ਹੁਣ ਤੱਕ 35 ਆਗੂ ਛੱਡ ਚੁੱਕੇ ਹਨ ਆਮ ਆਦਮੀ ਪਾਰਟੀ! ਪੰਜਾਬ ਤੋਂ ਸਭ ਤੋਂ ਵਧੇਰੇ
Friday, Apr 24, 2026 - 09:40 PM (IST)
ਨਵੀਂ ਦਿੱਲੀ/ਜਲੰਧਰ : ਆਮ ਆਦਮੀ ਪਾਰਟੀ (ਆਪ) ਨੂੰ ਅੱਜ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਿਆ ਜਦੋਂ ਪਾਰਟੀ ਦੇ ਦਿੱਗਜ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਆਪਣੇ ਸਾਥੀ ਸੰਸਦ ਮੈਂਬਰਾਂ ਸਮੇਤ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ। ਚੱਢਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਸਮੇਤ 'ਆਪ' ਦੇ 7 ਸੰਸਦ ਮੈਂਬਰਾਂ ਨੇ ਪਾਰਟੀ ਛੱਡ ਦਿੱਤੀ ਹੈ, ਜਿਨ੍ਹਾਂ ਵਿੱਚੋਂ 6 ਸੰਸਦ ਮੈਂਬਰ ਪੰਜਾਬ ਨਾਲ ਸਬੰਧਤ ਹਨ।
ਭਾਜਪਾ ਵਿੱਚ ਸ਼ਾਮਲ ਹੋਣ ਮੌਕੇ ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਗਠਨ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਹੋਇਆ ਸੀ, ਪਰ ਹੁਣ ਇਹ ਪਾਰਟੀ ਆਪਣੇ ਮੂਲ ਟੀਚੇ ਨੂੰ ਭੁੱਲ ਚੁੱਕੀ ਹੈ। ਉਨ੍ਹਾਂ ਦੇ ਨਾਲ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਸੰਦੀਪ ਪਾਠਕ ਅਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਹੈ। ਇਸ ਤੋਂ ਇਲਾਵਾ ਹਰਭਜਨ ਸਿੰਘ, ਰਾਜਿੰਦਰ ਗੁਪਤਾ ਅਤੇ ਵਿਕਰਮਜੀਤ ਸਿੰਘ ਸਾਹਨੀ ਵਰਗੇ ਵੱਡੇ ਨਾਵਾਂ ਦੇ ਵੀ ਪਾਰਟੀ ਛੱਡਣ ਦੀ ਚਰਚਾ ਹੈ।
ਹੁਣ ਤੱਕ 35 ਵੱਡੇ ਆਗੂ ਛੱਡ ਚੁੱਕੇ ਹਨ ਪਾਰਟੀ
ਸਰੋਤਾਂ ਅਨੁਸਾਰ, 2012 ਵਿੱਚ ਪਾਰਟੀ ਦੇ ਗਠਨ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਨਾਲ ਮਤਭੇਦਾਂ ਕਾਰਨ 35 ਵੱਡੇ ਚਿਹਰੇ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 20 ਆਗੂ ਪੰਜਾਬ ਦੇ ਹਨ। ਪਾਰਟੀ ਛੱਡਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਸੰਸਥਾਪਕ ਮੈਂਬਰ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਸ਼ਾਂਤੀ ਭੂਸ਼ਣ, ਅਤੇ ਕੁਮਾਰ ਵਿਸ਼ਵਾਸ ਵਰਗੇ ਨਾਮ ਸ਼ਾਮਲ ਹਨ।
ਪੰਜਾਬ ਇਕਾਈ 'ਚ ਵੱਡੀ ਬਗਾਵਤ
ਪੰਜਾਬ ਵਿੱਚ 'ਆਪ' ਨੂੰ ਪਹਿਲਾਂ ਵੀ ਕਈ ਵਾਰ ਅਜਿਹੇ ਝਟਕੇ ਲੱਗ ਚੁੱਕੇ ਹਨ। ਪਾਰਟੀ ਛੱਡਣ ਵਾਲੇ ਪੰਜਾਬ ਦੇ ਪ੍ਰਮੁੱਖ ਨੇਤਾਵਾਂ ਵਿੱਚ ਸੁੱਚਾ ਸਿੰਘ ਛੋਟੇਪੁਰ, ਐਡਵੋਕੇਟ ਐਚ.ਐਸ. ਫੂਲਕਾ, ਗੁਰਪ੍ਰੀਤ ਘੁੱਗੀ, ਡਾ. ਧਰਮਵੀਰ ਗਾਂਧੀ ਅਤੇ ਸੁਖਪਾਲ ਸਿੰਘ ਖਹਿਰਾ ਸ਼ਾਮਲ ਹਨ। ਜ਼ਿਆਦਾਤਰ ਆਗੂਆਂ ਨੇ ਪਾਰਟੀ ਦੇ ਅੰਦਰੂਨੀ ਲੋਕਤੰਤਰ ਦੀ ਕਮੀ ਅਤੇ ਟਿਕਟਾਂ ਦੀ ਵੰਡ ਵਿੱਚ ਬੇਨਿਯਮੀਆਂ ਦੇ ਦੋਸ਼ ਲਗਾਏ ਹਨ।
ਤਾਜ਼ਾ ਵਿਵਾਦ ਅਤੇ ਸਿਆਸੀ ਹਲਚਲ
ਹਾਲ ਹੀ ਵਿੱਚ ਸਵਾਤੀ ਮਾਲੀਵਾਲ ਵੱਲੋਂ ਲਗਾਏ ਗਏ ਕੁੱਟਮਾਰ ਦੇ ਦੋਸ਼ਾਂ ਤੇ ਪਾਰਟੀ ਅੰਦਰ ਚੱਲ ਰਹੀ ਖਿੱਚੋਤਾਣ ਨੇ ਇਸ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਰਾਘਵ ਚੱਢਾ ਦੇ ਇਸ ਕਦਮ ਨਾਲ ਪੰਜਾਬ ਅਤੇ ਦਿੱਲੀ ਦੀ ਸਿਆਸਤ ਵਿੱਚ ਨਵਾਂ ਭੂਚਾਲ ਆ ਗਿਆ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ 'ਆਪ' ਲਈ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
