸਾਬ ਨਾਲ ਹੁਣ ਬੂਟੀਆਂ ਦੀ ਚੋਣ ਕਰਨੀ ਹੁੰਦੀ ਹੈ। ਅਸੀਂ ਹੁਣ ਤੱਕ 30,000 ਦੇ ਲੱਗਭੱਗ ਰੁੱਖ ਲਾ ਚੁੱਕੇ ਹਾਂ। 

ਸਾਡੇ ਲਾਏ ਰੁੱਖਾਂ ਵਿੱਚੋਂ ਰਹੂੜਾ, ਵਣ, ਰੇਰੂ, ਫਲਾਹੀ, ਜੰਡ, ਮਰੋੜ ਫਲੀ, ਜੰਗਲ ਜਲੇਬੀ, ਬੇਰੀ, ਟਾਹਲੀ, ਮਊਆ, ਇਮਲੀ ਦੇ ਬੂਟੇ ਖਾਸ ਹਨ। 'ਰਹੂੜਾ' ਰੁੱਖ ਦੇ ਚਰਖੇ ਅਤੇ ਤੂੰਬੀਆਂ ਬਣਦੀਆਂ ਸਨ। ਪੰਜਾਬ ਦਾ ਰਵਾਇਤੀ ਰੁੱਖ 'ਵਣ' ਦਾਤਣ ਲਈ ਮਸ਼ਹੂਰ ਹੈ ਅਤੇ ਕਈ ਥਾਵਾਂ ਤੇ ਇਹਦੀ ਉਮਰ ਸੈਂਕੜੇ ਸਾਲਾਂ ਦੀ ਹੁੰਦੀ ਹੈ। 'ਫਲਾਹੀ' ਦਾ ਰੁੱਖ ਕੰਡਿਆਲਾ ਹੋਣ ਕਰਕੇ ਸਾਡੇ ਘਰਾਂ ਦੀ ਕੁਦਰਤੀ ਚਾਰਦਵਾਰੀ ਹੁੰਦੀ ਸੀ। ਪੰਜਾਬ ਦਾ ਜੰਡ ਪੀਠਕੇ ਰੋਟੀਆਂ ਵੀ ਬਣਾਈਆਂ ਜਾਂਦੀਆਂ ਸਨ। ਜਦੋਂ ਅਕਾਲ ਪੈ ਜਾਂਦਾ ਸੀ ਉਦੋਂ ਜੰਡ ਦਾ ਰੁੱਖ ਬਹੁਤ ਕੰਮ ਆਉਂਦਾ ਸੀ। ਇੰਝ ਸਾਰੇ ਰੁੱਖਾਂ ਦੀ ਕੋਈ ਨਾ ਕੋਈ ਖੂਬੀ ਹੈ। ਇਹ ਕੁਦਰਤੀ ਤੌਰ ’ਤੇ ਪੰਜਾਬ ਦੇ ਪੰਛੀਆਂ ਦਾ ਰੈਣ-ਬਸੇਰਾ ਹਨ ਅਤੇ ਉਨ੍ਹਾਂ ਦੀ ਖੁਰਾਕ ਦਾ ਹਿੱਸਾ ਹਨ

ਘਰਾਂ ਨੂੰ ਮੁੜਦੇ ਪੰਛੀ
ਸੰਦੀਪ ਸਿੰਘ ਮੁਤਾਬਕ ਇਸ ਤਰ੍ਹਾਂ ਦਾ ਆਲਾ-ਦੁਆਲਾ ਪਿਆਰ ਕਰਨ ਦਾ ਨਤੀਜਾ ਇਹ ਹੋਇਆ ਕਿ ਸਾਡੇ ਨੇੜਲੇ ਇਲਾਕਿਆਂ ਵਿੱਚ ਘਰੇਲੂ ਚਿੜੀ ਆਮ ਵੇਖੀ ਜਾਂਦੀ ਹੈ। ਇਹ ਚਿੜੀ ਉਹ ਹੈ ਜਿਹਦੇ ਬਾਰੇ ਮਾਹਰਾਂ ਨੇ 2010 ਵਿੱਚ ਖਤਰੇ ਦਾ ਘੁੱਗੂ ਵਜਾਇਆ ਸੀ। ਇਸ ਤੋਂ ਬਾਅਦ ਅਸੀਂ ਆਲਮੀ ਚਿੜੀ ਦਿਹਾੜਾ ਮਨਾਉਣਾ ਸ਼ੁਰੂ ਕਰ ਦਿੱਤਾ। 

