BSF ਹੈੱਡਕੁਆਰਟਰ ਧਮਾਕਾ: ਜਾਂਚ ਲਈ ਕੇਂਦਰੀ ਏਜੰਸੀਆਂ ਨੇ ਕੱਸੀ ਕਮਰ, ਦਿੱਲੀ ਤੱਕ ਹੋਈਆਂ ਛਾਪੇਮਾਰੀਆਂ
Sunday, May 10, 2026 - 07:01 AM (IST)
ਜਲੰਧਰ (ਜ.ਬ.) : ਬੀਤੇ ਮੰਗਲਵਾਰ ਦੇਰ ਸ਼ਾਮ 8 ਵਜੇ ਬੀ. ਐੱਸ. ਐੱਫ. ਦੇ ਹੈੱਡਕੁਆਰਟਰ ਦੇ ਬਾਹਰ ਹੋਏ ਆਈ. ਈ. ਡੀ. ਧਮਾਕਾ ਕੇਸ ਦੀ ਜਾਂਚ ਕੇਂਦਰ ਦੀਆਂ ਜਾਂਚ ਏਜੰਸੀਆਂ ਨੇ ਸੰਭਾਲ ਲਈ ਹੈ। ਹਾਲਾਂਕਿ ਪੰਜਾਬ ਦੀਆਂ ਏਜੰਸੀਆਂ ਅਤੇ ਜਲੰਧਰ ਪੁਲਸ ਵੀ ਇਸ ਕੇਸ ਨੂੰ ਟਰੇਸ ਕਰਨ ਲਈ ਜੁਟੀ ਹੋਈ ਹੈ ਪਰ ਜੇਕਰ ਕੋਈ ਅਹਿਮ ਇਨਪੁੱਟ ਆਉਣ ਦੀ ਉਮੀਦ ਹੈ ਤਾਂ ਉਹ ਹੁਣ ਕੇਂਦਰ ਦੀਆਂ ਜਾਂਚ ਏਜੰਸੀਆਂ ’ਤੇ ਹੀ ਟਿਕੀ ਹੈ।
ਅਜੇ ਤੱਕ ਪੁਲਸ ਨੇ ਜਿੰਨੇ ਵੀ ਸੀ. ਸੀ. ਟੀ. ਵੀ. ਕੈਮਰੇ ਛਾਣੇ ਹਨ, ਉਸ ਤੋਂ ਅਜੇ ਤੱਕ ਕੋਈ ਵੀ ਠੋਸ ਇਨਪੁੱਟ ਨਹੀਂ ਮਿਲਿਆ। ਪੁਲਸ ਧਮਾਕੇ ਤੋਂ ਪਹਿਲਾਂ ਜਿਹੜੇ-ਜਿਹੜੇ ਆਟੋਜ਼ ਤੋਂ ਉਤਰਨ ਅਤੇ ਚੜ੍ਹਨ ਵਾਲੇ ਵਿਅਕਤੀਆਂ ਦੀ ਪਛਾਣ ਕਰ ਰਹੀ ਹੈ, ਉਨ੍ਹਾਂ ਨੂੰ ਜਾਂਚ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਜਲੰਧਰ ਪੁਲਸ ਨੇ ਵੀ ਘਟਨਾ ਦੇ ਸਮੇਂ ਐਕਟਿਵ ਮੋਬਾਈਲਾਂ ਦਾ ਡੰਪ ਡਾਟਾ ਕਢਵਾਇਆ ਹੈ ਪਰ ਉਹ ਡਾਟਾ ਕੇਂਦਰੀ ਜਾਂਚ ਏਜੰਸੀਆਂ ਵੀ ਅੱਗੇ ਫਾਰਵਰਡ ਕਰਨਗੀਆਂ, ਪਰ ਇਥੇ ਆਉਣ ਤੋਂ ਪਹਿਲਾਂ ਕੇਂਦਰੀ ਜਾਂਚ ਏਜੰਸੀਆਂ ਨੇ ਡਾਟਾ ਕਢਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲੰਧਰ ਦੇ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਕੁਝ ਇਨਪੁੱਟਸ ’ਤੇ ਦਿੱਲੀ ਵਿਚ ਵੀ ਰੇਡ ਕੀਤੀ ਪਰ ਉੱਥੋਂ ਕੋਈ ਸਫਲਤਾ ਹਾਸਲ ਨਹੀਂ ਹੋਈ ਹੈ। ਜਲੰਧਰ ਪੁਲਸ ਛੋਟੇ-ਛੋਟੇ ਇਨਪੁੱਟ ਨੂੰ ਨਜ਼ਰਅੰਦਾਜ਼ ਨਹੀਂ ਕਰ ਰਹੀ ਅਤੇ ਟੀਮਾਂ ਕਈ ਬਿੰਦੂਆਂ ’ਤੇ ਜਾਂਚ ਕਰ ਰਹੀਆਂ ਹਨ। ਹੁਣ ਤੱਕ ਹੋਈ ਜਾਂਚ ਵਿਚ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਬੀਤੇ ਚਾਰ ਦਿਨਾਂ ਵਿਚ ਪੁਲਸ ਦੇ ਹੱਥ ਖਾਲੀ ਹੀ ਹਨ। ਪੁਲਸ ਨੇ ਸ਼ਨੀਵਾਰ ਨੂੰ ਤਿੰਨ ਤੋਂ ਚਾਰ ਲੋਕਾਂ ਤੋਂ ਪੁੱਛਗਿੱਛ ਕੀਤੀ ਪਰ ਕੋਈ ਸਫਲਤਾ ਹਾਸਲ ਨਹੀਂ ਹੋਈ।
ਇਹ ਵੀ ਪੜ੍ਹੋ : ਸ਼ਿਕਾਇਤ ਦੀ ਜਾਂਚ ਕਰਨ ਪੁੱਜੀ ਪੁਲਸ ਟੀਮ ’ਤੇ ਜਾਨਲੇਵਾ ਹਮਲਾ, ਮੁਲਾਜ਼ਮ ਲਹੂ-ਲੁਹਾਨ
ਜਲੰਧਰ ਤੇ ਅੰਮ੍ਰਿਤਸਰ 'ਚ ਹੋਏ ਧਮਾਕਿਆਂ ਪਿੱਛੇ ਇੱਕੋ ਵਿਅਕਤੀ ਦਾ ਹੱਥ?
ਪੁਲਸ ਨੂੰ ਇਹ ਵੀ ਸ਼ੱਕ ਹੈ ਕਿ ਜਲੰਧਰ ਤੋਂ ਬਾਅਦ ਅੰਮ੍ਰਿਤਸਰ ਵਿਚ ਆਰਮੀ ਕੈਂਪ ਦੇ ਬਾਹਰ ਗ੍ਰੇਨੇਡ ਹਮਲਾ ਕਰਨ ਵਾਲਾ ਮੁਲਜ਼ਮ ਇਕ ਹੀ ਹੈ। ਕਾਰਨ ਇਹ ਹੈ ਕਿ ਦੋਵਾਂ ਧਮਾਕਿਆਂ ਵਿਚ ਤਿੰਨ ਘੰਟਿਆਂ ਦੇ ਕਰੀਬ ਦਾ ਅੰਤਰ ਹੈ। ਸ਼ੱਕ ਹੈ ਕਿ ਜਲੰਧਰ ਵਿਚ ਧਮਾਕਾ ਕਰਨ ਵਾਲਾ ਵਿਅਕਤੀ ਬੱਸ ਰਾਹੀਂ ਅੰਮ੍ਰਿਤਸਰ ਪਹੁੰਚਿਆ ਅਤੇ ਜਲੰਧਰ ਵਿਚ ਧਮਾਕੇ ਦੇ ਤਿੰਨ ਘੰਟਿਆਂ ਬਾਅਦ ਜਾ ਕੇ ਅੰਮ੍ਰਿਤਸਰ ਵਿਚ ਗ੍ਰੇਨੇਡ ਸੁੱਟਿਆ ਗਿਆ। ਅੰਮ੍ਰਿਤਸਰ ਵਿਚ ਜਿਸ ਜਗ੍ਹਾ ਧਮਾਕਾ ਹੋਇਆ, ਉਹ ਦਿਹਾਤੀ ਇਲਾਕਾ ਹੈ, ਜਿੱਥੇ ਤਿੰਨ ਕਿਲੋਮੀਟਰ ਤੱਕ ਕੋਈ ਸੀ. ਸੀ. ਟੀ. ਵੀ. ਕੈਮਰਾ ਨਹੀਂ ਲੱਗਾ ਹੋਇਆ, ਜਿਸ ਕਾਰਨ ਅੰਮ੍ਰਿਤਸਰ ਧਮਾਕੇ ਨੂੰ ਲੈ ਕੇ ਕੋਈ ਸੀ. ਸੀ. ਟੀ. ਵੀ. ਫੁਟੇਜ ਨਹੀਂ ਮਿਲੀ। ਸੂਤਰਾਂ ਦੀ ਮੰਨੀਏ ਤਾਂ ਅੰਮ੍ਰਿਤਸਰ ਅਤੇ ਜਲੰਧਰ ਪੁਲਸ ਇਕੱਠੀਆਂ ਮਿਲ ਕੇ ਵੀ ਇਸ ਕੇਸ ਦੀ ਜਾਂਚ ਕਰ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
