ਭਾਰਤ ਨੇ ਮੁੜ ਦਿਖਾਇਆ ਵੱਡਾ ਦਿਲ, ਕਿਹਾ- ਇਸ ਮੁਸ਼ਕਲ ਸਮੇਂ ਅਸੀਂ ਅਫ਼ਗਾਨਿਸਤਾਨ ਦੀ ਮਦਦ ਲਈ ਤਿਆਰ

06/24/2022 2:44:29 PM

ਨੈਸ਼ਨਲ ਨਿਊਜ਼ (ਭਾਸ਼ਾ)- ਅਫ਼ਗਾਨਿਸਤਾਨ 'ਚ ਭਿਆਨਕ ਭੂਚਾਲ ਕਾਰਨ ਹੋਈ ਤਬਾਹੀ ਦਰਮਿਆਨ ਭਾਰਤ ਨੇ ਕਿਹਾ ਹੈ ਕਿ ਉਹ ਇਸ ਮੁਸ਼ਕਲ ਸਮੇਂ 'ਚ ਅਫ਼ਗਾਨਿਸਤਾਨ ਦੇ ਲੋਕਾਂ ਦੀ ਮਦਦ ਕਰਨ ਲਈ ਤਿਆਰ ਹੈ। ਅਫ਼ਗਾਨਿਸਤਾਨ 'ਚ ਭਿਆਨਕ ਭੂਚਾਲ ਕਾਰਨ ਲਗਭਗ 1000 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਘਰ ਤਬਾਹ ਹੋ ਗਏ ਹਨ, ਜਿਸ ਨਾਲ ਵੱਡੀ ਗਿਣਤੀ 'ਚ ਲੋਕ ਬੇਘਰ ਹੋ ਗਏ ਹਨ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐਸ. ਤਿਰੁਮੂਰਤੀ ਨੇ ਵੀਰਵਾਰ ਨੂੰ ਅਫ਼ਗਾਨਿਸਤਾਨ 'ਤੇ ਸੁਰੱਖਿਆ ਪ੍ਰੀਸ਼ਦ ਦੀ ਬੈਠਕ 'ਚ ਕਿਹਾ, 'ਮੈਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਅਫ਼ਗਾਨਿਸਤਾਨ 'ਚ ਆਏ ਭਿਆਨਕ ਭੂਚਾਲ ਤੋਂ ਪ੍ਰਭਾਵਿਤ ਹਰ ਵਿਅਕਤੀ ਪ੍ਰਤੀ ਸੰਵੇਦਨਾ ਪ੍ਰਗਟ ਕਰਨਾ ਚਾਹੁੰਦਾ ਹਾਂ। ਭਾਰਤ ਅਫ਼ਗਾਨਿਸਤਾਨ ਦੇ ਲੋਕਾਂ ਦੀ ਦੁਰਦਸ਼ਾ ਨੂੰ ਸਮਝਦਾ ਹੈ ਅਤੇ ਇਸ ਮੁਸ਼ਕਲ ਸਮੇਂ 'ਚ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।