ਸਾਡੇ ਇਲਾਕੇ ਵਿਚ ਪੰਛੀ 'ਚੁਗ਼ਲ' ਅਤੇ 'ਉੱਲੂ' ਆਮ ਵੇਖੇ ਜਾਂਦੇ ਹਨ। ਇਹ ਦੋਵੇਂ ਇੱਕੋ ਹੀ ਪ੍ਰਜਾਤੀਆਂ ਦੇ ਪੰਛੀ ਹਨ। ਸੰਦੀਪ ਸਿੰਘ ਕਹਿੰਦੇ ਹਨ ਕਿ ਇਹ ਸਮਝਣ ਦੀ ਲੋੜ ਹੈ ਕਿ ਕੁਝ ਪੰਛੀਆਂ ਦਾ ਰੈਣ-ਬਸੇਰਾ ਤਾਂ ਇਹ ਦਰੱਖਤ ਹੁੰਦੇ ਸਨ। ਇਸ ਤੋਂ ਇਲਾਵਾ ਕੁਝ ਪੰਛੀ ਟਿੱਬਿਆਂ ਵਿੱਚ ਰਹਿੰਦੇ ਸਨ। ਕੁਝ ਪੰਛੀ ਘਰਾਂ ਦੀਆਂ ਡਿਓੜੀਆਂ ਗਾਡਰਾਂ ਅਤੇ ਆਲਿਆਂ ਵਿਚ ਆਪਣਾ ਠਿਕਾਣਾ ਬਣਾਉਂਦੇ ਸਨ। ਅਸੀਂ ਟਿੱਬਿਆਂ ਨੂੰ ਉਜਾੜ ਕੇ ਜ਼ਮੀਨਾਂ ਨੂੰ ਪੱਧਰਾ ਕਰ ਦਿੱਤਾ। ਅਸੀਂ ਆਪਣੇ ਘਰਾਂ ਦੀ ਬਣਤਰ ਨਵੇਂ ਢੰਗ ਨਾਲ ਉਸਾਰ ਲਈ। ਇਸ ਦਾ ਨਤੀਜਾ ਇਹ ਹੋਇਆ ਕਿ ਕੁਝ ਪੰਛੀਆਂ ਦੇ ਰਹਿਣ ਬਸੇਰੇ ਉਜੜ ਗਏ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਆਲ੍ਹਣੇ ਬਣਾਉਣੇ ਸ਼ੁਰੂ ਕੀਤੇ। ਜਿਹੜਾ ਪੰਛੀ ਆਲ੍ਹਣਾ ਬਣਾਉਣਾ ਜਾਣਦਾ ਹੈ ਉਸ ਨੂੰ ਇਸ ਦੀ ਲੋੜ ਨਹੀਂ ਹੁੰਦੀ ਪਰ ਦੂਜਿਆਂ ਦੇ ਬਣਾਏ ਠਿਕਾਣਿਆਂ ਤੇ ਆਪਣਾ ਰੈਣ ਬਸੇਰਾ ਬਣਾਉਣ ਵਾਲੇ ਪੰਛੀਆਂ ਲਈ ਸਾਨੂੰ ਅਜੇਹੇ ਆਲ੍ਹਣੇ ਬਣਾਉਣੇ ਪੈਣਗੇ।

ਜੋ ਸਮਝਣਾ ਜ਼ਰੂਰੀ ਹੈ ! 
ਕੁਦਰਤ ਦੀ ਵੰਨ-ਸਵੰਨਤਾ ਜਿਵੇਂ ਕਿ ਇਸ ਸਾਲ ਦਾ ਆਲਮੀ ਵਾਤਾਵਰਣ ਦਿਹਾੜਾ ਕਹਿ ਰਿਹਾ ਹੈ। ਸੰਦੀਪ ਸਿੰਘ ਧੌਲਾ ਮੁਤਾਬਕ ਇਹ ਸਾਰਾ ਸਿਲਸਿਲਾ ਇਕ ਦੂਜੇ ਨਾਲ ਜੁੜਿਆ ਹੋਇਆ ਹੈ। ਇਸ ਲਈ ਸਾਨੂੰ ਖੇਤਾਂ ਵਿੱਚ ਜ਼ਹਿਰਾਂ ਦਾ ਛਿੜਕਾਅ ਬੰਦ ਕਰਨਾ ਪਵੇਗਾ। ਆਪਣੀ ਪਾਣੀਆਂ ਨੂੰ ਪਲੀਤ ਹੋਣ ਤੋਂ ਬਚਾਉਣਾ ਪਵੇਗਾ। ਦਿਨ ਰਾਤ ਅੱਗੇ ਵਧਣ ਦੀ ਲਾਲਸਾ ਭਰੀ ਦੌੜ ਨੂੰ ਠੱਲ੍ਹਣਾ ਪਵੇਗਾ। ਅਸੀਂ ਭਲੇ ਵੇਲਿਆਂ ਵਿੱਚ ਆਪਣੇ ਖੇਤਾਂ ਦਾ ਕੁਝ ਹਿੱਸਾ ਪੰਛੀਆਂ ਲਈ ਛੱਡ ਦਿੰਦੇ ਸਾਂ। ਹੁਣ ਅਸੀਂ ਇਕ ਫ਼ਸਲ ਵੱਢਣ ਤੋਂ ਬਾਅਦ ਤੁਰੰਤ ਦੂਜੀ ਫਸਲ ਬੀਜਣ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਾਂ। ਸਾਡੇ ਖੇਤਾਂ ਵਿੱਚ ਪੰਛੀਆਂ ਦਾ ਅਜਿਹਾ ਕੋਈ ਠਿਕਾਣਾ ਰਾਖਵਾਂ ਨਹੀਂ ਹੈ। ਸਾਨੂੰ ਆਪਣੀ ਮਿੱਟੀ ਦੇ ਮੁਤਾਬਕ ਆਪਣੀ ਰਵਾਇਤੀ ਰੁੱਖਾਂ ਅਤੇ ਆਪਣੀ ਰਵਾਇਤੀ ਮਾਹੌਲ ਨੂੰ ਸਮਝਣਾ ਪਵੇਗਾ।


rajwinder kaur

Content Editor

Related News