ਮੁੜ ਐੱਨ. ਡੀ. ਏ. ’ਚ ਸ਼ਾਮਲ ਹੋ ਸਕਦਾ ਹੈ ਅਕਾਲੀ ਦਲ ! ਦ੍ਰੌਪਦੀ ਮੁਰਮੂ ਦੇ ਸਮਰਥਨ ਨਾਲ ਛਿੜੀ ਨਵੀਂ ਚਰਚਾ

Friday, Jul 08, 2022 - 03:38 PM (IST)

ਮੁੜ ਐੱਨ. ਡੀ. ਏ. ’ਚ ਸ਼ਾਮਲ ਹੋ ਸਕਦਾ ਹੈ ਅਕਾਲੀ ਦਲ ! ਦ੍ਰੌਪਦੀ ਮੁਰਮੂ ਦੇ ਸਮਰਥਨ ਨਾਲ ਛਿੜੀ ਨਵੀਂ ਚਰਚਾ

ਪਿਛਲੇ ਸਾਲ 3 ਖੇਤੀਬਾੜੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਦੇ ਮਸਲੇ ’ਤੇ ਕੇਂਦਰ ਸਰਕਾਰ ਅਤੇ ਐੱਨ. ਡੀ. ਏ. ਨਾਲ ਰਿਸ਼ਤਾ ਤੋੜਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ’ਚ ਐੱਨ. ਡੀ. ਏ. ਦੀ ਉਮੀਦਵਾਰ ਦ੍ਰੌਪਦੀ ਮੁਰਮੂ ਨੂੰ ਜਿਸ ਅੰਦਾਜ਼ ’ਚ ਸਮਰਥਨ ਦਾ ਐਲਾਨ ਕੀਤਾ ਹੈ, ਉਸ ਨਾਲ ਨਵੀਂ ਚਰਚਾ ਛਿੜ ਗਈ ਹੈ। ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਐੱਨ. ਡੀ. ਏ. ’ਚ ਮੁੜ ਵਾਪਸੀ ਹੋ ਸਕਦੀ ਹੈ। ਇਸ ਦੀ ਤਿਆਰੀ ਸ਼ੁਰੂ ਹੋ ਗਈ ਹੈ। ਅਕਾਲੀ ਦਲ ਦਾ ਵਿਰੋਧ ਸਿਰਫ਼ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸੀ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਪਸ ਲੈ ਚੁੱਕੇ ਹਨ। ਲਿਹਾਜ਼ਾ, ਹੁਣ ਦੁਬਾਰਾ ਅਕਾਲੀ ਦਲ ਐੱਨ. ਡੀ. ਏ. ਦਾ ਹਿੱਸਾ ਹੋ ਸਕਦਾ ਹੈ। ਅਕਾਲੀ ਦਲ ਗਠਜੋੜ ਦੇ ਸ਼ੁਰੂਆਤ ਦਾ ਸਹਿਯੋਗੀ ਰਿਹਾ ਹੈ। 1998 ’ਚ ਜਦੋਂ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਨੇ ਐੱਨ. ਡੀ. ਏ. ਬਣਾਉਣ ਦਾ ਫ਼ੈਸਲਾ ਕੀਤਾ ਸੀ ਉਸ ਸਮੇਂ ਜਾਰਜ ਫਰਨਾਂਡੀਜ਼ ਦੀ ਸਮਤਾ ਪਾਰਟੀ, ਜੈਲਲਿਤਾ ਦੀ ਅੰਨਾਦ੍ਰਮੁਕ, ਬਾਲਾ ਸਾਹਿਬ ਦੀ ਸ਼ਿਵਸੈਨਾ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਨੇ ਇਸ ਨੂੰ ਸਭ ਤੋਂ ਪਹਿਲਾਂ ਜੁਆਇਨ ਕੀਤਾ ਸੀ।