ਇਸ ਤੋਂ ਪਹਿਲਾਂ, ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਸੀ,''ਅਫ਼ਗਾਨਿਸਤਾਨ ਦੇ ਲੋਕਾਂ ਲਈ ਭਾਰਤ ਵਲੋਂ ਭੂਚਾਲ ਰਾਹਤ ਮਦਦ ਦੀ ਪਹਿਲੀ ਖੇਪ ਕਾਬੁਲ ਪਹੁੰਚ ਗਈ ਹੈ। ਇਸ ਨੂੰ ਉੱਥੇ ਭਾਰਤੀ ਦਲ ਨੂੰ ਸੌਂਪ ਦਿੱਤਾ ਗਿਆ ਹੈ। ਹਾਲੇ ਹੋਰ ਮਦਦ ਭੇਜੀ ਜਾਵੇਗੀ।'' ਅਫ਼ਗਾਨਿਸਤਾਨ ਦੇ ਮੱਧ ਖੇਤਰ 'ਚ ਬੁੱਧਵਾਰ ਤੜਕੇ 5.9 ਤੀਬਰਤਾ ਦਾ ਭੂਚਾਲ ਆਇਆ ਸੀ। ਪਕਿਤਕਾ ਸੂਬੇ ਦੇ ਚਾਰ ਜ਼ਿਲ੍ਹਿਆਂ ਗਯਾਨ, ਬਰਮਾਲਾ, ਨਾਕਾ ਅਤੇ ਜਿਰੂਕ ਦੇ ਨਾਲ-ਨਾਲ ਖੋਸਤ ਸੂਬੇ ਦੇ ਸਪੇਰਾ ਜ਼ਿਲ੍ਹੇ 'ਚ ਵੀ ਇਸ ਦਾ ਅਸਰ ਦਿੱਸਿਆ। ਸੰਯੁਕਤ ਰਾਸ਼ਟਰ ਦੀ ਮਨੁੱਖੀ ਏਜੰਸੀ 'ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦਫ਼ਤਰ' (ਓ.ਸੀ.ਐੱਚ.ਏ.) ਨੇ ਕਿਹਾ ਕਿ ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਘੱਟੋ-ਘੱਟ 1000 ਲੋਕ ਮਾਰੇ ਗਏ ਅਤੇ ਕਈ ਲੋਕ ਬੇਘਰ ਹੋ ਗਏ ਹਨ। ਕਰੀਬ 2 ਹਜ਼ਾਰ ਮਕਾਨ ਤਬਾਹ ਹੋਏ ਹਨ। ਤਿਰੁਮੂਰਤੀ ਨੇ ਕਿਹਾ ਕਿ ਭਾਰਤ ਨੇ ਸੁਰੱਖਿਆ ਪ੍ਰੀਸ਼ਦ ਦੇ  ਪ੍ਰਸਤਾਵ 2615 ਦਾ ਸਮਰਥਨ ਕੀਤਾ ਹੈ, ਜੋ ਅਫ਼ਗਾਨਿਸਤਾਨ ਨੂੰ ਮਨੁੱਖੀ ਮਦਦ ਪ੍ਰਦਾਨ ਕਰਨ ਦੇ ਨਾਲ ਹੀ ਇਹ ਯਕੀਨੀ ਕਰਦਾ ਹੈ ਕਿ ਸੁਰੱਖਿਆ ਪ੍ਰੀਸ਼ਦ ਫੰਡ ਦੇ ਸੰਭਾਵਿਤ ਗਲਤ ਇਸਤੇਮਾਲ ਅਤੇ ਦਿੱਤੀ ਗਈ ਛੋਟ ਦੇ ਕਿਸੇ ਵੀ ਗਲਤ ਇਸਤੇਮਾਲ ਦੇ ਸੰਬੰਧ 'ਚ ਬਾਡੀ ਆਪਣੀ ਨਿਗਰਾਨੀ ਜਾਰੀ ਰਖੇਗਾ। ਤਿਰੁਮੂਰਤੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਮੇਸ਼ਾ ਦੀ ਤਰ੍ਹਾਂ ਅਫ਼ਗਾਨਿਸਤਾਨ ਦੇ ਪ੍ਰਤੀ ਭਾਰਤ ਦਾ ਰਵੱਈਆ ਉਸ ਦੀ ਇਤਿਹਾਸਕ ਦੋਸਤੀ ਅਤੇ ਅਫ਼ਗਾਨਿਸਤਾਨ ਦੇ ਲੋਕਾਂ ਨਾਲ ਵਿਸ਼ੇਸ਼ ਸੰਬੰਧਾਂ 'ਤੇ ਆਧਾਰਤ ਹੈ।


DIsha

Content Editor

Related News