ਆਜ਼ਾਦੀ ਦੇ ਬਾਅਦ ਤੋਂ ਹੀ ਰਲਗਡ ਸਿਆਸਤ ’ਤੇ ਝਾਤੀ ਮਾਰੀਏ ਤਾਂ ਸਾਫ਼ ਹੋ ਜਾਂਦਾ ਹੈ ਕਿ ਸਮਾਂ ਆਉਣ ’ਤੇ ਕੋਈ ਵੀ ਕਿਸੇ ਨੂੰ ਧੋਖਾ ਦੇ ਸਕਦਾ ਹੈ ਅਤੇ ਕੋਈ ਵੀ ਕਿਸੇ ਤੋਂ ਬੇਮੁੱਖ ਹੋਣ ਦਾ ਐਲਾਨ ਵੀ ਕਰ ਸਕਦਾ ਹੈ। ਅਜਿਹੇ ’ਚ ਭਾਜਪਾ ਇਹ ਮੰਨ ਕੇ ਚੱਲ ਰਹੀ ਹੈ ਕਿ ਜਿਸ ਤਰ੍ਹਾਂ ਪੂਰਬ-ਉੱਤਰ ਦੇ ਸੂਬਿਆਂ ’ਚ ਛੋਟੀਆਂ-ਛੋਟੀਆਂ ਪਾਰਟੀਆਂ ਦੇ ਨਾਲ ਗਠਜੋੜ ਕਰ ਕੇ ਉਸ ਨੇ ਉੱਤਰ-ਪੂਰਬ ਸੂਬਿਆਂ ’ਚ ਆਪਣੀ ਸਿਆਸਤ ਨੂੰ ਮਜ਼ਬੂਤ ਕੀਤਾ ਹੈ, ਠੀਕ ਉਸੇ ਤਰ੍ਹਾਂ ਐੱਨ. ਡੀ. ਏ. ਦਾ ਵਿਸਤਾਰ ਕਰਕੇ ਅਗਲੀਆਂ ਚੋਣਾਂ ’ਚ ਵਿਰੋਧੀ ਧਿਰ ਨੂੰ ਕਮਜ਼ੋਰ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਭਾਜਪਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਆਪਣੇ ਪੱਖ ’ਚ ਫੁੱਲ ਪਰੂਫ ਕਰਨ ਲਈ ਦੇਸ਼ ਦੀਆਂ ਦਰਜਨ ਤੋਂ ਵੱਧ ਪਾਰਟੀਆਂ ਨੂੰ ਐੱਨ. ਡੀ. ਏ. ’ਚ ਲਿਆਉਣ ਲਈ ਤਿਆਰ ਹੈ। ਭਾਜਪਾ ਦੀ ਇਹ ਤਿਆਰੀ ਕਿੰਨੀ ਸਫ਼ਲ ਹੁੰਦੀ ਹੈ, ਇਸ ਨੂੰ ਦੇਖਣਾ ਹੋਵੇਗਾ ਕਿਉਂਕਿ ਅੱਜ ਬੇਸ਼ੱਕ ਹੀ ਵਿਰੋਧੀ ਧਿਰ ਖਿੱਲਰੀ ਹੋਈ ਹੈ ਪਰ ਜੇਕਰ ਉਸ ਦੀ ਏਕਤਾ ਦੀ ਗੁੰਜਾਇਸ਼ ਬਣ ਜਾਂਦੀ ਹੈ ਅਤੇ ਐੱਨ. ਡੀ. ਏ. ਦੇ ਕਈ ਸਾਥੀ ਮੁੜ ਤੋਂ ਵਿਰੋਧੀ ਧਿਰ ਦੇ ਪਾਲੇ ’ਚ ਚਲੇ ਜਾਂਦੇ ਹਨ ਤਾਂ ਖੇਡ ਮਨੋਰੰਜਕ ਹੋਵੇਗੀ।


ਭਾਜਪਾਈ ਹੋ ਰਹੇ ਹਨ ਦਿੱਲੀ ਦੇ ਵੱਡੇ ਸਿੱਖ ਚਿਹਰੇ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਰਾਸ਼ਟਰੀ ਨੇਤਾ ਰਹੇ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ’ਚ ਸ਼ਾਮਲ ਹੋਣ ਦਾ ਸ਼ੁਰੂ ਹੋਇਆ ਸਿਲਸਿਲਾ ਲਗਾਤਾਰ ਜਾਰੀ ਹੈ। ਸਿਰਸਾ ਦੇ ਬਾਅਦ 1984 ਸਿੱਖ ਦੰਗਾ ਪੀੜਤਾਂ ਨੂੰ ਨਿਆਂ ਦਿਵਾਉਣ ਦੀ ਲੜਾਈ ਲੜ ਰਹੇ ਕੁਲਦੀਪ ਸਿੰਘ ਭੋਗਲ ਅਤੇ ਹੁਣ ਗੁਰੂ ਸਿੰਘ ਸਭਾ ਦੇ ਮੁਖੀ ਤੇ ਦਿੱਲੀ ਤੋਂ 3 ਵਾਰ ਵਿਧਾਇਕ ਰਹੇ ਸਿੱਖ ਨੇਤਾ ਤਰਵਿੰਦਰ ਸਿੰਘ ਮਾਰਵਾਹ ਭਾਜਪਾਈ ਹੋ ਗਏ। ਮਾਰਵਾਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ, ਨਾਲ ਹੀ ਸਿੱਖ ਸਿਆਸਤ ’ਚ ਦਖ਼ਲ ਵੀ ਰੱਖਦੇ ਹਨ। ਉਨ੍ਹਾਂ ਦਾ ਅਚਾਨਕ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣਾ ਸਿੱਖ ਸਿਆਸਤ ’ਚ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਟੋਕਰੀ ਲੈ ਕੇ ਸੰਗਤਾਂ ਦਰਮਿਆਨ ਜਾਵੇਗਾ ਅਕਾਲੀ ਦਲ

ਸੁਖਬੀਰ ਸਿੰਘ ਬਾਦਲ ਦੀ ਪਾਰਟੀ ਛੱਡ ਕੇ ਦਿੱਲੀ ’ਚ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ (ਦਿੱਲੀ-ਸਟੇਟ) ਬਣਾਉਣ ਵਾਲੇ ਡੀ. ਐੱਸ. ਜੀ. ਐੱਮ. ਸੀ. ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਉਨ੍ਹਾਂ ਦੇ ਸਹਿਯੋਗੀ ਟੋਕਰੀ ਲੈ ਕੇ ਸੰਗਤਾਂ ਦਰਮਿਆਨ ਪਾਰਟੀ ਦਾ ਵਿਸਤਾਰ ਕਰਨ ਜਾਣਗੇ। ਬਾਅਦ ’ਚ ਇਸੇ ਟੋਕਰੀ ’ਚ ਵੋਟਾਂ ਵੀ ਮੰਗਣਗੇ। ਟੋਕਰੀ ਉਨ੍ਹਾਂ ਦੀ ਪਾਰਟੀ ਦਾ ਨਵਾਂ ਚੋਣ ਨਿਸ਼ਾਨ ਹੈ। ਹੁਣ ਤੱਕ ਬਾਦਲ ਦੀ ਪਾਰਟੀ ’ਚ ਵੋਟ ਮੰਗਦੇ ਸਨ। ਟੋਕਰੀ ਚੋਣ ਨਿਸ਼ਾਨ ਦੀ ਰਸਮੀ ਲਾਂਚਿੰਗ 16 ਜੁਲਾਈ ਨੂੰ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ’ਚ ਕੀਤੀ ਜਾਣੀ ਹੈ। ਇਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਮੌਕੇ ’ਤੇ ਵੱਡੇ-ਵੱਡੇ ਮਹਾਰਥੀ ਨੇਤਾ ਸ਼ਾਮਲ ਹੋ ਸਕਦੇ ਹਨ। ਪਾਰਟੀ ਦਾ ਕੀ ਸਰੂਪ ਹੋਵੇਗਾ, ਇਸ ਦਾ ਖੁਲਾਸਾ ਵੀ ਇਸੇ ਜਲਸੇ ’ਚ ਕੀਤਾ ਜਾਵੇਗਾ ।

ਉਪ-ਰਾਸ਼ਟਰਪਤੀ ਦੇ ਅਹੁਦੇ ’ਤੇ ਸਿੱਖ ਚਿਹਰੇ ਨੂੰ ਮਿਲੇ ਮੌਕਾ

ਰਾਸ਼ਟਰਪਤੀ ਅਹੁਦੇ ਦੀ ਚੋਣ ’ਚ ਆਦਿਵਾਸੀ ਨੇਤਾ ਦ੍ਰੌਪਦੀ ਮੁਰਮੂ ਨੂੰ ਐੱਨ. ਡੀ. ਏ. ਵੱਲੋਂ ਉਮੀਦਵਾਰ ਬਣਾਏ ਜਾਣ ਦੇ ਬਾਅਦ ਹੁਣ ਉਪ-ਰਾਸ਼ਟਰਪਤੀ ਅਹੁਦੇ ’ਤੇ ਕਿਸੇ ਸਿੱਖ ਚਿਹਰੇ ਨੂੰ ਉਮੀਦਵਾਰ ਬਣਾਉਣ ਦੀ ਮੰਗ ਸਿੱਖ ਹਲਕਿਆਂ ਤੇ ਸੰਗਠਨਾਂ ’ਚ ਉੱਠਣ ਲੱਗੀ ਹੈ। ਸਿੱਖ ਸੰਗਠਨ ਦਾ ਕਹਿਣਾ ਹੈ ਕਿ ਉਪ-ਰਾਸ਼ਟਰਪਤੀ ਅਹੁਦਾ ਸਨਮਾਨਿਤ ਅਹੁਦਾ ਹੁੰਦਾ ਹੈ, ਇਸ ਲਈ ਕਿਸੇ ਸਿੱਖ ਵਿਦਵਾਨ ਨੂੰ ਇਹ ਅਹੁਦਾ ਦਿੱਤਾ ਜਾਣਾ ਚਾਹੀਦਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਅਦ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖ਼ਾਸ ਕਰ ਕੇ ਅਪੀਲ ਕੀਤੀ ਹੈ ਕਿ ਉਪ-ਰਾਸ਼ਟਰਪਤੀ ਅਹੁਦੇ ਲਈ ਕਿਸੇ ਸਿੱਖ ਭਾਈਚਾਰੇ ਦੇ ਚਿਹਰੇ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਹੁਣ ਤੱਕ ਕਦੀ ਵੀ ਕੋਈ ਸਿੱਖ ਉਪ-ਰਾਸ਼ਟਰਪਤੀ ਨਹੀਂ ਬਣਿਆ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਿਸੱਖਾਂ ਲਈ ਮਾਣ ਵਾਲੀ ਗੱਲ ਹੋਵੇਗੀ।

ਸੁਨੀਲ ਪਾਂਡੇ


author

Harnek Seechewal

Content Editor

Related News